DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੱਡੀ ਸਿਆਸੀ ਖੇਡ

ਵਿੱਤ ਮਾਮਲਿਆਂ ਬਾਰੇ ਉੱਘੇ ਪੱਤਰਕਾਰ ਟੀ.ਐੱਨ. ਨੈਨਾਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਅਰਥਚਾਰੇ ਬਾਰੇ ਪਰ੍ਹੇ ’ਚ ਗੱਲ ਨਾ ਹੀ ਕਰੀਏ ਤਾਂ ਬਿਹਤਰ ਹੋਵੇਗਾ, ਪਰ ਸਰਕਾਰ ਦੀ ਸੱਭਿਆਚਾਰਕ ਉਚਾਈਆਂ ਤੱਕ ਪਹੁੰਚਣ ਦੀ ਅਟੱਲ ਇੱਛਾ ਅਜੇ ਵੀ ਕਾਇਮ...

  • fb
  • twitter
  • whatsapp
  • whatsapp
Advertisement

ਵਿੱਤ ਮਾਮਲਿਆਂ ਬਾਰੇ ਉੱਘੇ ਪੱਤਰਕਾਰ ਟੀ.ਐੱਨ. ਨੈਨਾਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਅਰਥਚਾਰੇ ਬਾਰੇ ਪਰ੍ਹੇ ’ਚ ਗੱਲ ਨਾ ਹੀ ਕਰੀਏ ਤਾਂ ਬਿਹਤਰ ਹੋਵੇਗਾ, ਪਰ ਸਰਕਾਰ ਦੀ ਸੱਭਿਆਚਾਰਕ ਉਚਾਈਆਂ ਤੱਕ ਪਹੁੰਚਣ ਦੀ ਅਟੱਲ ਇੱਛਾ ਅਜੇ ਵੀ ਕਾਇਮ ਹੈ। ਅਜਿਹੇ ਸਮੇਂ ’ਤੇ ਭਾਰਤ ਆਪਣੇ ਸਭ ਤੋਂ ਅਹਿਮ ਵਿਦੇਸ਼ੀ ਭਾਈਵਾਲ ਸੰਯੁਕਤ ਰਾਜ ਅਮਰੀਕਾ ਨਾਲ ਸਿਆਸੀ ਖਿੱਚੋਤਾਣ ਵਿੱਚ ਉਲਝਿਆ ਹੋਇਆ ਹੈ। ਆਸ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਅਜਾਇਬਘਰ ਦੀ ਪਹਿਲੀ ਗੈਲਰੀ ‘ਯੁਗੇ ਯੁਗੀਨ ਭਾਰਤ’ ਸਾਲ ਦੇ ਅੰਤ ਤੱਕ ਖੁੱਲ੍ਹ ਜਾਵੇਗੀ।

ਇਸ ਦਾ ਪੈਮਾਨਾ ਨਿਸ਼ਚਿਤ ਤੌਰ ’ਤੇ ਬਹੁਤ ਵੱਡਾ ਹੈ। ਲੁਟੀਅਨ’ਜ਼ ਦਿੱਲੀ ਦੇ ਕੇਂਦਰ ਵਿੱਚ ਸਥਿਤ ਬਰਤਾਨਵੀ ਰਾਜ ਦੀਆਂ ਜਿਹੜੀਆਂ ਇਮਾਰਤਾਂ ਵਿੱਚ ਪਿਛਲੇ ਸੌ ਸਾਲਾਂ ਤੋਂ ਦੇਸ਼ ਦੇ ਸਿਖਰਲੇ ਅਫਸਰਸ਼ਾਹ ਰਹਿੰਦੇ ਰਹੇ ਹਨ, ਨੌਰਥ ਬਲਾਕ ਤੇ ਸਾਊਥ ਬਲਾਕ ਦੀਆਂ ਉਨ੍ਹਾਂ ਇਮਾਰਤਾਂ ’ਚ 30 ਗੈਲਰੀਆਂ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਅਜੋਕੇ ਭਾਰਤ ਦੀ ਕਹਾਣੀ ਦੱਸਣ ਵਾਲੀਆਂ 1,00,000 ਕਲਾਕ੍ਰਿਤਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

Advertisement

ਅਜਾਇਬਘਰ ’ਚ ਕੁਝ ਤਾਂ ਅਜਿਹਾ ਹੈ, ਜੋ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਦਿਲ ਨੂੰ ਛੂਹ ਗਿਆ ਹੈ। ਸ਼ਾਇਦ, ਬਹੁਜਨ ਸਮਾਜ ਪਾਰਟੀ ਦੀ ਦਲਿਤ ਆਗੂ ਮਾਇਆਵਤੀ, ਜਿਨ੍ਹਾਂ ਦੀਆਂ ਆਪਣੀਆਂ ਅਤੇ ਉਨ੍ਹਾਂ ਦੇ ਸਿਆਸੀ ਉਸਤਾਦਾਂ ਬਾਬੂ ਕਾਂਸ਼ੀ ਰਾਮ ਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਲਖਨਊ ਤੇ ਦਿੱਲੀ ਦੇ ਬਾਹਰਵਾਰ ਬਣੀਆਂ ਮੂਰਤੀਆਂ ਸਾਫ਼ ਸਫ਼ਾਈ ਨਾ ਹੋੋਣ ਕਾਰਨ ਗੰਦੀਆਂ-ਮੰਦੀਆਂ ਹਨ, ਵਾਂਗੂੰ ਸ੍ਰੀ ਮੋਦੀ ਵੀ ਇਹੋ ਮੰਨਦੇ ਹਨ ਕਿ ਕਿਸੇ ਨੂੰ ਇਹ ਚੰਗੀਆਂ ਲੱਗਣ ਜਾਂ ਨਾ, ਪਰ ਯਾਦਗਾਰਾਂ ਸਦਾ ਕਾਇਮ ਰਹਿੰਦੀਆਂ ਹਨ। (ਜਦੋਂ 1991 ਦੇ ਅਖੀਰ ਵਿੱਚ ਸੋਵੀਅਤ ਯੂਨੀਅਨ ਦਾ ਪਤਨ ਤੈਅ ਸੀ ਤਾਂ ਸ਼ਾਇਦ ਇਸੇ ਲਈ ਇਨਕਲਾਬ ਵਿਰੋਧੀਆਂ ਨੇ ਸਭ ਤੋਂ ਪਹਿਲਾਂ ਲੈਨਿਨ ਅਤੇ ਮਾਰਕਸ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਇਆ।) ਇਸੇ ਲਈ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਪਿਛਲੇ 11 ਸਾਲਾਂ ਵਿੱਚ ਨਵੀਂ ਦਿੱਲੀ ਨੂੰ ਹੌਲੀ-ਹੌਲੀ ਨਵਾਂ ਰੂਪ ਦਿੱਤਾ ਜਾਂਦਾ ਰਿਹਾ ਹੈ।

Advertisement

ਪ੍ਰਧਾਨ ਮੰਤਰੀ ਸੰਗ੍ਰਹਿਆਲਯ ਵਿੱਚ ਸ੍ਰੀ ਮੋਦੀ ਸਮੇਤ ਭਾਰਤ ਦੇ ਹਰ ਪ੍ਰਧਾਨ ਮੰਤਰੀ ਬਾਰੇ ਗੈਲਰੀਆਂ ਹਨ। ਇਸ ਬਾਰੇ ਸੂਚਨਾ ਦਿੱਲੀ ਪਹੁੰਚਣ ਵਾਲੀਆਂ ਸ਼ਤਾਬਦੀ ਰੇਲਗੱਡੀਆਂ ਦੀ ਜਨਤਕ ਸੰਬੋਧਨ ਪ੍ਰਣਾਲੀ ਰਾਹੀਂ ਦਿੱਤੀ ਜਾਂਦੀ ਹੈ। ਇਉਂ, ਆਰ ਐੱਸ ਐੱਸ ਅਤੇ ਭਾਜਪਾ ਦੀ ਇੱਛਾ ਇਨ੍ਹਾਂ ਸਾਰੀਆਂ ਗੈਲਰੀਆਂ ਅਤੇ ‘ਯੁਗੇ ਯੁਗੀਨ ਭਾਰਤ’ ਰਾਹੀਂ ਇੱਕ ਵਿਸ਼ੇਸ਼ ਯਾਦਗਾਰ ਬਣਾਉਣ ਦੀ ਹੈ। ਦਰਅਸਲ, ਗੱਲ ਇਹ ਹੈ ਕਿ ਭਾਜਪਾ ਲਈ ਕੁਝ ਵੀ ਛੋਟਾ ਨਹੀਂ ਹੈ। ਇਸੇ ਲਈ ਦਸੰਬਰ ਦੇ ਆਖ਼ਰੀ ਹਫ਼ਤੇ ਜਲੰਧਰ ਵਿੱਚ ਹਰਵੱਲਭ ਸੰਗੀਤ ਸੰਮੇਲਨ ਦੀ 150ਵੀਂ ਵਰ੍ਹੇਗੰਢ ਮੌਕੇ ਸੱਭਿਆਚਾਰ ਮੰਤਰੀ ਗਜੇਂਦਰ ਸ਼ੇਖਾਵਤ ਨਿੱਜੀ ਤੌਰ ’ਤੇ ਸ਼ਾਮਲ ਨਾ ਹੋ ਸਕੇ ਤਾਂ ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਭੇਜਿਆ ਕਿ ਸਰਕਾਰ ਭਾਰਤ ਦੇ ਸਭ ਤੋਂ ਪੁਰਾਣੇ ਸੰਗੀਤ ਸੰਮੇਲਨ ਲਈ ਆਡੀਟੋਰੀਅਮ ਬਣਾਉਣ ਦੀ ਖ਼ੁਸ਼ੀ ਲੈਣਾ ਚਾਹੁੰਦੀ ਹੈ। ਇਸ ਵੀਡੀਓ ਸੁਨੇਹੇ ’ਤੇ ਖ਼ੂਬ ਤਾੜੀਆਂ ਵੱਜੀਆਂ। ਇਸ ਦਾ ਲੁਕਵਾਂ ਸੁਨੇਹਾ ਸ਼ਾਇਦ ਇਹ ਸੀ ਕਿ ਭਾਜਪਾ ਪੰਜਾਬ ਦੀ ਲੋਪ ਹੋ ਰਹੀ ਵਿਰਾਸਤ ਨੂੰ ਸੁਰਜੀਤ ਕਰਨ ਵਿੱਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਜੇਕਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਵੋਟ ਪਾ ਕੇ ਹੁੰਗਾਰਾ ਦਿੰਦੇ ਹਨ ਤਾਂ ਭਾਜਪਾ ਜ਼ਰੂਰ ਮਦਦ ਕਰੇਗੀ।

ਹਾਲ ਹੀ ਵਿੱਚ ਦਿੱਲੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਪਿਪਰਾਹਵਾ ਬੁੱਧ ਦੀਆਂ ਨਿਸ਼ਾਨੀਆਂ ਸਬੰਧੀ ਪ੍ਰਦਰਸ਼ਨੀ ਦਾ ਉਦਘਾਟਨ ਕੀਤੇ ਜਾਣ ਮੌਕੇ ਵੇਰਵਿਆਂ ਵੱਲ ਘੱਟ ਧਿਆਨ ਦਿੱਤੇ ਜਾਣਾ ਇਸੇ ਲਈ ਹੈਰਾਨੀਜਨਕ ਸੀ। ਸੰਨ 1898 ਵਿੱਚ ਇੱਕ ਬਰਤਾਨਵੀ ਬਸਤੀਵਾਦੀ ਇੰਜੀਨੀਅਰ ਵਿਲੀਅਮ ਕਲੈਕਸਟਨ ਪੇਪੇ ਨੇ ਪੰਜ ਛੋਟੇ ਤਾਬੂਤ ਖੋਜੇ, ਜਿਨ੍ਹਾਂ ਵਿੱਚ ਰਤਨ, ਹੱਡੀਆਂ ਦੇ ਟੁਕੜੇ ਅਤੇ ਗੌਤਮ ਬੁੱਧ ਦੀਆਂ ਅਸਥੀਆਂ ਸਨ। ਵਿਲੀਅਮ ਕਲੈਕਸਟਨ ਪੇਪੇ ਨੇਪਾਲ ਦੀ ਦੱਖਣੀ ਹੱਦ ਵਿੱਚ ਕਈ ਜਾਇਦਾਦਾਂ ਦਾ ਪ੍ਰਬੰਧ ਦੇਖਦਾ ਸੀ, ਜਿਸ ਵਿੱਚ ਪਿਪਰਾਹਵਾ ਨਾਂ ਦੇ ਪਿੰਡ ਵਿੱਚ ਬਰਡਪੁਰ ਅਸਟੇਟ ਵੀ ਸ਼ਾਮਿਲ ਸੀ। 2025 ਵਿੱਚ ਪੇਪੇ ਦੇ ਵੰਸ਼ਜਾਂ ਨੇ ਹਾਂਗਕਾਂਗ ਵਿੱਚ ਰੱਖੀਆਂ ਬੁੱਧ ਦੀਆਂ ਨਿਸ਼ਾਨੀਆਂ ਨੂੰ ਨਿਲਾਮ ਕਰਨ ਦਾ ਫ਼ੈਸਲਾ ਕੀਤਾ, ਜਿਸ ਨਾਲ ਪੂਰੇ ਦੇਸ਼ ਵਿੱਚ ਹੰਗਾਮਾ ਹੋਇਆ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਗੋਦਰੇਜ ਇੰਡਸਟਰੀਜ਼ ਗਰੁੱਪ ਦੇ ਸਹਿਯੋਗ ਨਾਲ ਇਹ ਨਿਸ਼ਾਨੀਆਂ ਖਰੀਦ ਕੇ ਦੇਸ਼ ਵਾਪਸ ਲਿਆਂਦੀਆਂ।

ਪ੍ਰਧਾਨ ਮੰਤਰੀ ਨੇ ਉਸ ਸਮੇਂ ਕਿਹਾ, ‘‘ਹਰ ਭਾਰਤੀ ਇਸ ਗੱਲ ’ਤੇ ਮਾਣ ਮਹਿਸੂਸ ਕਰੇਗਾ ਕਿ ਭਗਵਾਨ ਬੁੱਧ ਦੀਆਂ ਪਵਿੱਤਰ ਪਿਪਰਾਹਵਾ ਨਿਸ਼ਾਨੀਆਂ 127 ਸਾਲਾਂ ਬਾਅਦ ਘਰ (ਭਾਰਤ) ਵਾਪਸ ਆਈਆਂ ਹਨ...।’’ ਯਕੀਨਨ, ਇਹ ਭਾਰਤ ਨੂੰ ਸਿੰਧੂ ਘਾਟੀ ਦੀ ਪ੍ਰਾਚੀਨ ਸੱਭਿਅਤਾ ਅਤੇ ਪ੍ਰਾਚੀਨ ‘ਬੁੱਧ ਧਰਮ’ ਦਾ ਅਸਲ ਵਾਰਸ ਦਰਸਾਉਣ ਦੀ ਕੋਸ਼ਿਸ਼ ਹੈ।

ਇਸ ਪ੍ਰਦਰਸ਼ਨੀ ’ਚ ਸ਼ਾਨਦਾਰ ਹੀਰੇ ਇੱਕ ਬੁਲੇਟਪਰੂਫ ਬਕਸੇ ਵਿੱਚ ਤੁਹਾਡੇ ਦੇਖਣ ਲਈ ਰੱਖੇ ਗਏ ਹਨ। ਇਸ ਵਿੱਚ ‘‘ਚਾਂਦੀ ਤੇ ਸੋਨੇ ਦੇ ਤਾਰੇ, ਬੋਧੀ ਚਿੰਨ੍ਹਾਂ ਵਾਲੇ ਸੋਨ-ਪੱਤਰੇ ਅਤੇ ਵੱਖ-ਵੱਖ ਆਕਾਰਾਂ ਦੇ ਅਣਗਿਣਤ ਮੋਤੀ ਮਣਕੇ... ਲਾਲ ਜਾਂ ਚਿੱਟੇ ਰੰਗ ਦੇ ਤਰਾਸ਼ੇ ਹੋਏ ਹੀਰੇ ਜਵਾਹਰਾਤ ਦੇ ਤਾਰੇ ਅਤੇ ਫੁੱਲ’’ ਹਨ। ਇਹ ਸਾਰੀ ਜਾਣਕਾਰੀ www.piprahwa.com ਤੋਂ ਲਈ ਗਈ ਹੈ ਕਿਉਂਕਿ ਇਹ ਜਾਣਾਕਾਰੀ ਪ੍ਰਦਰਸ਼ਨੀ ਵਿੱਚ ਉਪਲਬਧ ਨਹੀਂ ਹੈ। ਉੱਥੇ ਮੌਜੂਦ ਨੌਜਵਾਨ ਤੇ ਅਣਜਾਣ ਵਾਲੰਟੀਅਰ ਅਤੇ ਇੱਥੋਂ ਤੱਕ ਕਿ ਇਸ ਸ਼ੋਅ ਦਾ ਆਯੋਜਨ ਕਰਨ ਵਾਲੀ ‘ਡਿਜ਼ਾਈਨ ਫੈਕਟਰੀ ਇੰਡੀਆ’ (ਡੀ ਐੱਫ ਆਈ) ਵੀ ਇਹ ਜਾਣਕਾਰੀ ਨਹੀਂ ਦਿੰਦੇ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸ਼ਹਿਰ ਦੇ ਬੁੱਧ ਧਰਮ ਨਾਲ ਰਿਸ਼ਤੇ ਬਾਰੇ ਵਡਨਗਰ ਵਿੱਚ ਇੱਕ ਅਜਾਇਬਘਰ ਬਣਾਉਣ ਅਤੇ ਸਾਲ 2001 ਦੇ ਭੂਚਾਲ ਦੀ ਯਾਦ ਵਿੱਚ ਭੁਜ ਵਿੱਚ ਅਜਾਇਬਘਰ ਬਣਾਉਣ ਮਗਰੋਂ ਡੀ ਐੱਫ ਆਈ ਚਰਚਾ ਵਿੱਚ ਆਈ ਸੀ।

ਇਸ ਪ੍ਰਦਰਸ਼ਨੀ ਵਿੱਚ ਕੋਲਕਾਤਾ ਦੇ ਇੰਡੀਅਨ ਮਿਊਜ਼ੀਅਮ, ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਅਤੇ ਦੇਸ਼ ਭਰ ਦੇ ਹੋਰ ਅਜਾਇਬਘਰਾਂ ਦੇ ਸੰਗ੍ਰਹਿਆਂ ਤੋਂ ਮੰਗਵਾਈਆਂ ਗਈਆਂ ਬੁੱਧ ਦੀਆਂ ਸ਼ਾਨਦਾਰ ਮੂਰਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੂਰਤੀਆਂ ਕਦੇ ਖ਼ੈਬਰ-ਪਖਤੂਨਖ਼ਵਾ ਦੇ ਕੁਝ ਹਿੱਸਿਆਂ ਤੋਂ ਮਿਲੀਆਂ ਸਨ, ਜੋ ਹੁਣ ਪਾਕਿਸਤਾਨ ਵਿੱਚ ਹੈ, ਪਰ ਤਖ਼ਤੀਆਂ ’ਤੇ ‘ਪਾਕਿਸਤਾਨ’ ਦੀ ਥਾਂ ‘ਅਣਵੰਡਿਆ ਭਾਰਤ’ ਲਿਖਿਆ ਗਿਆ ਹੈ। ਕੁਝ ਚਿੱਤਰਾਂ ਦੀ ‘ਨਕਲ’ ਇੱਥੇ ਪ੍ਰਦਰਸ਼ਿਤ ਹੈ - ਭਾਵ ਉਹ ਪਹਿਲਾਂ ਵਾਲੇ ਅਜਾਇਬਘਰ ਵਿੱਚ ਇੰਨੀ ਮਾੜੀ ਹਾਲਤ ਵਿੱਚ ਸਨ ਕਿ ਉਨ੍ਹਾਂ ਨੂੰ ਹਿਲਾਉਣਾ ਅਸੰਭਵ ਸੀ।

ਹਜ਼ਾਰ ਸਾਲ ਪੁਰਾਣੀਆਂ ਮੂਰਤੀਆਂ ਨੂੰ ਧਿਆਨ ਨਾਲ ਦੇਖੋ। ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਸਾਫ਼ ਕੀਤਾ ਗਿਆ ਹੈ- ਦਹਾਕਿਆਂ ਤੋਂ ਇਕੱਠੀ ਹੋਈ ਧੂੜ ਅਤੇ ਗੰਦਗੀ ਨੂੰ ਸਾਫ਼ ਕਰ ਕੇ ਉਨ੍ਹਾਂ ਦੀ ਉਹ ਚਮਕਦਾਰ, ਪਾਲਿਸ਼ ਕੀਤੀ ਦਿੱਖ ਬਹਾਲ ਕੀਤੀ ਗਈ ਹੈ। ਡੀ ਐੱਫ ਆਈ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਤੁਸੀਂ ਆਸ ਕਰਦੇ ਹੋ ਕਿ ਇਨ੍ਹਾਂ ਮੂਰਤੀਆਂ ਨੂੰ ਸਾਫ਼ ਕਰਨ ਵਾਲਿਆਂ ਨੇ ਸਫ਼ਾਈ ਲਈ ਇੰਨੇ ਵਧੀਆ ਕਿਸਮ ਦੇ ਅਜਿਹੇ ਤਰਲ ਦੀ ਵਰਤੋਂ ਕੀਤੀ ਹੋਵੇਗੀ ਜੋ ਪੱਥਰ ਨੂੰ ਖੋਰਦਾ ਨਹੀਂ।

ਇਹ ਪ੍ਰਦਰਸ਼ਨੀ ਗੋਦਰੇਜ ਇੰਡਸਟਰੀਜ਼ ਅਤੇ ਸਰਕਾਰ ਵਿਚਕਾਰ ਜਨਤਕ-ਨਿੱਜੀ ਭਾਈਵਾਲੀ ਦਾ ਇੱਕ ਮਾਡਲ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਗੋਦਰੇਜ ਨੇ ਇਹ ਯਾਦਗਾਰੀ ਰਤਨ ਮੁਲਕ ਨੂੰ ਭੇਟ ਕੀਤੇ ਹਨ ਜਾਂ ਸਰਕਾਰ ਨੇ ਇਨ੍ਹਾਂ ਨੂੰ ਖਰੀਦਿਆ ਹੈ।

ਪ੍ਰਧਾਨ ਮੰਤਰੀ ਲਈ ਦਿੱਲੀ ਵਿੱਚ ਨਵੀਂ ਉਸਾਰੀ ਜਾ ਰਹੀ ਰਿਹਾਇਸ਼ ਦੇ ਬਿਲਕੁਲ ਨੇੜੇ ਹੀ ‘ਯੁਗੇ ਯੁਗੀਨ ਭਾਰਤ’ ਅਜਾਇਬਘਰ ਦਿੱਲੀ ਦੇ ਐਨ ਕੇਂਦਰ ਵਿੱਚ ਬਣ ਰਿਹਾ ਹੈ। ਆਪਣੀ ਨਜ਼ਰ ਉੱਤਰ ’ਚ ਅਯੁੱਧਿਆ ਵੱਲ ਮੋੜੋ, ਜਿੱਥੇ ਰਾਮ ਮੰਦਰ ਦੀ ਵੱਖੀ ਵਿੱਚ ਭਾਰਤੀ ਮੰਦਰ ਆਰਕੀਟੈਕਚਰ ਸਬੰਧੀ ਅਜਾਇਬਘਰ ਬਣਾਇਆ ਜਾ ਰਿਹਾ ਹੈ। ਇਹ ਮੁਕੰਮਲ ਤੌਰ ’ਤੇ ਨਿੱਜੀ ਭਾਈਵਾਲੀ ਹੈ, ਪਰ ਸਰਕਾਰ ਵੱਲੋਂ ਇਸ ਦੀ ਨੇੜਿਓਂ ਨਜ਼ਰਸਾਨੀ ਦਾ ਦਾਅਵਾ ਹੈ। ਇਹ ਸ਼ਾਨਦਾਰ ਡਿਜ਼ਾਈਨ ਜ਼ਾਹਾ ਹਦੀਦ ਦੀ ਆਰਕੀਟੈਕਚਰਲ ਫਰਮ ਦੀ ਕਾਢ ਹੈ ਜਦੋਂਕਿ ਇਸ ਲਈ ਫੰਡ ਟਾਟਾ ਦੀ ਸਹਾਇਕ ਕੰਪਨੀ ਈਕੋਫਸਟ ਦੁਆਰਾ ਮੁਹੱਈਆ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਾਹਾ ਹਦੀਦ ਦੀ ਫਰਮ ‘ਯੁਗੇ ਯੁਗੀਨ ਭਾਰਤ’ ਦਾ ਕੰਟਰੈਕਟ ਲੈਣ ਦੀ ਚਾਹਵਾਨ ਸੀ, ਪਰ ਇਹ ਕੰਟਰੈਕਟ ਦੇਬਾਸ਼ੀਸ਼ ਗੁਹਾ ਦੀ ਆਰਕੌਪ ਕੰਸੋਰਟੀਅਮ ਅਤੇ ਲਾਸ ਏਂਜਲਸ ਸਥਿਤ ਕੁਲਾਪਟ ਯੰਤਰਾਸਸਤ ਨੂੰ ਮਿਲ ਗਿਆ ਸੀ।

ਹੁਣ ਤੁਸੀਂ ਚੰਡੀਗੜ੍ਹ ਦੇ ਸੈਕਟਰ 10 ਦੇ ਸਰਕਾਰੀ ਅਜਾਇਬਘਰ ਦਾ ਇੱਕ ਹੋਰ ਗੇੜਾ ਲਾ ਸਕਦੇ ਹੋ, ਜਿਸ ਵਿੱਚ ਗੰਧਾਰ ਬੁੱਧ ਦੀਆਂ ਮੂਰਤੀਆਂ ਵੀ ਰੱਖੀਆਂ ਹੋਈਆਂ ਹਨ ਅਤੇ ਜਿਨ੍ਹਾਂ ਵਿੱਚੋਂ ਅੱਧੀਆਂ ਭਾਰਤ ਦੇ ਆਜ਼ਾਦ ਹੋਣ ਵੇਲੇ ਲਾਹੌਰ ਦੇ ਅਜਾਇਬਘਰ ਦੇ ਹਿੱਸੇ ਆਈਆਂ ਸਨ। ਇਹ ਗੇੜਾ ਇਹ ਦੇਖਣ ਲਈ ਹੋਵੇ ਕਿ ਕੀ ਤਬਦੀਲੀ ਦੀ ਹਵਾ ਦੇਸ਼ ਦੇ ਇਸ ਹਿੱਸੇ ਤੱਕ ਵੀ ਪਹੁੰਚ ਗਈ ਹੈ? ਇਸ ਲਈ ਅਜਾਇਬਘਰ ਦੀ ਟਿਕਟ ਲੈਣਾ ਹੀ ਕਾਫ਼ੀ ਨਹੀਂ ਹੈ ਸਗੋਂ ਤੁਸੀਂ ਅਜੇ ਵੀ ਆਪਣਾ ਨਾਮ ਇੱਕ ਰਜਿਸਟਰ ਵਿੱਚ ਇਉਂ ਦਰਜ ਕਰਦੇ ਹੋ ਜਿਵੇਂ ਸਕੱਤਰੇਤ ਵਿੱਚ ਕਿਸੇ ਵੱਡੇ ਅਧਿਕਾਰੀ ਨੂੰ ਮਿਲਣ ਗਏ ਦਰਜ ਕਰਵਾਉਂਦੇ ਹੋ। ਖ਼ੈਰ, ਅਜਾਇਬਘਰ ਅਜੇ ਵੀ ਸੁੰਨਾ ਹੀ ਹੈ। ਛੱਤ ਦੀ ਮੁਰੰਮਤ ਚੱਲ ਰਹੀ ਹੋਣ ਕਾਰਨ ਮਿਨੀਏਚਰ ਗੈਲਰੀ ਵਿੱਚੋਂ ਕੁਝ ਲਘੂ-ਚਿੱਤਰ ਹਟਾ ਦਿੱਤੇ ਗਏ ਹਨ, ਪਰ ਮੁਰੰਮਤ ਦਾ ਕੰਮ ਸ਼ਾਇਦ ਫੰਡਾਂ ਦੀ ਘਾਟ ਕਾਰਨ ਰੁਕ ਗਿਆ ਹੈ।

ਸਪੱਸ਼ਟ ਹੈ, ਜਿਵੇਂ ਕਿ ਕੁਝ ਪਾਸੇ ਤਬਦੀਲੀ ਬੜੀ ਤੇਜ਼ੀ ਨਾਲ ਆਉਂਦੀ ਹੈ, ਪਰ ਕੁਝ ਪਾਸੇ ਕਹਾਣੀ ਉਹੋ ਪੁਰਾਣੀ ਰਹਿੰਦੀ ਹੈ।

* ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।

Advertisement
×