DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਿਉਂਕਿ ਇਹ 21ਵੀਂ ਸਦੀ ਹੈ

ਹਰ ਪੰਜਾਬੀ ਨੂੰ ‘ਛੱਲਾ’ ਸੁਣਨਾ ਬਹੁਤ ਚੰਗਾ ਲੱਗਦਾ ਹੈ ਅਤੇ ਮੈਂ ਕਿਹੜਾ ਕੋਈ ਵੱਖਰੀ ਹਾਂ। ਬਹੁਤ ਸਾਰੇ ਗਾਇਕਾਂ ਨੇ ‘ਛੱਲਾ’ ਗਾਇਆ ਹੈ ਪਰ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦਾ ਗਾਇਆ ‘ਛੱਲਾ’ ਮੈਨੂੰ ਅੱਜ ਵੀ ਸਭ ਤੋਂ ਚੰਗਾ ਲੱਗਦਾ ਹੈ। ਜਦੋਂ ਉਹ...

  • fb
  • twitter
  • whatsapp
  • whatsapp
Advertisement

ਹਰ ਪੰਜਾਬੀ ਨੂੰ ‘ਛੱਲਾ’ ਸੁਣਨਾ ਬਹੁਤ ਚੰਗਾ ਲੱਗਦਾ ਹੈ ਅਤੇ ਮੈਂ ਕਿਹੜਾ ਕੋਈ ਵੱਖਰੀ ਹਾਂ। ਬਹੁਤ ਸਾਰੇ ਗਾਇਕਾਂ ਨੇ ‘ਛੱਲਾ’ ਗਾਇਆ ਹੈ ਪਰ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦਾ ਗਾਇਆ ‘ਛੱਲਾ’ ਮੈਨੂੰ ਅੱਜ ਵੀ ਸਭ ਤੋਂ ਚੰਗਾ ਲੱਗਦਾ ਹੈ। ਜਦੋਂ ਉਹ ਖ਼ੂਬਸੂਰਤ ਲੋਕ ਧੁਨ ’ਚ ਸਜਿਆ ਛੱਲਾ ਆਪਣੀ ਦਮਦਾਰ ਆਵਾਜ਼ ਵਿੱਚ ਗਾਉਂਦਾ ਸੀ ਤਾਂ ਉਹ ਆਵਾਜ਼ ਤੁਹਾਨੂੰ ਕਿਸੇ ਵੱਖਰੀ ਹੀ ਦੁਨੀਆ ਅਤੇ ਕੈਫ਼ੀਅਤ ’ਚ ਲੈ ਜਾਂਦੀ ਸੀ। (ਅਸਲ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਛੱਲਾ ਇੱਕ ਗਾਇਨ ਸ਼ੈਲੀ ਹੈ। ਕਿਹਾ ਜਾਂਦਾ ਹੈ ਕਿ ਇਹ ਇੱਕ ਮਲਾਹ ਜਲਾਲਦੀਨ ਉਰਫ਼ ਜੱਲੇ ਦੇ ਆਪਣੇ ਚੜ੍ਹਦੀ ਉਮਰ ਦੇ ਪੁੱਤਰ ਛੱਲੇ, ਜਿਸ ਨੂੰ ਉਸ ਨੇ ਬਹੁਤ ਲਾਡਾਂ ਨਾਲ ਪਾਲਿਆ ਸੀ, ਦੇ ਵਿਯੋਗ ਅਤੇ ਪੁੱਤਰ ਮੋਹ ਦੀ ਦਾਸਤਾਨ ਹੈ।) ਸਮਾਂ ਬੀਤਣ ਨਾਲ ਲੋਕ ਧਾਰਾ ਵਿੱਚ ਖ਼ਾਸ ਵੰਨਗੀ ਵਜੋਂ ਪ੍ਰਵਾਨ ਚੜ੍ਹਿਆ ‘ਛੱਲਾ’ ਸਮਾਜ ਦੀਆਂ ਹਕੀਕਤਾਂ ਦੀ ਜ਼ੁਬਾਨ ਬਣਿਆ। ਜਿਹੋ ਜਿਹਾ ਸਾਡਾ ਸਮਾਜ ਸੀ, ਉਸ ਦੀ ਸੋਚ ਸੀ, ਉਸੇ ਦੇ ਝਲਕਾਰੇ ‘ਛੱਲੇ’ ਵਿੱਚੋਂ ਮਿਲਦੇ ਹਨ।

ਅੱਜ ਵੀ ‘ਛੱਲਾ’ ਸੁਣਨਾ ਮੈਨੂੰ ਓਨਾ ਹੀ ਚੰਗਾ ਲੱਗਦਾ ਹੈ ਪਰ ਕੁਝ ਬੰਦ ਸੁਣ ਕੇ ਮੇਰਾ ਮਨ ਰਾਜ਼ੀ ਨਹੀਂ ਹੁੰਦਾ ਅਤੇ ਕਈ ਤਰ੍ਹਾਂ ਦੇ ਸਵਾਲ ਮਨ ਵਿੱਚ ਉੱਠਦੇ ਹਨ। ਛੱਲੇ ਦੀਆਂ ਇਹ ਸਤਰਾਂ ਸਾਡੇ ਸਮਾਜ ਵਿੱਚ ਪੁੱਤਰ ਮੋਹ, ਉਸ ਨਾਲ ਪਰਿਵਾਰ ਦੀ ਸੰਪੂਰਨਤਾ ਅਤੇ ਵੇਲ ਵਧਣ ਦੇ ਸੰਕਲਪ ਦੇ ਨਾਲ ਨਾਲ ਧੀਆਂ ਨਾਲੋਂ ਪੁੱਤਰਾਂ ਨੂੰ ਤਰਜੀਹ ਦੇਣ ਦੀ ਹਕੀਕਤ ਬਿਆਨਦੀਆਂ ਹਨ:

Advertisement

ਛੱਲਾ ਨੌਂ ਨੌਂ ਖੇਵੇ

Advertisement

ਪੁੱਤਰ ਮਿੱਠੜੇ ਮੇਵੇ

ਅੱਲ੍ਹਾ ਸਭ ਨੂੰ ਦੇਵੇ

ਕੀ ਧੀਆਂ ਦਾ ਸ਼ੁਮਾਰ ਮਿੱਠੜੇ ਮੇਵਿਆਂ ਵਿੱਚ ਨਹੀਂ ਹੁੰਦਾ? ਸ਼ਾਇਦ ਰੂੜੀਵਾਦੀ ਸੋਚ ਵਾਲਿਆਂ ਲਈ ਇਹੀ ਸੱਚ ਹੈ ਕਿਉਂਕਿ ਧੀਆਂ ਬਾਰੇ ਛੱਲੇ ਵਿੱਚ ਇਹ ਸਤਰਾਂ ਆਉਂਦੀਆਂ ਹਨ:

ਛੱਲਾ ਚੀਚੀ ਪਾਇਆ

ਧੀਆਂ ਧਨ ਵੇ ਪਰਾਇਆ

ਮੁੜ ਕੇ ਫੇਰਾ ਨਾ ਪਾਇਆ।

ਮੇਰੇ ਦਿਲ ਨੂੰ ਲੱਗਦਾ ਹੈ ਕਿ ਧੀ ਨੂੰ ‘ਪਰਾਇਆ ਧਨ’ ਦੱਸ ਕੇ ਜਿਵੇਂ ਧੀਆਂ ਦੀ ਹੋਂਦ ਤੇ ਹਸਤੀ ਨੂੰ ਨਕਾਰ ਦਿੱਤਾ ਗਿਆ ਹੋਵੇ ਅਤੇ ਉਨ੍ਹਾਂ ਨੂੰ ਦੁਜੈਲੇ ਦਰਜੇ ਦੀਆਂ ਇਨਸਾਨ ਸਮਝਿਆ ਜਾਂਦਾ ਹੋਵੇ। ਸਾਡੇ ਸਮਾਜ ਅਤੇ ਪਿੱਤਰਸੱਤਾ ਦੀ ਸਮੁੱਚੀ ਮਾਨਸਿਕਤਾ ‘ਪੁੱਤਰ ਮਿੱਠੜੇ ਮੇਵੇ’ ਅਤੇ ‘ਧੀਆਂ ਧਨ ਵੇ ਪਰਾਇਆ’ ਦੇ ਦੋ ਫ਼ਿਕਰਿਆਂ ’ਚੋਂ ਝਲਕਦੀ ਹੈ।

‘ਛੱਲਾ’ ਸੁਣਨ ਵੇਲੇ ਇੱਥੇ ਆ ਕੇ ਮੇਰਾ ਮਨ ਪ੍ਰੇਸ਼ਾਨ ਹੋ ਉੱਠਦਾ ਹੈ। ਲਗਦੈ ਜਿਵੇਂ ਔਰਤ ਦੇ ਸਮੁੱਚੇ ਵਜੂਦ ’ਤੇ ਹੀ ਸਵਾਲ ਹੋਵੇ। ਭਾਵੇਂ ਪੇਕਾ ਘਰ ਹੋਵੇ ਜਾਂ ਸਹੁਰਾ ਘਰ, ਸਾਰੀ ਉਮਰ ਉਹ ਰਹਿੰਦੀਆਂ ‘ਪਰਾਈਆਂ’ ਹੀ ਨੇ।

* * *

ਪੁਣੇ ਵਿੱਚ ਪਿਛਲੇ ਦਿਨੀਂ ਕਾਂਗਰਸ ਪਾਰਟੀ ਵੱਲੋਂ ਲੜਕੀਆਂ ਲਈ ਕਰਵਾਏ ਗਏ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਵਿੱਚ ਧੀਆਂ ਨੇ ਜਦੋਂ ਮੰਚ ਤੋਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਤਾਂ ਉਸ ਸਮਾਗਮ ਵਿੱਚ ਮਨੂਸਮ੍ਰਿਤੀ ਵਿਚਲੇ ਔਰਤਾਂ ਬਾਰੇ ਨਜ਼ਰੀਏ ਅਤੇ ਪਿੱਤਰਸੱਤਾ ਬਾਰੇ ਸਵਾਲ ਉੱਚੀ ਸੁਰ ਵਿੱਚ ਗੂੰਜੇ। ਅਖ਼ਬਾਰ ਵਿੱਚ ਕੰਮ ਕਰਦਿਆਂ ਤੇ ਖ਼ਬਰ ਪੱਖੋਂ ਇਸ ਪ੍ਰੋਗਰਾਮ ’ਤੇ ਨਜ਼ਰ ਰੱਖਦਿਆਂ ਮੇਰੇ ਮਨ ਦੇ ਖੱਲਾਂ ਖੂੰਜਿਆਂ ਵਿਚਲੇ ਸਵਾਲਾਂ ਨੇ ਵੀ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਖ਼ਬਰਾਂ ਦੀ ਵਿਉਂਤਬੰਦੀ ਬਾਰੇ ਦੇਰ ਸ਼ਾਮ ਆਪਣੇ ਸੀਨੀਅਰ ਸਹਿਯੋਗੀ ਨਾਲ ਹੋਈ ਮੀਟਿੰਗ ਦੌਰਾਨ ਜਦੋਂ ਇਸੇ ਖ਼ਬਰ ਨੂੰ ਲੈ ਕੇ ਲੜਕੀਆਂ/ਔਰਤਾਂ ਦੇ ਮਸਲਿਆਂ ਬਾਰੇ ਗੱਲ ਤੁਰੀ ਤਾਂ ਮੇਰੇ ਸਹਿਯੋਗੀ ਨੇ ਪਿੱਤਰਸੱਤਾ ਨੂੰ ਲੈ ਕੇ ਆਪਣੇ ਘਰ ਦੀ ਹਕੀਕਤ ਮੇਰੇ ਨਾਲ ਸਾਂਝੀ ਕੀਤੀ। ਉਹ ਆਪਣੇ ਪਰਿਵਾਰ ਵਿੱਚ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ। ਦੋ ਭੈਣਾਂ ਉਸ ਤੋਂ ਵੱਡੀਆਂ ਹਨ ਅਤੇ ਇੱਕ ਛੋਟੀ ਹੈ। ਦੋ ਧੀਆਂ ਮਗਰੋਂ ਪੈਦਾ ਹੋਏ ਇਸ ਪੁੱਤਰ ਦਾ ਘਰ ਵਿੱਚ ਵਿਸ਼ੇਸ਼ ਰੁਤਬਾ ਸੀ। ਭਾਵੇਂ ਘਰ ਵਿੱਚ ਖਾਣ ਲਈ ਕੁਝ ਖ਼ਾਸ ਆਉਂਦਾ ਜਾਂ ਫਿਰ ਨਵੇਂ ਕੱਪੜੇ ਲੈਣੇ ਹੁੰਦੇ, ਤਰਜੀਹ ਹਮੇਸ਼ਾ ਉਸੇ ਨੂੰ ਹੀ ਮਿਲਦੀ ਸੀ। ਉਸ ਨੇ ਦੱਸਿਆ ਕਿ ਮਾਪਿਆਂ ਅਤੇ ਇੱਥੋਂ ਤੱਕ ਕਿ ਭੈਣਾਂ ਦਾ ਰਵੱਈਆ ਵੀ ਉਸ ਪ੍ਰਤੀ ਅਜਿਹਾ ਸੀ ਕਿ ਉਸ ਨਾਲ ਹੁੰਦਾ ਵਿਸ਼ੇਸ਼ ਵਿਹਾਰ ਉਸ ਨੂੰ ਖ਼ੁਦ ਅਤੇ ਉਸ ਦੀਆਂ ਭੈਣਾਂ ਨੂੰ ਵੀ ਸਹਿਜ ਲਗਦਾ। ਘਰ ਖਾਣ ਵਾਲੀ ਚੀਜ਼ ਦੇ ਆਉਣ ’ਤੇ ਮਾਂ ਦਾ ਧੀਆਂ ਨੂੰ ਫ਼ਰਮਾਨ ਹੁੰਦਾ, ‘‘ਪਹਿਲਾਂ ਵੀਰ ਨੂੰ ਦੇ ਦਿਓ।’’ ਸਹਿਯੋਗੀ ਦਾ ਕਹਿਣਾ ਸੀ, ‘‘ਪਿੱਤਰਸੱਤਾ ਦੀ ਅਜਿਹੀ ਸੋਚ ਨੂੰ ਭੈਣਾਂ ਨੇ ਵੀ ਸਹਿਜ ਸਵੀਕਾਰ ਕੀਤਾ ਹੋਇਆ ਸੀ। ਉਨ੍ਹਾਂ ਕਦੇ ਮੈਨੂੰ ਤਰਜੀਹ ਦਿੱਤੇ ਜਾਣ ’ਤੇ ਉਜ਼ਰ ਨਹੀਂ ਸੀ ਕੀਤਾ ਅਤੇ ਮੈਨੂੰ ਖ਼ੁਦ ਵੀ ਲਗਦਾ ਸੀ ਕਿ ਇਹ ਤਾਂ ਮੇਰਾ ਹੱਕ ਹੈ। ਜਦੋਂ ਤੱਕ ਮੈਂ ਕਾਲਜ/ ਯੂਨੀਵਰਸਿਟੀ ਨਹੀਂ ਸੀ ਗਿਆ, ਉਦੋਂ ਤੱਕ ਮੈਂ ਵੀ ਆਪਣੇ ਮਾਪਿਆਂ ਅਤੇ ਆਪਣੇ ਖ਼ੁਦ ਦੇ ਪਿੱਤਰਸੱਤਾ ਵਾਲੇ ਰਵੱਈਏ ਬਾਰੇ ਸਚੇਤ ਨਹੀਂ ਸੀ। ਫਿਰ ਜਦੋਂ ਮੈਂ ਘਰ ਵਿੱਚ ਆਪਣੀਆਂ ਭੈਣਾਂ ਦੇ ਹੱਕ ’ਚ ਗੱਲ ਕਰਨੀ ਤਾਂ ਬਾਪੂ ਆਖਦਾ, ‘ਮੁੰਡਿਆ, ਇਨ੍ਹਾਂ ਨੂੰ ਐਨੀ ਖੁੱਲ੍ਹ ਦੇ ਕੇ ਤੂੰ ਔਖਾ ਹੋਏਂਗਾ।’ ਦਰਅਸਲ, ਮੇਰਾ ਬਾਪੂ ਫ਼ੌਜੀ ਸੀ ਤੇ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਭੈਣਾਂ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਸੀ।’’ ਇਹ ਸਿਰਫ਼ ਮੇਰੇ ਸਹਿਯੋਗੀ ਦੇ ਘਰ ਦੀ ਗੱਲ ਨਹੀਂ। ਸਾਡੇ ਸਾਰਿਆਂ ਦੇ ਘਰਾਂ ਦੀ ਹਕੀਕਤ ਇਹੋ ਹੀ ਹੈ।

21ਵੀਂ ਸਦੀ ਵਿੱਚ ਵੀ ਪਿੱਤਰਸੱਤਾ ਦੀ ਜਕੜ ਢਿੱਲੀ ਨਹੀਂ ਹੋਈ। ਅੱਜ ਵੀ ਔਰਤ ਦੀ ਹੋਂਦ ਨੂੰ ਪਹਿਲਾਂ ਪਿਤਾ, ਫਿਰ ਪਤੀ ਅਤੇ ਪੁੱਤਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ‘ਮਨੂਸਮ੍ਰਿਤੀ’ ਦੇ ਨੌਵੇਂ ਅਧਿਆਏ ਦੇ ਸ਼ਲੋਕ ਨੰਬਰ 194 ਦਾ ਭਾਵ ਅਰਥ ਵੀ ਲਗਪਗ ਇਹੀ ਹੈ: ‘ਬਚਪਨ ਵਿੱਚ ਧੀ ਦੀ ਰੱਖਿਆ ਪਿਤਾ ਕਰਦਾ ਹੈ, ਜਵਾਨੀ ਵਿੱਚ ਪਤੀ ਅਤੇ ਬੁਢਾਪੇ ਵਿੱਚ ਪੁੱਤਰ। ਉਸ ਨੂੰ ਕਿਸੇ ਵੀ ਸੂਰਤ ਇਕੱਲਿਆਂ ਨਹੀਂ ਛੱਡਣਾ ਚਾਹੀਦਾ।’ ਮਨੂਸਮ੍ਰਿਤੀ ਵਿੱਚ ਔਰਤ ਨੂੰ ਹਮੇਸ਼ਾ ਆਪਣੀ ਰੱਖਿਆ ਲਈ ਮਰਦ ’ਤੇ ਨਿਰਭਰ ਹੋਣ ਦੀ ਗੱਲ ਹੀ ਨਹਂੀਂ ਕੀਤੀ ਗਈ ਸਗੋਂ ਉਸ ਨੂੰ ਮਨੁੱਖ ਵਜੋਂ ਵੀ ਛੁਟਿਆ ਕੇ ਦੇਖਿਆ ਗਿਆ ਹੈ। ਇੱਕ ਪਤਨੀ ਦੇ ਫਰਜ਼ਾਂ ਵਿੱਚ ਇਹ ਗੱਲ ਸ਼ਾਮਿਲ ਕੀਤੀ ਗਈ ਹੈ ਕਿ ਜੇਕਰ ਉਸ ਦਾ ਪਤੀ ਚੰਗਾ ਨਹੀਂ ਅਤੇ ਰਿਸ਼ਤੇ ਪ੍ਰਤੀ ਇਮਾਨਦਾਰ ਨਹੀਂ ਤਾਂ ਵੀ ਉਹ ਉਸ ਨੂੰ ਪਰਮੇਸ਼ਵਰ ਮੰਨ ਕੇ ਉਸ ਦੀ ਪੂਜਾ ਅਤੇ ਸੇਵਾ ਕਰੇ। ਹੋਰ ਤਾਂ ਹੋਰ ਮਨੂਸਮ੍ਰਿਤੀ ਵਿੱਚ ਦਰਜ ਇੱਕ ਸ਼ਲੋਕ ਮੁਤਾਬਿਕ ਕਿਸੇ ਵੀ ਉਮਰ ਦੀ ਔਰਤ ਨੂੰ ਆਪਣੇ ਘਰ ਵਿੱਚ ਵੀ ਕੋਈ ਕੰਮ ਆਪਣੀ ਮਰਜ਼ੀ ਨਾਲ ਸੁਤੰਤਰ ਤੌਰ ’ਤੇ ਕਰਨ ਦਾ ਹੱਕ ਨਹੀਂ।

* * *

ਹਾਲ ਹੀ ’ਚ ਜੰਤਰ-ਮੰਤਰ ਦੇ ਜੈੱਨ-ਜ਼ੀ ਅੰਦੋਲਨ ਮੌਕੇ ਨੌਜਵਾਨਾਂ ਦੀ ਮਾੜੀ ਭਾਸ਼ਾ ਅਤੇ ਕੱਢੀਆਂ ਗਈਆਂ ਗਾਲ਼ਾਂ ਵੱਡੀ ਚਰਚਾ ਦਾ ਵਿਸ਼ਾ ਬਣੀਆਂ। ਦੇਸ਼ ਅਤੇ ਸਮਾਜ ਨੇ ਮੁੰਡਿਆਂ ਦੀਆਂ ਗਾਲਾਂ ਨੂੰ ਹੋਊ ਪਰ੍ਹੇ ਕਰ ਦਿੱਤਾ ਪਰ ਧੀਆਂ ਵੱਲੋਂ ਕੱਢੀਆਂ ਗਾਲ਼ਾਂ ਨੂੰ ਲੈ ਕੇ ਸਾਰਿਆਂ ਨੂੰ ‘ਸਭਿਆਚਾਰਕ ਸਦਮਾ’ ਲੱਗ ਗਿਆ। ਧੀਆਂ ਦਾ ਉੱਘੜਵਾਂ ਸਵਾਲ ਸੀ ਕਿ ਮੁੰਡਿਆਂ ਦੀਆਂ ਗਾਲ਼ਾਂ ਕਾਰਨ ਦੇਸ਼ ਤੇ ਸਮਾਜ ਨੂੰ ਸਦਮਾ ਕਿਉਂ ਨਹੀਂ ਪੁੱਜਿਆ? ਧੀਆਂ ਨੂੰ ਤਾਂ ਭਾਵੇਂ ਬੋਲ ਕੇ ਕਿਸੇ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ, ਪਰ ਸੱਚ ਇਹ ਹੈ ਕਿ 21ਵੀਂ ਸਦੀ ਵਿੱਚ ਵੀ ਪਿੱਤਰਸੱਤਾ ਵਾਲੀ ਮਾਨਸਿਕਤਾ ਬਦਲੀ ਤਾਂ ਨਹੀਂ! ਜਿੱਥੋਂ ਤੱਕ ਗਾਲ਼ਾਂ ਦਾ ਸਵਾਲ ਹੈ, ਸਾਰੀਆਂ ਗਾਲ਼ਾਂ ਵਿੱਚ ਔਰਤਾਂ ਨੂੰ ਹੀ ਪੁਣਿਆ ਜਾਂਦਾ ਹੈ ਤੇ ਇਨ੍ਹਾਂ ਗਾਲ਼ਾਂ ਰਾਹੀਂ ਬੇਇੱਜ਼ਤੀ ਮਰਦ ਦੀ ਕੀਤੀ ਜਾਂਦੀ ਹੈ ਕਿਉਂਕਿ ਰੂੜੀਵਾਦੀ ਸੋਚ ਮੁਤਾਬਿਕ ਔਰਤ ਮਰਦ ਦੀ ਸੰਪਤੀ ਹੈ।

ਇਸ ਜੈੱਨ-ਜ਼ੀ ਅੰਦੋਲਨ ਦੌਰਾਨ ਧੀਆਂ-ਭੈਣਾਂ ਨੂੰ ਇੰਨੇ ਕੁਬੋਲ ਬੋਲੇ ਗਏ ਕਿ ਬਹੁਤ ਉੱਚੇ ਸੁਚ ਵਿੱਚ ਉਨ੍ਹਾਂ ਨੂੰ ਇਹ ਦੱਸਣਾ ਪਿਆ ਕਿ ਆਪਣੀਆਂ ਮਾਲਕ ਉਹ ਖ਼ੁਦ ਹਨ, ਜੋ ਆਪਣੀ ਉਡਾਣ ਲਈ ਅੰਬਰ ਖ਼ੁਦ ਚੁਣਨਗੀਆਂ ਤੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਦੀ ਪਰਵਾਜ਼ ਭਰਨਗੀਆਂ।

ਗੱਲ ਸਿਰਫ਼ ਸਾਡੇ ਦੇਸ਼ ਹੀ ਨਹੀਂ ਜਦੋਂ  ਕੈਨੇਡਾ ਵਿੱਚ ਜਸਟਿਨ ਟਰੂਡੋ 2015 ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਤਾਂ ਉਨ੍ਹਾਂ ਦੀ ਤੀਹ ਮੈਂਬਰੀ ਕੈਬਨਿਟ ਵਿੱਚ 15 ਔਰਤਾਂ ਸ਼ਾਮਿਲ ਸਨ। ਇੱਕ ਪੱਤਰਕਾਰ ਸੰਮੇਲਨ ਵਿੱਚ ਜਦੋਂ  ਉਨ੍ਹਾਂ ਨੂੰ ਇਹ ਪੁੱਛਿਆ ਗਿਆ, ‘‘ਤੁਸੀਂ ਆਪਣੀ ਕੈਬਨਿਟ ਵਿੱਚ ਅੱਧੀਆਂ ਔਰਤਾਂ ਨੂੰ ਕਿਉਂ ਸ਼ਾਮਿਲ ਕੀਤਾ ਹੈ?’’ ਤਾਂ ਜਸਟਿਨ ਟਰੂਡੋ ਨੇ ਬਿਨਾਂ ਕੋਈ ਸਫ਼ਾਈ ਦਿੱਤਿਆਂ ਮਹਿਜ਼ ਇੱਕ ਫਿਕਰਾ ਬੋਲਿਆ, ‘‘ਕਿਉਂਕਿ ਇਹ 21ਵੀਂ ਸਦੀ ਹੈ ਤੇ ਇਹੀ ਇਸ ਸਦੀ ਦਾ ਤਕਾਜ਼ਾ ਹੈ।’’

Advertisement
×