ਅਵੀਜੀਤ ਪਾਠਕ
ਵਿਚਾਰਧਾਰਾ ਅਤੇ ਪਾਠਕ੍ਰਮ ਦੇ ਗਤੀਸ਼ੀਲ ਸੰਬੰਧਾਂ ਜਾਂ ਹੋਰ ਠੋਸ ਰੂਪ ਵਿਚ ਕਹਿਣਾ ਹੋਵੇ ਤਾਂ ਗਿਆਨ ਦੀ ਸਿਆਸਤ ਮੁਤੱਲਕ ਬਹੁਤ ਕੁਝ ਲਿਖਿਆ ਤੇ ਆਖਿਆ ਜਾ ਚੁੱਕਿਆ ਹੈ ਜਿਸ ਕਰਕੇ ਐੱਨਸੀਆਰਟੀ ਦੀਆਂ ਪਾਠ ਪੁਸਤਕਾਂ ‘ਚੋਂ ਕਈ ਪਾਠ, ਪੈਰੇ, ਦ੍ਰਿਸ਼ਟਾਂਤ ਅਤੇ ਜਾਣਕਾਰੀਆਂ ਹਟਾ ਦਿੱਤੀਆਂ ਗਈਆਂ ਹਨ। ਉਦਾਰਵਾਦੀ/ਖੱਬੇਪੱਖੀ ਅਕਾਦਮਿਕ ਬਰਾਦਰੀ ਨੇ ਸਿਆਸੀ ਮਨੋਰਥਾਂ ਤਹਿਤ ਕੀਤੀ ਗਈ ਇਸ ਕਾਂਟ ਛਾਂਟ ‘ਤੇ ਰੋਸ ਅਤੇ ਨਾਖੁਸ਼ੀ ਜਤਾਈ ਹੈ ਜਦੋਂਕਿ ਐੱਨਸੀਆਰਟੀ ‘ਤੇ ਹਾਵੀ ਅਕਾਦਮਿਕ ਨੌਕਰਸ਼ਾਹੀ ਨੇ ਆਪਣੀ ਇਸ ਕਾਰਵਾਈ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਠਕ੍ਰਮ ਨੂੰ ‘ਤਰਕਸੰਗਤ’ ਬਣਾਇਆ ਗਿਆ ਜਾਂ ਵਿਦਿਆਰਥੀਆਂ ਦੇ ਸਿਰ ਤੋਂ ਬੇਲੋੜਾ ਬੋਝ ਘਟਾਇਆ ਗਿਆ ਹੈ।
ਇਸ ਸਾਰੀ ਬਹਿਸ ਵਿਚ ਹਿੰਦੂਤਵ ਦੇ ਉਭਾਰ ਅਤੇ ਗਿਆਨ ਦੀਆਂ ਧਾਰਾਵਾਂ ਆਪਣੇ ਢੰਗ ਨਾਲ ਘੜਨ ਤੇ ਪਰਿਭਾਸ਼ਤ ਕਰਨ ਦੀ ਲਲਕ ਦੇ ਦਰਸ਼ਨ ਹੋਏ ਹਨ। ਇਸ ਤੋਂ ਇਲਾਵਾ ਸੱਤਾ ਤਬਦੀਲੀ ਦੇ ਮਾਅਨੇ ਵੀ ਪਤਾ ਚੱਲੇ ਹਨ ਕਿ ਅੰਧ-ਰਾਸ਼ਟਰਵਾਦ ਦੇ ਚਿੰਤਕ ਕਿਵੇਂ ਕੁਝ ਉਦਾਰਵਾਦੀ/ਖੱਬੇਪੱਖੀ ਇਤਿਹਾਸਕਾਰਾਂ ਤੇ ਸਮਾਜ ਸ਼ਾਸਤਰੀਆਂ ਨੂੰ ਖਦੇੜ ਕੇ ਆਪਣੀ ਥਾਂ ਪੱਕੀ ਕਰਨ ਲਈ ਜੁਟੇ ਹੋਏ ਹਨ ਜਦੋਂਕਿ ਸੱਤਾ ਦੇ ਨਵੇਂ ਬੌਸ ਇਹ ਫ਼ੈਸਲੇ ਕਰ ਰਹੇ ਹਨ ਕਿ ਸਾਡੇ ਬੱਚਿਆਂ ਨੂੰ ਕੀ ਪੜ੍ਹਨਾ ਚਾਹੀਦਾ ਹੈ ਤੇ ਕੀ ਨਹੀਂ। ਉਂਝ, ਇਸ ਭਖਵੀਂ ਬਹਿਸ ਅਤੇ ਵਿਚਾਰਧਾਰਕ ਟਕਰਾਅ ਵਿਚ ਇਕ ਗੱਲ ਦੀ ਘਾਟ ਰੜਕ ਰਹੀ ਹੈ, ਉਹ ਹੈ ਕਲਾਸਰੂਮ ਦਾ ਸੰਚਾਰ – ਭਾਵ ਅਧਿਆਪਕ ਦੀ ਭੂਮਿਕਾ ਅਤੇ ਨੌਉਮਰ ਵਿਦਿਆਰਥੀ ਦੀ ਜਗਿਆਸਾ।
ਸਾਨੂੰ ਇਮਾਨਦਾਰੀ ਨਾਲ ਇਹ ਗੱਲ ਪ੍ਰਵਾਨ ਕਰਨੀ ਪੈਣੀ ਹੈ ਕਿ ਸਾਡੇ ਅਕਾਦਮਿਕ ਬੌਸ ਭਾਵੇਂ ਉਹ ਕਿਸੇ ਵੀ ਸਿਆਸੀ ਰੰਗ ਦੇ ਹੋਣ, ਨੇ ਖਚਾਖਚ ਭਰੇ ਕਲਾਸਰੂਮਾਂ ਵਿਚ ਪੜ੍ਹਨ ਪੜ੍ਹਾਉਣ ਦੇ ਰੂਟੀਨ ਕਾਰਜ ਵੱਲ ਕਦੇ ਬਣਦਾ ਧਿਆਨ ਨਹੀਂ ਦਿੱਤਾ। ਦਰਅਸਲ, ਸਕੂਲ ਅਧਿਆਪਕਾਂ ਨੂੰ ਕਲਾਸਾਂ ਲਈ ਲਗਾਈਆਂ ਪਾਠ ਪੁਸਤਕਾਂ (ਜਿਨ੍ਹਾਂ ਵਿਚ ਉਨ੍ਹਾਂ ਦੀ ਕੋਈ ਸੱਦ ਪੁੱਛ ਨਹੀਂ ਹੁੰਦੀ) ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵਿਚਕਾਰ ਖੜ੍ਹੇ ਇਕ ਖਾਲੀ ਜਹਾਜ਼ ਵਾਂਗ ਸਾਲਸਕਾਰ ਬਣਾ ਕੇ ਰੱਖ ਦਿੱਤਾ ਗਿਆ ਹੈ। ਪਾਠਕ੍ਰਮ ਤਿਆਰ ਕਰਨ, ਪਾਠ ਪੁਸਤਕਾਂ ਬਾਰੇ ਆਪਣੀਆਂ ਰਾਵਾਂ ਦੇਣ ਜਾਂ ਮੁਨਾਸਬ ਅਧਿਆਪਨ ਕਲਾ ਵਿਕਸਤ ਕਰਨ ਵਿਚ ਅਧਿਆਪਕਾਂ ਨੂੰ ਸ਼ਾਇਦ ਹੀ ਕਦੇ ਕੋਈ ਕਾਰਗਰ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਹੈ। ਬਿਨਾਂ ਸ਼ੱਕ, ਸਮਕਾਲੀ ਭਾਰਤ ਦੇ ਨਾਮਵਰ ਯੂਨੀਵਰਸਿਟੀ ਪ੍ਰੋਫੈਸਰਾਂ ਤੇ ਵਿਦਵਾਨਾਂ, ਉਦਾਰਵਾਦੀ ਖੱਬੇਪੱਖੀ ਬੁੱਧੀਮਾਨਾਂ ਜਾਂ ਸੱਜੇਪੱਖੀ ਵਿਚਾਰਕ ਇਹ ਤੈਅ ਕਰਦੇ ਹਨ ਕਿ ਪਾਠਕ੍ਰਮ ਵਿਚ ਕੀ ਕੁਝ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਹੈਰਤ ਨਹੀਂ ਹੁੰਦੀ ਜਦੋਂ ਇਹ ਮੰਨ ਲਿਆ ਜਾਂਦਾ ਹੈ ਕਿ ਅਧਿਆਪਕ ਦਾ ਕੰਮ ਬਸ ਇੰਨਾ ਕੁ ਹੀ ਹੈ ਕਿ ਪਾਠ ਪੁਸਤਕ ‘ਚੋਂ ਗਿਆਨ ਦਾ ਇਕ ਕੈਪਸੂਲ ਕੱਢ ਕੇ ਦਿੱਤਾ ਜਾਵੇ ਅਤੇ ਆਪਣੇ ਵਿਦਿਆਰਥੀਆਂ ਨੂੰ ਇਹ ਆਖ ਦਿੱਤਾ ਜਾਵੇ ਕਿ ਉਹ ਇਸ ਦਾ ਖ਼ੂਬ ਘੋਟਾ ਲਾ ਲੈਣ ਅਤੇ ਫਿਰ ਇਮਤਿਹਾਨਾਂ ਵਿਚ ਉਸ ਨੂੰ ਹੂ-ਬ-ਹੂ ਉੱਤਰ ਕਾਪੀਆਂ ਵਿਚ ਚੇਪ ਦੇਣ। ਇਸ ਤੋਂ ਅਗਾਂਹ ਜਦੋਂ ਪਾਠ ਪੁਸਤਕਾਂ (ਜਾਂ ਇਨ੍ਹਾਂ ਦੇ ਰਣਨੀਤਕ ਬਦਲ ਦੇ ਰੂਪ ਵਿਚ ਗਾਈਡਾਂ) ਦਾ ਕਹਿਰ ਇਹ ਪਰਿਭਾਸ਼ਤ ਕਰਦਾ ਹੈ ਕਿ ਕੀ ਕੁਝ ਪੜ੍ਹਨ ਲਾਇਕ ਹੈ ਅਤੇ ਸਿਲੇਬਸ ਤੋਂ ਬਾਹਰ ਕੁਝ ਵੀ ਪੜ੍ਹਨ ਦੀ ਕੋਈ ਤੁਕ ਨਹੀਂ ਤਾਂ ਫਿਰ ਰਚਨਾਤਮਿਕ ਅਧਿਆਪਕ ਦਾ ਕੀ ਕੰਮ ਰਹਿ ਜਾਂਦਾ ਹੈ? ਹੋਰ ਅੱਗੇ ਚੱਲ ਕੇ ਇਕ ਅਜਿਹੀ ਪ੍ਰਣਾਲੀ ਜਿਹੜੀ ਸਿੱਖਿਆ ਨੂੰ ਸਰਕਾਰ ਵੱਲੋਂ ਤੈਅਸ਼ੁਦਾ ਸਿਲੇਬਸ ਦੇ ਆਧਾਰ ‘ਤੇ ਟੈਸਟਾਂ ਤੇ ਪ੍ਰੀਖਿਆਵਾਂ ਦੇ ਗਜੀਂ ਮਾਪਦੀ ਹੈ, ਉਹ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਬ੍ਰਾਜ਼ਿਲੀਆਈ ਸਿੱਖਿਆ ਸ਼ਾਸਤਰੀ ਪਾਉਲੋ ਫ੍ਰੇਅਰੇ ਦੇ ਸ਼ਬਦਾਂ ਮੁਤਾਬਿਕ ‘ਸਮੱਸਿਆ ਨਿਵਾਰਕ’ ਸਿੱਖਿਆ ਦੀ ਕਲਾ ਧਾਰਨ ਕਰਨ ਤੋਂ ਨਿਰਉਤਸ਼ਾਹਿਤ ਕਰਦੀ ਹੈ।
ਲਿਹਾਜ਼ਾ, ਮਿਸਾਲ ਦੇ ਤੌਰ ‘ਤੇ ਜੇ ਐੱਨਸੀਈਆਰਟੀ ਦੀ ‘ਸੋਧੀ ਹੋਈ’ ਪਾਠ ਪੁਸਤਕ ਨੌਜਵਾਨ ਵਿਦਿਆਰਥੀ ਨੂੰ ਨਾਥੂਰਾਮ ਗੋਡਸੇ ਦੀ ਸਿਆਸਤ ਬਾਰੇ ਕੁਝ ਦੱਸਣਾ ਹੀ ਨਹੀਂ ਚਾਹੁੰਦੀ ਤਾਂ ਫਿਰ ਗੱਲ ਵੱਖਰੀ ਹੈ। ਅਧਿਆਪਕ ਅਤੇ ਵਿਦਿਆਰਥੀ ਕਿਉਂ ਪਾਠ ਪੁਸਤਕ ਤੋਂ ਬਾਹਰ ਦੇਖਣ, ਹੋਰ ਘੋਖਣ ਅਤੇ ਪੁਸਤਕ ਦੀ ਮਰਿਆਦਾ ਨੂੰ ਭੰਗ ਕਰ ਕੇ ਇਹ ਜਾਣਨ ਦੀ ਖੇਚਲ ਕਰੇ ਕਿ ਇਹ ਕਿਸ ਚੀਜ਼ ਨੂੰ ਛੁਪਾਉਣਾ ਚਾਹੁੰਦੀ ਹੈ? ਜਾਂ ਉਨ੍ਹਾਂ ਨੂੰ ਕਿਉਂ ਸਿਲੇਬਸ ਤੋਂ ਬਾਹਰਲੀ ਕਿਸੇ ਸ਼ੈਅ ਮਸਲਨ, ਐਮਰਜੈਂਸੀ ਦੀਆਂ ਵਧੀਕੀਆਂ, ਗੁਜਰਾਤ ਦੰਗਿਆਂ ਦੇ ਕਹਿਰ, ਨਰਮਦਾ ਬਚਾਓ ਅੰਦੋਲਨ ਵੱਲੋਂ ਉਠਾਏ ਗਏ ਵਿਕਾਸ, ਲੋਕਾਂ ਦੇ ਉਜਾੜੇ ਅਤੇ ਚੌਗਿਰਦੇ ਬਾਰੇ ਸਵਾਲਾਂ ਨੂੰ ਜਾਣਨ ਦੀ ਪਰਵਾਹ ਕਿਉਂ ਕਰਨੀ ਚਾਹੀਦੀ ਹੈ?
ਹਾਲਾਂਕਿ ਪਾਠ ਪੁਸਤਕਾਂ ‘ਤੇ ਹੋ ਰਹੇ ਸੱਜੇਪੱਖੀ ਹੱਲਿਆਂ ਦੀ ਨੁਕਤਾਚੀਨੀ ਦਾ ਹਰ ਕਾਰਨ ਬਣਦਾ ਹੈ ਪਰ ਕੀ ਸਾਨੂੰ ਯਕੀਨ ਹੈ ਕਿ ਸਾਡੇ ਕਲਾਸਰੂਮਾਂ ਵਿਚਲੀ ਵਿਚਾਰਹੀਣ ਸਿੱਖਿਆ ਦੀ ਚੱਲ ਰਹੀ ਪਿਰਤ ਦੇ ਮੱਦੇਨਜ਼ਰ ਰੋਮਿਲਾ ਥਾਪਰ ਅਤੇ ਕ੍ਰਿਸ਼ਨ ਕੁਮਾਰ ਜਿਹੇ ਵਿਦਵਾਨਾਂ ਦੇ ਸੰਕਲਪ ਐੱਨਸੀਈਆਰਟੀ ਦੀਆਂ ਪਾਠ ਪੁਤਕਾਂ ਵਿਚ ਜੇ ਦਰਜ ਕਰ ਵੀ ਲਏ ਜਾਣ ਤਾਂ ਕੀ ਕੋਈ ਬੁਨਿਆਦੀ ਤਬਦੀਲੀ ਆ ਸਕੇਗੀ? ਦਰਅਸਲ, ਬਹੁ-ਬਦਲ ਪ੍ਰਸ਼ਨ (ਐਮਸੀਕਯੂ) ਕੇਂਦਰਿਤ ਨਪੇ ਤੁਲੇ ਟੈਸਟਾਂ, ਜਾਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ 99 ਫ਼ੀਸਦ ਅੰਕ ਲੈਣ ਦੇ ਖ਼ਬਤ ਦੇ ਜ਼ਮਾਨੇ ਵਿਚ ਹਰ ਚੀਜ਼ ਉਲਟ-ਪੁਲਟ ਹੋ ਗਈ ਹੈ। ਪਾਬਲੋ ਨੈਰੂਦਾ ਜਾਂ ਕਮਲਾ ਦਾਸ ਵੱਲੋਂ ਲਿਖੀ ਕੋਈ ਕਵਿਤਾ ਜਾਂ ਅਧਿਆਪਨ ਦੇ ਔਜ਼ਾਰ ਵਜੋਂ ਆਰ.ਕੇ. ਲਕਸ਼ਮਣ ਦਾ ਚੋਭਵਾਂ ਕਾਰਟੂਨ ਦੋ ਅੰਕਾਂ ਵਾਲਾ ਪ੍ਰਸ਼ਨ ਬਣਾ ਕੇ ਰੱਖ ਦਿੱਤਾ ਗਿਆ ਹੈ ਜਿਸ ਨੂੰ ਘੋਟਾ ਲਾ ਕੇ ਰਟ ਲੈਣ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਮੰਨ ਲੈਣਾ ਚਾਹੀਦਾ ਹੈ ਕਿ ਇੱਥੇ ਇਕ ਅਜਿਹੀ ਪ੍ਰਣਾਲੀ ਕੰਮ ਕਰਦੀ ਹੈ ਜੋ ਚਿੰਤਕਾਂ, ਭਵਿੱਖੀ ਖੋਜਕਾਰਾਂ ਜਾਂ ਰੌਸ਼ਨ ਖ਼ਿਆਲ ਦਿਮਾਗ਼ਾਂ ਦਾ ਨਹੀਂ ਸਗੋਂ ‘ਟੌਪਰਾਂ’ ਦੇ ਮਸ਼ੀਨੀ ਉਤਪਾਦਨ ਦਾ ਜਸ਼ਨ ਮਨਾਉਂਦੀ ਹੈ।
ਇਸ ਲਈ ਜੇ ਅਸੀਂ ਸਾਰਥਕ ਸਿੱਖਿਆ ਅਤੇ ਸਾਡੇ ਬੱਚਿਆਂ ਦੇ ਭਵਿੱਖ ਪ੍ਰਤੀ ਵਾਕਈ ਫ਼ਿਕਰਮੰਦ ਹਾਂ ਤਾਂ ਸਾਨੂੰ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ਲਿਖਣ ਦੇ ਹੱਕ ਬਾਰੇ ਖੱਬੇਪੱਖੀਆਂ ਅਤੇ ਸੱਜੇਪੱਖੀਆਂ ਵਿਚਕਾਰ ਚੱਲ ਰਹੀ ਰਾਜਨੀਤਕ ਵਿਚਾਰਧਾਰਕ ਲੜਾਈ ਤੋਂ ਪਾਰ ਦੇਖਣ ਦੀ ਲੋੜ ਹੈ। ਇਸ ਦੀ ਬਜਾਏ ਸਾਨੂੰ ਇਕ ਅਜਿਹੀ ਪ੍ਰਣਾਲੀ ਬਣਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ ਜੋ ਅਧਿਆਪਕ ਦੇ ਰਚਨਾਤਮਿਕ ਕਿਰਦਾਰ, ਹਰੇਕ ਬੱਚੇ ਅੰਦਰ ਛੁਪੀ ਹੋਈ ਖ਼ੂਬੀ ਪਛਾਣਨ ਅਤੇ ਬੰਦਖਲਾਸੀ ਸਿੱਖਿਆ ਦੇ ਰੂਪ ਵਿਚ ਸੰਵਾਦ ਅਤੇ ਰਚਨਾਤਮਿਕ ਸੋਚ ਦੀ ਕਾਰਗਰਤਾ ‘ਤੇ ਨਾ ਕੇਵਲ ਭਰੋਸਾ ਪੈਦਾ ਕਰਦੀ ਹੋਵੇ ਸਗੋਂ ਇਸ ਨੂੰ ਹੱਲਾਸ਼ੇਰੀ ਵੀ ਦੇਵੇ। ਅਜਿਹੇ ਕਿਸੇ ਜਾਨਦਾਰ ਕਲਾਸਰੂਮ ਦੀ ਕਲਪਨਾ ਕਰੋ ਜਿਸ ਵਿਚ ਵਿਦਿਆਰਥੀ ਤੇ ਅਧਿਆਪਕ ਆਪਸ ਵਿਚ ਸੰਵਾਦ ਤੇ ਚਰਚਾ ਕਰਦੇ ਹੋਏ ਸਿਲੇਬਸ ਦੇ ਖਾਨਿਆਂ ਤੋਂ ਪਾਰ ਝਾਕਣ ਦੀ ਕੋਸ਼ਿਸ਼ ਕਰ ਰਹੇ ਹੋਣ। ਖ਼ਿਆਲ ਕਰੋ ਕਿ ਕੋਈ ਅਧਿਆਪਕ ਬਾਰ੍ਹਵੀਂ ਕਲਾਸ ਦੇ ਆਪਣੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਡਾਇਰੀ ਪੜ੍ਹਨ ਲਈ ਕਹਿ ਰਿਹਾ ਹੋਵੇ, 1947-48 ਵਿਚ ਮਹਾਤਮਾ ਗਾਂਧੀ ਦੀਆਂ ਪ੍ਰਾਰਥਨਾ ਸਭਾਵਾਂ ਬਾਰੇ ਲੇਖ ਲਿਖਣ ਲਈ ਆਖੇ ਜਾਂ ਮੰਟੋ ਦੀ ਕਿਸੇ ਕਹਾਣੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਹੇ। ਜਾਂ ਫਿਰ ਇਵੇਂ ਹੀ, ਸੋਚੋ ਕਿ ਅੱਠਵੀਂ ਕਲਾਸ ਦਾ ਕੋਈ ਅੱਲੜ ਉਮਰ ਦਾ ਵਿਦਿਆਰਥੀ ਸਕੂਲ ਦੀ ਲਾਇਬ੍ਰੇਰੀ ‘ਚੋਂ ਰਸਕਿਨ ਬੌਂਡ ਅਤੇ ਆਰ.ਕੇ. ਲਕਸ਼ਮਣ ਦੀ ਕੋਈ ਕਿਤਾਬ ਕਢਵਾ ਕੇ ਲਿਆਉਂਦਾ ਹੈ ਅਤੇ ਆਪਣੇ ਅਧਿਆਪਕ/ਅਧਿਆਪਕਾ ਨੂੰ ਇਨ੍ਹਾਂ ਬਾਰੇ ਚਰਚਾ ਕਰਾਉਣ ਲਈ ਆਖੇ। ਇਸ ਦਾ ਮਤਲਬ ਹੈ ਕਿ ਉਸ ਲਈ ਪਾਠ ਪੁਸਤਕ ਦੂਰ ਤੱਕ ਦੇਖ ਸਕਣ ਦਾ ਸਾਧਨ ਬਣ ਗਈ ਹੈ ਫਿਰ ਉਹ ਭਾਵੇਂ ਕਿਸੇ ਵੱਡੇ ਵਿਦਵਾਨ ਨੇ ਲਿਖੀ ਹੈ ਜਾਂ ਕਿਸੇ ਆਮ ਲੇਖਕ ਨੇੇ। ਇਕੇਰਾਂ ਜਦੋਂ ਇਹ ਕੌਤਕਮਈ ਖ਼ੂਬੀ ਜਾਗ ਪੈਂਦੀ ਹੈ ਤਾਂ ਉਹ ਬੱਚਾ ਪ੍ਰਸ਼ਨ ਪੁੱਛਣ, ਜਾਂਚ ਪੜਤਾਲ ਕਰਨ ਅਤੇ ਘੜੇ ਮਿੱਥੇ ਸਿਲੇਬਸ ਦੇ ਦਾਇਰੇ ਜਾਂ ਫਿਰ ਕੁਝ ਇਵੇਂ ਹੀ ਵਿਸ਼ੈਲੇ ਸੋਸ਼ਲ ਮੀਡੀਆ ਅਤੇ ਪ੍ਰਾਪੇਗੰਡਾ ਮਸ਼ੀਨਰੀ ਰਾਹੀਂ ਜੋ ਕੁਝ ਵੀ ਪਸਾਰਿਆ ਜਾ ਰਿਹਾ ਹੈ, ਉਸ ਦੇ ਆਰ-ਪਾਰ ਦੇਖਣ ਦੀ ਬੁੱਧੀ ਤੇ ਹੁਨਰ ਆਪਣੇ ਆਪ ਵਿਕਸਤ ਕਰ ਲੈਂਦਾ ਹੈ।
ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਅਧਿਆਪਨ ਖ਼ਾਸਕਰ ਸਕੂਲ ਅਧਿਆਪਨ ਦੇ ਪੇਸ਼ੇ ਵਿਚ ਅਜਿਹੇ ਸੱਚੇ ਸੁੱਚੇ ਤੇ ਦਿਆਨਤਦਾਰ ਵਿਅਕਤੀਆਂ ਨੂੰ ਭਰਤੀ ਕਰਨ ਦੀ ਖੇਚਲ ਕੌਣ ਕਰੇ? ਤੇ ਰਾਜਸੀ ਸੱਤਾ ‘ਤੇ ਪ੍ਰਸ਼ਨ ਉਠਾਉਣ ਵਾਲੀ ਅਤੇ ਖੱਬੇਪੱਖੀ ਜਾਂ ਸੱਜੇਪੱਖੀ ਦੀਆਂ ਲਿਖਤਾਂ -ਗਾਂਧੀ ਜਾਂ ਸਾਵਰਕਰ, ਔਰੰਗੇਜ਼ੇਬ ਜਾਂ ਸ਼ਿਵਾਜੀ ਦੀ ਬਾਇਨਰੀ ਤੋਂ ਪਾਰ ਤੱਕਣ ਦੀ ਹਿੰਮਤ ਪੈਦਾ ਕਰਨ ਵਾਲੀ ਪੜ੍ਹਾਈ ਦਾ ਫ਼ਿਕਰ ਕਿਸ ਨੂੰ ਹੈ?
* ਲੇਖਕ ਸਮਾਜ ਸ਼ਾਸਤਰੀ ਹੈ।