ਆਈ ਪੀ ਐੱਲ ਤੋਂ ਪਾਰ ...
ਮੈਂ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਹਾਂ ਅਤੇ ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਹੀ ਰਹਿੰਦਾ ਹਾਂ। ਜਦੋਂ ਕੁਝ ਦਿਨ ਪਹਿਲਾਂ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦਾ ਪਹਿਲਾ ਮੈਚ ਹੋਇਆ ਤਾਂ ਮੈਂ ਘਰ ਹੀ ਸੀ। ਉਸ ਦਿਨ...
ਮੈਂ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਹਾਂ ਅਤੇ ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਹੀ ਰਹਿੰਦਾ ਹਾਂ। ਜਦੋਂ ਕੁਝ ਦਿਨ ਪਹਿਲਾਂ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦਾ ਪਹਿਲਾ ਮੈਚ ਹੋਇਆ ਤਾਂ ਮੈਂ ਘਰ ਹੀ ਸੀ। ਉਸ ਦਿਨ ਮੈਂ ਟੈਲੀਵਿਜ਼ਨ ’ਤੇ ਇਹ ਮੈਚ ਨਹੀਂ ਸੀ ਦੇਖ ਰਿਹਾ। ਇਸ ਦੀ ਬਜਾਏ ਕ੍ਰਿਕਟ ਬਾਰੇ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ਪੜ੍ਹ ਰਿਹਾ ਸਾਂ। ਹਾਲਾਂਕਿ, ਉਹ ਕਿਤਾਬ ਆਈ ਪੀ ਐੱਲ ਦੁਆਰਾ ਉਤਸ਼ਾਹਿਤ ਕੀਤੀ ਜਾਣ ਵਾਲੀ ਕ੍ਰਿਕਟ ਨਹੀਂ ਸਗੋਂ ਕ੍ਰਿਕਟ ਦੀ ਇੱਕ ਹੋਰ ਵੰਨਗੀ ਬਾਰੇ ਸੀ। ਸ਼ਿਲਡ ਬੈਰੀ ਦੀ ਕਿਤਾਬ ‘500 ਡਿਕਲੇਅਰਡ: ਦਿ ਜੁਆਏਜ਼ ਔਫ ਕਵਰਿੰਗ 500 ਕ੍ਰਿਕਟ ਟੈਸਟਸ’।
ਪੰਜ ਸੌ ਟੈਸਟ ਮੈਚ ਦੇਖ ਚੁੱਕਿਆ ਪਹਿਲਾ ਵਿਅਕਤੀ ਰਿਚੀ ਬੈਨੋ ਹੈ, ਜੋ 63 ਟੈਸਟ ਮੈਚਾਂ ਵਿੱਚ ਖਿਡਾਰੀ ਵਜੋਂ ਅਤੇ ਬਾਕੀ ਮੈਚਾਂ ਦੌਰਾਨ ਪੱਤਰਕਾਰ ਤੇ ਕੁਮੈਂਟੇਟਰ ਵਜੋਂ ਮੌਜੂਦ ਰਿਹਾ ਸੀ। ਸ਼ਿਲਡ ਬੈਰੀ ਅਜਿਹਾ ਕਰਨ ਵਾਲਾ ਦੂਜਾ ਵਿਅਕਤੀ ਅਤੇ 500 ਇੰਗਲੈਂਡ ਟੈਸਟ ਮੈਚਾਂ ਦੀ ਲਾਈਵ ਰਿਪੋਰਟਿੰਗ ਕਰਨ ਵਾਲਾ ਪਹਿਲਾ ਸ਼ਖ਼ਸ ਹੈ। ਉਸ ਨੇ ‘ਦਿ ਆਬਜ਼ਰਵਰ’, ‘ਦਿ ਸੰਡੇ ਕੌਰੈੱਸਪੌਂਡੈਂਟ’, ‘ਦਿ ਇੰਡੀਪੈਂਡੈਂਟ ਔਨ ਸੰਡੇ’, ‘ਦਿ ਸੰਡੇ ਟੈਲੀਗ੍ਰਾਫ’ ਅਤੇ ‘ਦਿ ਡੇਲੀ ਟੈਲੀਗ੍ਰਾਫ’ ਵਰਗੇ ਵੱਖ-ਵੱਖ ਅਖ਼ਬਾਰਾਂ ਲਈ ਰਿਪੋਰਟਿੰਗ ਕਰਦਿਆਂ ਇਹ ਕਾਰਨਾਮਾ ਕਰ ਦਿਖਾਇਆ। ਉਸ ਦੀ ਕਿਤਾਬ ਦਹਾਕਿਆਂਬੱਧੀ ਟੈਸਟ ਕ੍ਰਿਕਟ ਦੇ ਸਫ਼ਰ ਨੂੰ ਬੜੀ ਰਵਾਨੀ ਨਾਲ ਬਿਆਨਦੀ ਹੈ। ਚਾਹੇ ਜੂਨ 1973 ਵਿੱਚ ਟ੍ਰੈਂਟ ਬ੍ਰਿਜ ’ਚ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਗਿਆ ਮੈਚ ਹੋਵੇ ਅਤੇ ਚਾਹੇ ਅਕਤੂਬਰ 2024 ਵਿੱਚ ਰਾਵਲਪਿੰਡੀ ਦੇ ਦੌਰੇ ’ਤੇ ਗਈ ਇੰਗਲੈਂਡ ਦੀ ਟੀਮ ਦਾ ਜ਼ਿਕਰ। ਇਸ ਦੇ ਨਾਲ ਹੀ ਉਹ ਪਾਠਕਾਂ ਲਈ ਖ਼ੂਬਸੂਰਤ ਸ਼ਬਦੀ-ਚਿੱਤਰ ਪੇਸ਼ ਕਰਦਿਆਂ ਸ਼ਾਨਦਾਰ ਜੇਤੂ ਪਾਰੀਆਂ ਦੇ ਨਾਲ-ਨਾਲ ਵੰਨ-ਸੁਵੰਨੇ ਦਰਸ਼ਕਾਂ ਦੀ ਵੱਡੀ ਭੀੜ ਅਤੇ ਹੋਰ ਵੀ ਵਿਭਿੰਨ ਝਲਕੀਆਂ ਦਿਖਾਉਂਦਾ ਹੈ। ਉਹ ਕ੍ਰਿਕਟ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ’ਤੇ ਗ਼ੌਰ ਕਰਦਾ ਹੈ। ਉਹ ਲਿਖਦਾ ਹੈ: ‘ਮੈਨੂੰ ਬੰਗਾਲ ਇਟਲੀ ਜਿਹਾ ਜਾਪਦਾ ਹੈ: ਉੱਥੋਂ ਦਾ ਮਿਜ਼ਾਜ, ਖਾਣੇ ਲਈ ਪਿਆਰ ਅਤੇ ਸਾਹਿਤਕ ਸੱਭਿਆਚਾਰ, ਜਿਸ ਵਿੱਚ ਟੈਗੋਰ ਦਾ ਦਰਜਾ ਦਾਂਤੇ ਜਿਹਾ ਹੈ, ਬਸ ਉਹ ਦਾਂਤੇ ਦੇ ਮੁਕਾਬਲਤਨ ਨਵੇਂ ਸਮੇਂ ਦਾ ਲੇਖਕ ਹੈ’।
ਬੈਰੀ ਪਹਿਲੀ ਵਾਰ ‘ਪ੍ਰੈੱਸ ਬੌਕਸ’ ਵਿੱਚ ਉਦੋਂ ਆਇਆ ਸੀ, ਜਦੋਂ ਉਹ ਕੈਂਬਰਿਜ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਨੇ 1970ਵਿਆਂ ’ਚ ਬਰਤਾਨਵੀ ਕ੍ਰਿਕਟ ਪੱਤਰਕਾਰੀ ਦੇ ਦਿੱਗਜਾਂ ਦੇ ਸਜੀਵ ਤੇ ਸੁਆਦਲੇ ਸ਼ਬਦ ਚਿੱਤਰ ਪੇਸ਼ ਕੀਤੇ ਹਨ, ਜਿਨ੍ਹਾਂ ਵਿੱਚ ‘ਦਿ ਗਾਰਡੀਅਨ’ ਦਾ ਜੌਹਨ ਆਰਲਟ, ‘ਦਿ ਟਾਈਮਜ਼’ ਦਾ ਜੌਹਨ ਵੁੱਡਕੌਕ ਅਤੇ ‘ਦਿ ਡੇਲੀ ਟੈਲੀਗ੍ਰਾਫ’ ਦਾ ਈ ਡਬਲਯੂ ਸਵੈਂਟਨ ਸ਼ਾਮਿਲ ਸਨ। ਇਹ ਜ਼ਿਕਰ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਤਿੰਨਾਂ ਵਿੱਚੋਂ ਸਵੈਂਟਨ ਸਭ ਤੋਂ ਵੱਧ ਅਭਿਮਾਨੀ, ਪਰ ਸਭ ਤੋਂ ਘੱਟ ਲਿਆਕਤ ਵਾਲਾ ਸੀ। ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ ਤਾਂ ਬੈਰੀ ਬਹੁਤ ਸਮਝਦਾਰੀ ਜਾਂ ਫਿਰ ਸਾਵਧਾਨੀ ਨਾਲ, ਆਪਣੀ ਪੀੜ੍ਹੀ ਦੇ ਕ੍ਰਿਕਟ ਸਬੰਧੀ ਲਿਖਣ ਵਾਲਿਆਂ ਬਾਰੇ ਤੁਲਨਾਤਮਕ ਟਿੱਪਣੀਆਂ ਕਰਨ ਤੋਂ ਬਚਦਾ ਹੈ। ਇਸ ਦੀ ਬਜਾਏ, ਉਹ ਖੇਡ ਅਤੇ ਖਿਡਾਰੀਆਂ ’ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ। ਉਸ ਨੇ ਇਆਨ ਚੈਪਲ, ਜੈਫਰੀ ਬੌਇਕੌਟ, ਡੇਵਿਡ ਗੋਵਰ ਅਤੇ ਕੇਵਿਨ ਪੀਟਰਸਨ ਦੇ ਕ੍ਰਿਕਟ ਖਿਡਾਰੀਆਂ ਅਤੇ ਮਨੁੱਖ ਵਜੋਂ ਤਿੱਖੇ ਸ਼ਬਦ ਚਿੱਤਰ ਲਿਖੇ ਹਨ। ਪੂਰੀ ਕਿਤਾਬ ਵਿੱਚੋਂ ਇਸ ਖੇਡ ਦੀ ਤਕਨੀਕ ਅਤੇ ਇਨ੍ਹਾਂ ਸਾਲਾਂ ਦੌਰਾਨ ਇਸ ਵਿੱਚ ਆਏ ਬਦਲਾਅ ਬਾਰੇ ਬੈਰੀ ਦੀ ਗਹਿਰੀ ਸੂਝ ਝਲਕਦੀ ਹੈ। ਇੱਕ ਖ਼ਾਸ ਪੈਰੇ ਵਿੱਚ ਉਹ ਹੈਲਮੇਟ ਪਾਉਣ ਦੇ ਅਣਕਿਆਸੇ ਸਿੱਟਿਆਂ ਵੱਲ ਸਾਡਾ ਧਿਆਨ ਖਿੱਚਦਾ ਹੈ। ਉਹ ਦਲੀਲ ਦਿੰਦਾ ਹੈ ਕਿ ਸ਼ੁਰੂਆਤ ਵਿੱਚ ਹੈਲਮੇਟ ਬੱਲੇਬਾਜ਼ਾਂ ਨੂੰ ਤੇਜ਼ ਗੇਂਦਬਾਜ਼ੀ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨ ਲਈ ਪਹਿਨਾਏ ਜਾਂਦੇ ਰਹੇ, ਪਰ ਇਹ ਫਿਰਕੀ ਗੇਂਦਬਾਜ਼ੀ ਦੇ ਮਾਮਲੇ ’ਚ ਵਧੇਰੇ ਮਦਦਗਾਰ ਸਾਬਤ ਹੁੰਦੇ ਰਹੇ ਕਿਉਂਕਿ ਇਨ੍ਹਾਂ ਸਦਕਾ ਬੱਲੇਬਾਜ਼ ਫਿਰਕੀ ਗੇਂਦ ’ਤੇ ਵੀ ‘ਸਵੀਪ ਸ਼ੌਟ’ ਲਗਾ ਸਕਦੇ ਹਨ, ਜਿਸ ਦਾ ਸਾਹਮਣਾ ਉਹ ਪਹਿਲਾਂ ਸ਼ਾਇਦ ਰਵਾਇਤੀ ਤਰੀਕੇ ਨਾਲ ਕਰਦੇ ਸਨ। ਬੈਰੀ ਲਿਖਦਾ ਹੈ ਕਿ ਹੈਲਮੇਟ ਆਉਣ ਤੋਂ ਪਹਿਲਾਂ ‘ਗੇਂਦ ਦਾ ਉੱਪਰੀ ਕਿਨਾਰਾ ਵੱਜ ਕੇ ਦੰਦ ਟੁੱਟਣ ਦਾ ਡਰ ਬੱਲੇਬਾਜ਼ਾਂ ਨੂੰ ਸਪਿੰਨ ਗੇਂਦਾਂ ’ਤੇ ਸਵੀਪ ਸ਼ੌਟ ਲਗਾਉਣ ਤੋਂ ਰੋਕਦਾ ਸੀ, ਜੋ ਕਿ ਲੈੱਗ ਸਾਈਡ ਨਹੀਂ ਸੀ ਜਾਂਦੀਆਂ।’ ਫਿਰ ਜਦੋਂ ਜਾਲੀ ਅਤੇ ਛੱਜੇ ਵਾਲੇ, ਭਾਵ ਗਰਿੱਲ ਐਂਡ ਵਾਈਜ਼ਰ ਵਾਲੇ ਹੈਲਮੇਟ ਆਏ ਤਾਂ ਬੱਲੇਬਾਜ਼ਾਂ ਨੇ ਬਿਨਾਂ ਕਿਸੇ ਡਰ ਭੈਅ ਤੋਂ ਸਟੰਪ ’ਤੇ ਆਉਣ ਵਾਲੀ ‘ਗੁੱਡ-ਲੈਂਥ ਬਾਲ’ (ਅਜਿਹੀ ਦੂਰੀ ਤੋਂ ਸੁੱਟੀ ਗਈ ਗੇਂਦ, ਜਿਸ ਬਾਰੇ ਫਰੰਟ ਫੁਟ ਜਾਂ ਬੈਕ ਫੁਟ ਰਹਿ ਕੇ ਖੇਡਣ ਬਾਰੇ ਫ਼ੈਸਲਾ ਕਰਨਾ ਔਖਾ ਹੋਵੇ) ’ਤੇ ਵੀ ਸਵੀਪ, ਰਿਵਰਸ-ਸਵੀਪ, ਰੈਂਪ ਅਤੇ ਰਿਵਰਸ-ਰੈਂਪ ਵਰਗੇ ਸ਼ੌਟ ਖੇਡਣੇ ਸ਼ੁਰੂ ਕਰ ਦਿੱਤੇ।
ਇਸ ਕਿਤਾਬ ਵਿੱਚ ਉਸ ਨੇ ਚੂੰਢੀ ਵੱਢਣ ਵਾਲੀ ਸ਼ੈਲੀ ਦੀ ਵਰਤੋਂ ਵੀ ਕੀਤੀ ਹੈ, ਜਦੋਂ ਉਹ ਕਾਨਪੁਰ ਸਥਿਤ ਮੁੱਖ ਕ੍ਰਿਕਟ ਮੈਦਾਨ ਬਾਰੇ ਲਿਖਦਾ ਹੈ: ‘ਇਸ ਨੂੰ ਗਰੀਨ ਪਾਰਕ ਆਖਦੇ ਸਨ, ਜਿਵੇਂ ਕਾਨਪੁਰ ਸ਼ਹਿਰ ਦੇ ਐਨ ਵਿਚਕਾਰ ਇਹ ਇਕੱਲੀ ਅਜਿਹੀ ਥਾਂ ਹੋਵੇ, ਜੋ ਮਿੱਟੀ ਰੰਗੀ ਨਹੀਂ।’ ਇਸੇ ਦਰਮਿਆਨ ਇੰਗਲੈਂਡ ਦੀ ਦੌਰਾ ਕਰਨ ਵਾਲੀ ਟੀਮ ਦੇ ਇਸ ਦਾਅਵੇ ਕਿ ਉਹ ਸਥਾਨਕ ਸੱਭਿਆਚਾਰ ਨੂੰ ਮਾਣਨਾ ਚਾਹੁੰਦੇ ਹਨ, ਬਾਰੇ ਬੈਰੀ ਮਜ਼ਾਹੀਆ ਅੰਦਾਜ਼ ਵਿੱਚ ਲਿਖਦਾ ਹੈ ਕਿ ਇਸ ਦਾ ਮਤਲਬ ਜ਼ਿਆਦਾਤਰ ਇਹੋ ਹੁੰਦਾ ਹੈ ਕਿ ਉਹ ‘ਕਿਸੇ ਨੇੜਲੇ ਗੋਲਫ ਕੋਰਸ ਵਿੱਚ ਨਹੀਂ ਜਾ ਰਹੇ’।
ਬੈਰੀ ਕਾਫ਼ੀ ਪੈਨੀ ਨਜ਼ਰ ਨਾਲ ਦੇਖਦਿਆਂ ਨਿਰਣੇ ਦਿੰਦਾ ਹੈ, ਜਦੋਂ ਉਹ ਇਹ ਟਿੱਪਣੀ ਕਰਦਾ ਹੈ, ‘ਵਿਸ਼ਵ ਲੜੀ ਤੋਂ ਪੈਸੇ ਕਮਾਉਣ ਵਾਲੇ ਕ੍ਰਿਕਟਰਾਂ ਦੇ ਸਭ ਤੋਂ ਵੱਡੇ ਆਲੋਚਕ ਖ਼ੁਦ ਕਾਫ਼ੀ ਅਮੀਰ ਲੋਕ ਸਨ’। ਇਸ ਦੇ ਨਾਲ ਹੀ ਉਹ ਸ਼ਬਦ ਵੀ ਬਹੁਤ ਸੰਜਮ ਨਾਲ ਵਰਤਦਾ ਹੈ, ਜਿਵੇਂ, ਸੰਨ 1977 ਵਿੱਚ ਜੈਕ ਫਿੰਗਲਟਨ ਨਾਲ ਮਿਲਣ ’ਤੇ ਉਸ ਨੂੰ ‘ਉਸ ਸਮੇਂ ਤੱਕ ਆਸਟਰੇਲੀਆ ਦਾ ਸਭ ਤੋਂ ਵਧੀਆ ਕ੍ਰਿਕਟ ਲੇਖਕ’ ਦੱਸਦਾ ਹੈ। ਇਹ ਲਿਖ ਕੇ ਬੈਰੀ ਨੇ ਹੁਣ ਸਾਲ 2026 ਵਿੱਚ ਸਾਡੇ ਲਈ ਇਹ ਕਿਆਸ ਲਗਾਉਣ ਦੀ ਗੁੰਜਾਇਸ਼ ਛੱਡ ਦਿੱਤੀ ਕਿ ਸ਼ਾਇਦ ਇਸ ਤੋਂ ਮਗਰੋਂ ਇਹ ਰੁਤਬਾ (ਸਭ ਤੋਂ ਵਧੀਆ ਕ੍ਰਿਕਟ ਲੇਖਕ ਦਾ) ਗਿਡੀਅਨ ਹੈਗ ਨੇ ਹਾਸਿਲ ਕਰ ਲਿਆ ਜਾਪਦਾ ਹੈ। ਬੈਰੀ ਵੱਲੋਂ ਦਿੱਤੇ ਗਏ ਨਿਰਣੇ ਕਈ ਵਾਰ ਹਮਦਰਦੀ ਭਰੇ ਵੀ ਹੁੰਦੇ ਸਨ।
ਸ਼ਿਲਡ ਬੈਰੀ ਨੇ ਟੈਸਟ ਕ੍ਰਿਕਟ ਖੇਡਣ ਵਾਲੇ ਹਰ ਮੁਲਕ ਵਿੱਚ ਸਮਾਂ ਬਿਤਾਇਆ ਹੈ। ਉਹ ਪਹਿਲੀ ਵਾਰ ਸੰਨ 1977 ਵਿੱਚ ਪਾਕਿਸਤਾਨ ਗਿਆ ਅਤੇ 1980 ਵਿੱਚ ਭਾਰਤ ਆਇਆ ਅਤੇ ਇਸ ਮਗਰੋਂ ਉਹ ਅਕਸਰ ਉਪ-ਮਹਾਂਦੀਪ ’ਚ ਆਉਂਦਾ ਰਿਹਾ। ਉਹ ਸਿਆਸੀ ਪੱਖ ਤੋਂ ਦੋਵਾਂ ਦੇਸ਼ਾਂ ਦੀ ਤੁਲਨਾ ਦਿਲਚਸਪ ਢੰਗ ਨਾਲ ਕਰਦਾ। ਜਿਵੇਂ ਉਹ ਲਿਖਦਾ ਹੈ: ‘ਭਾਰਤ ਦੀ ਵਾਗਡੋਰ ਸੰਭਾਲਣ ਸਮੇਂ ਪੰਡਿਤ ਜਵਾਹਰਲਾਲ ਨਹਿਰੂ ਨੇ ਵੱਡੇ ਜਾਗੀਰਦਾਰਾਂ ਦੀ ਕਮਰ ਤੋੜ ਦਿੱਤੀ। ਇਸ ਲਈ ਉਹ (ਜਾਗੀਰਦਾਰ) ਸਿਆਸਤ ’ਤੇ ਹਾਵੀ ਨਾ ਹੋ ਸਕੇ। ਪੰਡਿਤ ਨਹਿਰੂ ਨੇ ਫ਼ੌਜੀਆਂ ਨੂੰ ਪੈਨਸ਼ਨ ਦੇ ਕੇ ਸੰਤੁਸ਼ਟ ਕੀਤਾ ਅਤੇ ਇਉਂ ਦੇਸ਼ ਦੀ ਫ਼ੌਜ ਨੂੰ ਬੈਰਕਾਂ ਤੱਕ ਮਹਿਦੂਦ ਰੱਖਿਆ। ਇਸ ਦੇ ਨਾਲ ਹੀ ਬੈਰੀ ਮੰਨਦਾ ਹੈ ਕਿ ਪੰਡਿਤ ਨਹਿਰੂ ਨੇ ਅਮਰੀਕੀ ਸਹਾਇਤਾ ਫੰਡ ਵਰਤ ਕੇ ਚੋਣਵੇਂ ਸ਼ਹਿਰਾਂ ਵਿੱਚ ਆਈ ਆਈ ਟੀਜ਼ ਬਣਵਾਏ। ਇਨ੍ਹਾਂ ਗਿਆਨ ਦੇ ਸੋਮਿਆਂ ’ਚੋਂ ਨਿਕਲੇ ਕਈ ਵਿਦਿਆਰਥੀ ਮਗਰੋਂ ਸਿਲੀਕੌਨ ਵੈਲੀ ਦੀਆਂ ਬਹੁਕੌਮੀ ਕੰਪਨੀਆਂ ਦੇ ਸੀ ਈ ਓ ਬਣੇ। ਪਾਕਿਸਤਾਨ ਨੇ ਅਜਿਹੇ ਸੁਧਾਰ ਲਾਗੂ ਨਹੀਂ ਕੀਤੇ (ਇਸ ਦਾ ਕਾਰਨ ਪਾਕਿਸਤਾਨ ਦੇ ਬਾਬਾ-ਏ-ਕੌਮ ਮੁਹੰਮਦ ਅਲੀ ਜਿਨਾਹ ਦਾ ਗੰਭੀਰ ਬਿਮਾਰ ਹੋਣਾ ਸੀ, ਇਸ ਲਈ ਉਹ ਚਾਹ ਕੇ ਵੀ ਅਜਿਹੇ ਕਾਰਜ ਨੇਪਰੇ ਨਹੀਂ ਸੀ ਚਾੜ੍ਹ ਸਕਦਾ)। ਇਸ ਦੀ ਥਾਂ ਅਮਰੀਕਾ ਨੇ ਪਾਕਿਸਤਾਨ ’ਚ ਆਪਣੇ ਏਅਰ ਬੇਸ ਬਣਾਏ ਅਤੇ ਇਸ ਮੁਲਕ ਨੂੰ ਭਾਰਤ, ਰੂਸ ਅਤੇ ਚੀਨ ਖ਼ਿਲਾਫ਼ ਆਪਣਾ ਸਾਥੀ ਬਣਾ ਲਿਆ।
ਕ੍ਰਿਕਟ ਰਿਪੋਰਟਰ ਵਜੋਂ ਸਭ ਤੋਂ ਪਹਿਲਾਂ ਪਾਕਿਸਤਾਨ ਦਾ ਦੌਰਾ ਕੀਤਾ ਹੋਣ ਕਾਰਨ ਬੈਰੀ ਇਸ ਮੁਲਕ ਨਾਲ ਖ਼ਾਸ ਲਗਾਅ ਦੀ ਗੱਲ ਕਬੂਲ ਕਰਦਾ ਹੈ। ਕਈ ਦੌਰਿਆਂ ਮਗਰੋਂ ਬੈਰੀ ਪਾਕਿਸਤਾਨ ਬਾਰੇ ਇਹ ਲਿਖ ਕੇ ਗੱਲ ਮੁਕਾਉਂਦਾ ਹੈ ਕਿ ‘ਇੱਥੇ ਸ਼ਖ਼ਸੀ ਵਿਕਾਸ ਅਤੇ ਨਿੱਜੀ ਉੱਦਮ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਜਦੋਂ ਤੱਕ ਤੁਸੀਂ ਇਹ ਮੁਲਕ ਛੱਡ ਕੇ ਪਰਵਾਸ ਨਹੀਂ ਕਰ ਜਾਂਦੇ, ਫ਼ੌਜ ਤੁਹਾਡੇ ’ਤੇ ਕੰਟਰੋਲ ਕਰਦੀ ਹੈ: ਜੇਕਰ ਤੁਸੀਂ ਗੱਲ ਨਹੀਂ ਮੰਨਦੇ ਤਾਂ ਤੁਹਾਡਾ ਪਰਿਵਾਰ ਗਾਇਬ ਹੋ ਸਕਦਾ ਹੈ। ਇਹ ਇੱਕ ਬੇਕਾਰ ਸਮਾਜ ਹੈ, ਜਿੱਥੇ ਆਦਮੀ ਆਦਮੀਆਂ ਨਾਲ, ਔਰਤਾਂ ਔਰਤਾਂ ਸਮਾਂ ਬਿਤਾਉਂਦੀਆਂ ਹਨ, ਔਰਤਾਂ-ਮਰਦਾਂ ਦਾ ਆਪਸੀ ਮੇਲਜੋਲ ਨਹੀਂ ਹੁੰਦਾ।’
(ਮੈਨੂੰ ਨਹੀਂ ਲੱਗਦਾ ਕਿ ਪਿਛਲੇ ਦਸ ਸਾਲਾਂ ਵਿੱਚ ਸ਼ਿਲਡ ਬੈਰੀ ਦੁਬਾਰਾ ਭਾਰਤ ਆਇਆ ਹੋਵੇਗਾ। ਜੇਕਰ ਹੁਣ ਉਹ ਇੱਥੇ ਆਵੇ ਤਾਂ ਸ਼ਾਇਦ ਉਸ ਨੂੰ ਜਾਪੇ ਕਿ ਭਾਰਤ ਵੀ ਪਾਕਿਸਤਾਨ ਜਿਹਾ ਹੋ ਗਿਆ ਹੈ।)
ਕ੍ਰਿਕਟ ਖੇਤਰ ਦੇ ਪਸਾਰ ਬਾਰੇ ਲੋੜੀਂਦੇ ਸ਼ਿਲਡ ਬੈਰੀ ਨੇ ਸਨਮਾਨਯੋਗ ਸ਼ਬਦਾਂ ਵਿੱਚ ਲਿਖਿਆ ਹੈ, ਪਰ ਫਿਰ ਵੀ ਪੁਸਤਕ ‘500 ਡਿਕਲੇਅਰਡ’ ਵਿੱਚ ਇੰਗਲੈਂਡ ਵੱਲੋਂ ਜਿੱਤੀਆਂ ਐਸ਼ੇਜ਼ ਲੜੀਆਂ ਤੇ ਖ਼ਾਸਕਰ ਸਾਲ 1981 ’ਚ ਹਾਸਲ ਕੀਤੀ ਜਿੱਤ ’ਤੇ ਬੈਰੀ ਵੱਲੋਂ ਵਧੇਰੇ ਜ਼ੋਰ ਦੇਣ ਦੀ ਗੱਲ ਸਮਝ ਆਉਂਦੀ ਹੈ। ਮੈਨੂੰ ਇਹ ਵੀ ਜਾਪਿਆ ਕਿ ਲੇਖਕ ਦੇ ਆਪਣੇ ਕ੍ਰਿਕਟ ਦੇ ਕਾਰਨਾਮਿਆਂ ਦਾ ਥੋੜ੍ਹਾ ਜ਼ਿਆਦਾ ਹੀ ਜ਼ਿਕਰ ਹੈ, ਜਿਸ ਵਿੱਚ ਖ਼ਾਸਕਰ ਪ੍ਰੈੱਸ XI ਅਤੇ ਮੌਜੂਦਾ ਤੇ ਜ਼ਿਆਦਾਤਰ ਖੇਡ ਤੋਂ ਸੰਨਿਆਸ ਲੈ ਕੇ ਚੁੱਕੇ ਖਿਡਾਰੀਆਂ ਦੀ ਟੀਮ ਦਰਮਿਆਨ ਅਚਾਨਕ ਹੋਏ ਮੈਚ ਵਿੱਚ ਟੈਸਟ ਕ੍ਰਿਕਟ ਖਿਡਾਰੀ ਨੂੰ ਆਊਟ ਕਰਨਾ ਵੀ ਸ਼ਾਮਿਲ ਹੈ। ਫਿਰ ਵੀ ਇਹ ਚੰਗੀ ਪੜ੍ਹਨ ਯੋਗ ਕਿਤਾਬ ਹੈ, ਜੋ ਕ੍ਰਿਕਟ ਰਿਪੋਰਟਰ ਵਜੋਂ ਲੇਖਕ ਦੇ ਸ਼ਾਨਦਾਰ ਤੇ ਬੇਮਿਸਾਲ ਅਨੁਭਵ ਅਤੇ ਖੇਡ ਤੋਂ ਬਾਹਰ ਉਸ ਦੀਆਂ ਰੁਚੀਆਂ ’ਤੇ ਆਧਾਰਿਤ ਹੈ।
ਜਦੋਂ ਮੈਂ ਸ਼ਿਲਡ ਬੈਰੀ ਦੀ ਕਿਤਾਬ ਪੜ੍ਹ ਲਈ ਤਾਂ ਮੈਂ ਸੋਚਣ ਲੱਗਿਆ: ‘‘ਕੀ ਬੀ ਸੀ ਸੀ ਆਈ ਤੋਂ ‘ਮਨਜ਼ੂਰਸ਼ੁਦਾ’ ਕੁਮੈਂਟੇਟਰਾਂ ਦੇ ਪੈਨਲ ਵਿੱਚੋਂ ਕੋਈ ਵੀ ਆਪਣੇ ਕਵਰ ਕੀਤੇ 500 ਜਾਂ ਘੱਟੋ-ਘੱਟ ਪੰਜਾਹ ਟੀ-20 ਮੈਚਾਂ ’ਤੇ ਓਨੀ ਹੀ ਦਿਲਚਸਪ ਕਿਤਾਬ ਲਿਖ ਸਕਦਾ ਹੈ? ਅਤੇ ਕੀ ਅਜਿਹੀ ਕਿਸੇ ਕਿਤਾਬ ਦੀ ਪਾਠਕ ਤਾਰੀਫ਼ ਕਰਨਗੇ, ਜਿਸ ਦਾ ਮੁੱਖਬੰਧ ਕ੍ਰਿਕਟ ਸਬੰਧੀ ਗਿਆਨ ਦੇ ਮਹਾਨ ਸੋਮੇ, ਜੈ ਸ਼ਾਹ ਨੇ ਲਿਖਿਆ ਹੋਵੇ? ਦੋਵੇਂ ਸਵਾਲਾਂ ਦਾ ਜਵਾਬ ਹੀ ਜ਼ੋਰਦਾਰ ‘ਨਾਂਹ’ ਹੋਵੇਗਾ। ਕ੍ਰਿਕਟ ਦੇ ਸਭ ਤੋਂ ਛੋਟੇ ਫੌਰਮੈੱਟ ਵਿੱਚ ਹੀ ਸਭ ਤੋਂ ਜ਼ਿਆਦਾ ਵਿਗਾੜ ਵੀ ਹਨ- ਛੋਟੀ ਬਾਊਂਡਰੀ, ਪੱਧਰੇ ਮੈਦਾਨ ਅਤੇ ਗੇਂਦਬਾਜ਼ਾਂ ਲਈ ਚਾਰ ਓਵਰਾਂ ਦੀ ਹੱਦ ਮਿਥਣਾ ਆਦਿ ਸਭ ਕੁਝ ਗੇਂਦਬਾਜ਼ਾਂ ਦੀ ਥਾਂ ਬੱਲੇਬਾਜ਼ਾਂ ਦੇ ਪੱਖ ਵਿੱਚ ਭੁਗਤਦਾ ਹੈ। ਦੋ ਪਾਰੀਆਂ ਅਤੇ ਪੰਜ ਰੋਜ਼ਾ ਮੈਚਾਂ ਨੂੰ ਟੈਸਟ ਮੈਚ ਕਹਿਣ ਦਾ ਕਾਰਨ ਇਹ ਹੈ ਕਿ ਬੱਲੇਬਾਜ਼ ਅਤੇ ਗੇਂਦਬਾਜ਼ ਦੋਵਾਂ ਨੂੰ ਆਪਣੀ ਪ੍ਰਤਿਭਾ ਤੇ ਕਾਬਲੀਅਤ ਦਿਖਾਉਣ ਦਾ ਮੌਕਾ ਮਿਲੇ, ਜਦੋਂਕਿ ਟੈਸਟ ਮੈਚਾਂ ਦੌਰਾਨ ਪਿੱਚ ਤੇ ਮੌਸਮ ਵਿੱਚ ਆਉਣ ਵਾਲੀਆਂ ਤਬਦੀਲੀਆਂ ਟੀ-20 ਅਤੇ ਇੱਕ ਰੋਜ਼ਾ ਕ੍ਰਿਕਟ ਮੈਚਾਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰਦੀਆਂ। ਸਫਲ ਟੈਸਟ ਕ੍ਰਿਕਟ ਖਿਡਾਰੀ ਬਣਨਾ ਸਫਲ ਟੀ20 ਖਿਡਾਰੀ ਬਣਨ ਨਾਲੋਂ ਬਹੁਤ ਜ਼ਿਆਦਾ ਮੁਸ਼ਕਿਲ ਹੈ। ਸੱਚ ਤਾਂ ਇਹ ਹੈ ਕਿ ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਣ ਵਾਲੀ ਭਾਰਤੀ ਟੀਮ ਵਿੱਚੋਂ ਇੱਕੋ ਖਿਡਾਰੀ - ਜਸਪ੍ਰੀਤ ਬੁਮਰਾਹ - ਭਾਰਤੀ ਟੈਸਟ ਕ੍ਰਿਕਟ ਟੀਮ ਵਿੱਚ ਥਾਂ ਬਣਾ ਸਕਦਾ ਹੈ।
ਪੁਸਤਕ ‘500 ਡਿਕਲੇਅਰਡ’ ਨੇ ਮੈਨੂੰ ਮੇਰੇ ਅੱਖੀਂ ਦੇਖੇ ਟੈਸਟ ਮੈਚਾਂ ਦੇ ਨਾਲ ਨਾਲ ਉਨ੍ਹਾਂ ਟੈਸਟ ਮੈਚਾਂ ਦੀ ਯਾਦ ਵੀ ਦਿਵਾ ਦਿੱਤੀ, ਜਿਨ੍ਹਾਂ ਦੀ ਕੁਮੈਂਟਰੀ ਮੈਂ ਰੇਡੀਓ ’ਤੇ ਸੁਣੀ ਸੀ ਅਤੇ ਟੈਲੀਵਿਜ਼ਨ ’ਤੇ ਦੇਖੇ ਸਨ। ਜਦੋਂ ਸ਼ਿਲਡ ਬੈਰੀ ਨੇ ਟ੍ਰੈਂਟ ਬ੍ਰਿਜ ਵਿੱਚ ਆਪਣਾ ਪਹਿਲਾ ਟੈਸਟ ਲਾਈਵ ਦੇਖਿਆ ਤਾਂ ਉਹ 19 ਸਾਲ ਦਾ ਸੀ ਅਤੇ ਉਦੋਂ ਮੈਂ 15 ਸਾਲ ਦਾ ਸੀ ਤੇ ਦੇਹਰਾਦੂਨ ਵਿੱਚ ਆਪਣੇ ਪਰਿਵਾਰ ਦੇ ਫਿਲਿਪਸ ਰੇਡੀਓ ’ਤੇ ਇਸ ਮੈਚ ਦੀ ਕੁਮੈਂਟਰੀ ਸੁਣੀ ਸੀ। ਇਸ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਦਾ ਸਟਾਰ ਬੱਲੇਬਾਜ਼ ਗਲੈੱਨ ਟਰਨਰ ਛੇਤੀ ਆਊਟ ਹੋ ਗਿਆ, ਪਰ ਫਿਰ ਟੀਮ ਦੇ ਕੈਪਟਨ ਬੀਵਨ ਕੌਂਗਡਨ ਨੇ ਆਪਣੀ ਜ਼ਿੰਦਗੀ ਦੀ ਬਿਹਤਰੀਨ ਪਾਰੀ ਖੇਡੀ ਅਤੇ ਵਿਕ ਪੋਲਾਰਡ ਦੇ ਨਾਲ ਪੰਜਵੀਂ ਪਾਰੀ ਮਜ਼ਬੂਤੀ ਨਾਲ ਖੇਡਦਿਆਂ ਮੈਚ ਨੂੰ ਦਿਲਚਸਪ ਬਣਾ ਦਿੱਤਾ। ਦੋਵਾਂ ਖਿਡਾਰੀਆਂ ਨੇ ਸੈਂਕੜੇ ਜੜੇ। ਕੌਂਗਡਨ ਜਦੋਂ ਆਪਣੇ ਕਰੀਅਰ ਦਾ ਸਰਬੋਤਮ ਸਕੋਰ ਬਣਾ ਕੇ ਆਊਟ ਹੋਇਆ ਤਾਂ ਸੁਨੱਖੇ ਵਿਕਟ ਕੀਪਰ ਤੇ ਬੱਲੇਬਾਜ਼ ਕੇੱਨ ਵਡਸਵਰਥ ਨੇ ਕਾਫ਼ੀ ਦੇਰ ਤੱਕ ਪੋਲਾਰਡ ਦਾ ਸਾਥ ਦਿੱਤਾ। ਆਖ਼ਰਕਾਰ ਦੋਵੇਂ ਆਊਟ ਹੋ ਗਏ ਅਤੇ ਨਿਊਜ਼ੀਲੈਂਡ ਦੀ ਜੁਝਾਰੂ ਟੀਮ 38 ਦੌੜਾਂ ਨਾਲ ਹਾਰ ਗਈ। ਦੂਜੀ ਟੀਮ ਦਾ ਹੀਰੋ ਗੇਂਦਬਾਜ਼ ਜੈਫਰੀ ਆਰਨਲਡ ਸੀ, ਜਿਸ ਦੇ ਅੰਕੜੇ 53-15-131-5 ਉਸ ਦੀ ਹਿੰਮਤ ਦੀ ਕਹਾਣੀ ਆਪ ਦੱਸਦੇ ਹਨ। ਅੱਜ 53 ਸਾਲ ਬਾਅਦ ਵੀ ਮੈਨੂੰ ਨਿਊਜ਼ੀਲੈਂਡ ਦੀ ਚੌਥੀ ਪਾਰੀ ਅਤੇ ਇਸ ਦੀਆਂ ਕੁਝ ਖ਼ਾਸ ਗੱਲਾਂ ਯਾਦ ਹਨ, ਜੋ ਬੀ ਬੀ ਸੀ ਦੇ ਟੈਸਟ ਮੈਚ ਸਪੈਸ਼ਲ ਦੇ ਕੁਮੈਂਟੇਟਰਾਂ ਦੇ ਮੂੰਹੋਂ ਸੁਣੀਆਂ ਸਨ। ਦੂਜੇ ਪਾਸੇ ਮੈਂ ਸੋਚਦਾ ਹਾਂ ਕਿ ਅਗਲੇ ਆਈ ਪੀ ਐੱਲ ਮੈਚਾਂ ’ਚ ਲੱਗੇ ਛੱਕਿਆਂ ਤੇ ਉਨ੍ਹਾਂ ’ਤੇ ਵੱਜੀਆਂ ਸੀਟੀਆਂ ਤੇ ਤਾੜੀਆਂ ਦੀ ਗੂੰਜ ਸੁਣਨ ਮਗਰੋਂ, ਕੀ ਮੇਰੇ ਘਰ ਨੇੜਲੇ ਸਟੇਡੀਅਮ ਵਿੱਚ ਕੁਝ ਦਿਨ ਪਹਿਲਾਂ ਹੋਇਆ ਆਈ ਪੀ ਐੱਲ ਮੈਚ ਦਰਸ਼ਕਾਂ ਨੂੰ ਅੱਜ ਤੋਂ ਇੱਕ ਸਾਲ ਜਾਂ ਇੱਕ ਮਹੀਨੇ ਬਾਅਦ ਵੀ ਯਾਦ ਰਹੇਗਾ!
ਈ-ਮੇਲ: ramachandraguha@yahoo.in

