ਅਸੀਂ ਨਿਆਂ ਚਾਹੁੰਦੇ ਹਾਂ, ਮਾਈ ਲਾਰਡਜ਼ !

ਦੇਸ਼ ਦੀਆਂ ਅਦਾਲਤਾਂ ਸਾਹਮਣੇ ਅਰਜ਼ਦਾਸ਼ਤ

ਦੇਸ਼ ਦੀਆਂ ਅਦਾਲਤਾਂ ਸਾਹਮਣੇ ਅਰਜ਼ਦਾਸ਼ਤ

ਪ੍ਰੋਮੀਥੀਅਸ

ਸਵਰਾਜਬੀਰ

ਮਾਈ ਲਾਰਡਜ਼, ਰਿਗ ਵੇਦ ਵਿਚ ਇਕ ਕਥਾ ਦੱਸੀ ਗਈ ਹੈ ਜਿਸ ਅਨੁਸਾਰ ਦੇਵਰਾਜ ਇੰਦਰ ਨੇ ਦਧਯੰਜ (ਦਧੀਚ) ਨਾਂ ਦੇ ਵੈਦਕ ਰਿਸ਼ੀ ਨੂੰ ਵਿਗਿਆਨ ਪੜ੍ਹਾਇਆ ਪਰ ਬਾਅਦ ਵਿਚ ਧਮਕੀ ਦਿੱਤੀ ਕਿ ਜੇ ਇਹ ਵਿਗਿਆਨ ਕਿਸੇ ਹੋਰ ਨੂੰ ਪੜ੍ਹਾਵੇਗਾ ਤਾਂ ਉਹ (ਇੰਦਰ) ਉਸ ਰਿਸ਼ੀ ਦਾ ਸਿਰ ਕੱਟ ਦੇਵੇਗਾ। ਦੇਵਤਿਆਂ ਦੇ ਵੈਦ ਅਸ਼ਵਨੀ ਕੁਮਾਰਾਂ (ਇਹ ਜੁੜਵਾਂ ਭਰਾ ਦੱਸੇ ਗਏ ਹਨ) ਨੇ ਦਧੀਚ ਨੂੰ ਉਹ ਵਿਗਿਆਨ ਅਗਾਂਹ ਪੜ੍ਹਾਉਣ ਲਈ ਪ੍ਰੇਰਿਆ।

ਹੈਨਰੀ ਡੇਵਿਡ ਥੋਰੂ

ਮਾਈ ਲਾਰਡ, ਤੁਸੀਂ ਯੂਨਾਨੀ ਮਿਥਿਹਾਸ ਦੀ ਪ੍ਰੋਮੀਥੀਅਸ ਬਾਰੇ ਕਹਾਣੀ ਨੂੰ ਵੀ ਜਾਣਦੇ ਹੋ ਜਿਸ ਵਿਚ ਪ੍ਰੋਮਿਥਿਊਸ ਨੇ ਦੇਵਤਿਆਂ ਤੋਂ ਅੱਗ ਚੁਰਾ ਕੇ ਮਨੁੱਖਾਂ ਨੂੰ ਦਿੱਤੀ। ਏਹੀ ਨਹੀਂ, ਕਹਾਣੀ ਅਨੁਸਾਰ (ਜਿਸ ਬਾਰੇ ਯੂਨਾਨੀ ਨਾਟਕਕਾਰ ਐਸਕੇਲਿਸ (Aeschylus) ਨੇ ਨਾਟਕ ‘ਪ੍ਰੋਮੀਥੀਅਸ ਬਾਊਂਡ’ ਅਤੇ ਅੰਗਰੇਜ਼ੀ ਕਵੀ ਸ਼ੈਲੇ ਨੇ ਕਵਿਤਾ ‘ਪ੍ਰੋਮੀਥੀਅਸ ਅਨਬਾਊਂਡ’ ਲਿਖੀ) ਪ੍ਰੋਮੀਥੀਅਸ ਨੇ ਮਨੁੱਖਾਂ ਨੇ ਖੇਤੀ, ਦਵਾਈਆਂ, ਭਾਸ਼ਾ, ਗਣਿਤ ਅਤੇ ਭਵਿੱਖਬਾਣੀ ਕਰਨ ਬਾਰੇ ਗਿਆਨ ਵੀ ਦਿੱਤਾ। ਪ੍ਰੋਮੀਥੀਅਸ ਦੀ ਇਸ ਕਾਰਵਾਈ ਤੋਂ ਉਸ ਸਮੇਂ ਰੱਬ ਮੰਨਿਆ ਜਾਂਦਾ ਮਹਾਂ-ਦੇਵ ਜੀਊਸ (Zeus) ਏਨਾ ਨਾਰਾਜ਼ ਹੋਇਆ ਕਿ ਉਸ ਨੇ ਪ੍ਰੋਮੀਥੀਅਸ ਨੂੰ ਪਹਾੜ ਦੀ ਕਿੱਲੀ ਨਾਲ ਬੰਨ੍ਹ ਦਿੱਤਾ ਜਿੱਥੇ ਇਕ ਬਾਜ਼ ਰੋਜ਼ ਉਸ ਦਾ ਜਿਗਰ ਨੋਚਦਾ ਪਰ ਪ੍ਰੋਮੀਥੀਅਸ ਨੇ ਹਾਰ ਨਹੀਂ ਮੰਨੀ ਅਤੇ ਲੋਕਾਈ ਨਾਲ ਖੜ੍ਹੇ ਹੋਣ ਨੂੰ ਤਰਜੀਹ ਦਿੱਤੀ।

ਮਾਈ ਲਾਰਡ, ਦੰਦ-ਕਥਾਵਾਂ ਹਮੇਸ਼ਾਂ ਹਕੀਕਤ ਦੇ ਆਧਾਰ ’ਤੇ ਬਣਦੀਆਂ ਹਨ। ਉਪਰਲੀਆਂ ਦੰਦ-ਕਥਾਵਾਂ ਦਾ ਵਿਚਾਰਧਾਰਕ ਆਧਾਰ ਸਪੱਸ਼ਟ ਹੈ ਕਿ ਸੱਤਾਧਾਰੀ ਤਾਕਤਾਂ ਹਮੇਸ਼ਾਂ ਇਹ ਚਾਹੁੰਦੀਆਂ ਹਨ ਕਿ ਗਿਆਨ-ਵਿਗਿਆਨ ਅਤੇ ਸਹੀ ਜਾਣਕਾਰੀ ਆਮ ਲੋਕਾਂ ਤਕ ਨਾ ਪਹੁੰਚੇ। ਇਹ ਤਾਂ ਦੰਦ-ਕਥਾਵਾਂ ਹਨ ਪਰ ਅਸੀਂ 16ਵੀਂ ਸਦੀ ਦੇ ਇਤਾਲਵੀ ਪਾਦਰੀ, ਤਾਰਾ ਵਿਗਿਆਨੀ, ਹਿਸਾਬਦਾਨ ਅਤੇ ਚਿੰਤਕ ਜਰਦਾਨੋ ਬਰੂਨੋ (Giordano Bruno) ਬਾਰੇ ਤਾਂ ਪੱਕਾ ਜਾਣਦੇ ਹਾਂ ਜਿਸ ਨੂੰ ਇਸ ਲਈ ਜਿਊਂਦੇ ਸਾੜ ਦਿੱਤਾ ਗਿਆ ਕਿ ਉਹ ਖਗੋਲ ਵਿਗਿਆਨੀ ਕੋਪਰਨੀਕਸ ਦੇ ਇਸ ਸਿਧਾਂਤ ਦਾ ਪ੍ਰਚਾਰ ਕਰਦਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਇਹ ਧਾਰਨਾ ਉਸ ਸਮੇਂ ਵਿਚ ਪ੍ਰਚਲਿਤ ਈਸਾਈ ਧਾਰਮਿਕ ਵਿਸ਼ਵਾਸਾਂ, ਜਿਨ੍ਹਾਂ ਅਨੁਸਾਰ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ ਅਤੇ ਸੂਰਜ, ਤਾਰੇ ਅਤੇ ਬ੍ਰਹਿਮੰਡ ਦੀ ਹਰ ਚੀਜ਼, ਧਰਤੀ ਦੁਆਲੇ ਘੁੰਮਦੀ ਹੈ, ਦੇ ਵਿਰੁੱਧ ਸੀ। ਅਸੀਂ ਇਹ ਵੀ ਜਾਣਦੇ ਹਾਂ, ਏਸੇ ਕਾਰਨ ਤਾਰਾ ਵਿਗਿਆਨੀ ਗਲੀਲੀਓ ਨੂੰ ਵੀ ਸਜ਼ਾ ਦਿੱਤੀ ਗਈ। ਏਸੇ ਲਈ ਬਰੂਨੋ ਅਤੇ ਗਲੀਲੀਓ ਨੂੰ ਵਿਚਾਰਾਂ ਦੀ ਆਜ਼ਾਦੀ ਅਤੇ ਸੱਚ ਦੇ ਹੱਕ ਵਿਚ ਖਲੋਣ ਵਾਲੇ ਨਾਇਕ ਮੰਨਿਆ ਜਾਂਦਾ ਹੈ।

ਦਿਸ਼ਾ ਰਵੀ

ਬਰੂਨੋ ਅਤੇ ਗਲੀਲੀਓ ਦੀ ਕਥਾਵਾਂ ਮੱਧਕਾਲੀਨ ਸਮਿਆਂ ਦੀਆਂ ਨੇ। ਅਸੀਂ ਉਨ੍ਹਾਂ ਸਮਿਆਂ ਵਿਚ ਜਿਊਂਦੇ ਹਾਂ ਜਦ 18ਵੀਂ ਸਦੀ ਵਿਚ ਹੋਏ ਫਰਾਂਸੀਸੀ ਇਨਕਲਾਬ ਨੇ ਸਾਰੀ ਮਨੁੱਖਤਾ ਸਾਹਮਣੇ ਆਜ਼ਾਦੀ, ਬਰਾਬਰੀ ਅਤੇ ਸਾਂਝੀਵਾਲਤਾ ਦੇ ਸਿਧਾਂਤ ਰੱਖੇ ਅਤੇ ਸਾਰੀ ਦੁਨੀਆ ਵਿਚ ਸਵੀਕਾਰੇ ਗਏ। ਅਸੀਂ ਉਸ ਦੇਸ਼ ਵਿਚ ਰਹਿੰਦੇ ਹਾਂ ਜਿਸ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਆਦਰਸ਼ ਹਨ: ਸਾਰਿਆਂ ਵਾਸਤੇ ਨਿਆਂ, ਆਜ਼ਾਦੀ, ਸਾਰੇ ਨਾਗਰਿਕਾਂ ਦੀ ਬਰਾਬਰੀ ਅਤੇ ਸਾਂਝੀਵਾਲਤਾ। ਸੰਵਿਧਾਨ ਨੂੰ ਦੇਸ਼ ਦੇ ਬੁਨਿਆਦੀ ਕਾਨੂੰਨ (Fundamental Law of the Country) ਵਜੋਂ ਮਾਨਤਾ ਦਿੱਤੀ ਜਾਂਦੀ ਹੈ।

ਮੈਂ ਉਪਰ ਦੱਸੀਆਂ ਕਹਾਣੀਆਂ, ਇਸ ਲਈ ਦੱਸੀਆਂ ਨੇ ਮਾਈ ਲਾਰਡ, ਕਿ ਅੱਜ ਦੇਸ਼ ਦੀਆਂ ਅਦਾਲਤਾਂ ’ਚ ਹੱਕ-ਸੱਚ ਦੀ ਗੱਲ ਕਰਨ ਵਾਲੇ ਨੌਜਵਾਨ ਖੁਆਰ ਹੋ ਰਹੇ ਹਨ। ਬੰਗਲੂਰੂ ਦੀ ਨੌਜਵਾਨ ਕੁੜੀ ਦਿਸ਼ਾ ਰਵੀ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿ ਉਹ ਇੰਟਰਨੈੱਟ ਦੇ ਜਾਣਕਾਰੀ ਦੇਣ ਵਾਲੇ ਡਿਜੀਟਲ ਸਾਧਨ, ਜਿਸ ਨੂੰ ਟੂਲਕਿੱਟ ਕਹਿੰਦੇ ਨੇ, ਬਣਾ ਰਹੀ ਸੀ ਜਿਸ ਰਾਹੀਂ ਕੇਂਦਰੀ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਬਾਰੇ ਜਾਣਕਾਰੀ ਮੁਹੱਈਆ ਕਰਾਈ ਜਾ ਸਕੇ। ਦਿੱਲੀ ਪੁਲੀਸ ਨੇ ਉਸ ਦੇ ਸਾਥੀਆਂ ਵਕੀਲ ਨਿਕਿਤਾ ਜੈਕਬ ਅਤੇ ਇੰਜਨੀਅਰ ਸ਼ਾਂਤਨੂੰ ਵਿਰੁੱਧ ਵੀ ਗ਼ੈਰ-ਜ਼ਮਾਨਤੀ ਵਾਰੰਟ ਕੱਢੇ ਸਨ। ਦਿਸ਼ਾ ਰਵੀ ਸਾਰੀ ਲੋਕਾਈ ਨੂੰ ਦੱਸਣਾ ਚਾਹੁੰਦੀ ਸੀ ਕਿ ਸਾਡੇ ਦੇਸ਼ ਵਿਚ ਕਿਸਾਨਾਂ ਨਾਲ ਕੀ ਹੋ ਰਿਹਾ ਹੈ। ਇਹ ਟੂਲਕਿੱਟ ਵਾਤਾਵਰਨ ਲਈ ਕੰਮ ਕਰਨ ਵਾਲੀ ਕਿਸ਼ੋਰ ਉਮਰ ਕਾਰਕੁਨ ਗਰੇਟਾ ਥੁਨਬਰਗ ਨਾਲ ਵੀ ਸਾਂਝੀ ਕੀਤੀ ਗਈ। ਅੱਜਕੱਲ੍ਹ ਸਾਰੀ ਲੋਕਾਈ ਤਕ ਸਹੀ ਜਾਣਕਾਰੀ ਪਹੁੰਚਾਉਣ ਨੂੰ ਕੌਮਾਂਤਰੀ ਸਾਜ਼ਿਸ਼ ਕਿਹਾ ਜਾਂਦਾ ਹੈ। ਕੀ ਕਿਸਾਨਾਂ ਦੇ ਹੱਕ ਵਿਚ ਲੋਕ-ਰਾਏ ਲਾਮਬੰਦ ਕਰਨਾ ਅਪਰਾਧ ਹੈ ਮਾਈ ਲਾਰਡਜ਼?

ਨਿਕਿਤਾ ਜੈਕਬ

ਮੰਗਲਵਾਰ ਦਿਸ਼ਾ ਰਵੀ ਨੂੰ ਜ਼ਮਾਨਤ ਦੇ ਦਿੱਤੀ ਗਈ ਪਰ ਇਸ ਤਰ੍ਹਾਂ ਦੇ ਸੈਂਕੜੇ ਨੌਜਵਾਨ ਜੇਲ੍ਹ ਵਿਚ ਹਨ। ਦਿੱਲੀ ਪੁਲੀਸ ਨੇ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ, ਸਫ਼ੂਰਾ ਜ਼ਰਗਰ, ਇਸ਼ਰਤ ਜਹਾਂ, ਗੁਲਫਿਸ਼ਾਂ ਫਾਤਿਮਾ, ਆਸਿਫ ਇਕਬਾਲ ਤਨਹਾ, ਉਮਰ ਖਾਲਿਦ ਅਤੇ ਹੋਰ ਵਿਦਿਆਰਥੀ ਆਗੂਆਂ ਨੂੰ ਫਰਵਰੀ 2020 ਵਿਚ ਦਿੱਲੀ ਦੇ ਉੱਤਰ ਪੂਰਬੀ ਜ਼ਿਲ੍ਹੇ ਵਿਚ ਦੰਗੇ ਭੜਕਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਪੁਲੀਸ ਨੇ ਨੌਦੀਪ ਕੌਰ, ਸ਼ਿਵਦੀਪ ਅਤੇ ਹੋਰਨਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਹੈ ਕਿ ਉਨ੍ਹਾਂ ਨੇ ਮਜ਼ਦੂਰਾਂ ਦੇ ਹੱਕਾਂ ਵਿਚ ਆਵਾਜ਼ ਬੁਲੰਦ ਕੀਤੀ। ਪੱਤਰਕਾਰ ਸਿੱਦੀਕੀ ਕੱਪਨ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਉਹ ਹਾਥਰਸ ਉੱਤਰ ਪ੍ਰਦੇਸ਼ ਵਿਚ ਇਕ ਦਲਿਤ ਕੁੜੀ ਦੇ ਕਤਲ ਬਾਰੇ ਰਿਪੋਰਟਿੰਗ ਕਰਨ ਜਾ ਰਿਹਾ ਸੀ। ਉਦਾਹਰਨਾਂ ਏਨੀਆਂ ਹਨ ਮਾਈ ਲਾਰਡਜ਼ ਕਿ ਬੰਦਾ ਲਿਖਦਾ ਲਿਖਦਾ ਥੱਕ ਜਾਵੇਗਾ। ਮੈਂ ਤੁਹਾਡੇ ਸਾਹਮਣੇ ਅਰਜ਼ ਕਰਦਿਆਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਸਾਡੇ ਦੇਸ਼ ਵਿਚ ਨਿਆਂ-ਅਧਿਕਾਰੀ ਇਹ ਦੇਖਣ ਤੋਂ ਅਸਮਰੱਥ ਹਨ ਕਿ ਉਨ੍ਹਾਂ ਦੇ ਸਾਹਮਣੇ ਅਨਿਆਂ ਹੋ ਰਿਹਾ ਹੈ। ਉਹ ਬਸਤੀਵਾਦ ਰਾਜ ਦੇ ਨਿਆਂ-ਅਧਿਕਾਰੀ ਨਹੀਂ ਕਿ ਹਕੂਮਤ ਦੁਆਰਾ ਲੋਕਾਂ ਦੇ ਹੱਕਾਂ ਵਿਚ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਣਾ ਸਹੀ ਸਮਝਣ; ਉਹ ਆਜ਼ਾਦ ਭਾਰਤ ਦੇ ਨਿਆਂ-ਅਧਿਕਾਰੀ ਹਨ। ਕੀ ਉਹ ਇਸ ਗੱਲ ਦੀ ਥਾਹ ਨਹੀਂ ਪਾ ਸਕਦੇ ਕਿ ਝੂਠੇ ਕੇਸ ਬਣਾ ਕੇ ਨੌਜਵਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ?

ਤੁਹਾਨੂੰ ਇੰਗਲੈਂਡ ਦੇ ਮਸ਼ਹੂਰ ਜੱਜ ਲਾਰਡ ਡੈਨਿੰਗ ਨਾਲ ਸਬੰਧਿਤ ਘਟਨਾ ਯਾਦ ਹੋਵੇਗੀ। ਵੇਲਜ਼ ਦੇ ਕੁਝ ਵਿਦਿਆਰਥੀਆਂ ਨੇ 1970 ਵਿਚ ਇੰਗਲੈਂਡ ਦੀ ਅਦਾਲਤ ਵਿਚ ਆਪਣੀ ਭਾਸ਼ਾ ਦੇ ਹੱਕ ਵਿਚ ਨਾਅਰੇ ਲਾਏ ਸਨ। ਕੁਝ ਵਿਦਿਆਰਥੀਆਂ ਨੂੰ ਮਾਣ-ਹਾਨੀ ਦੇ ਦੋਸ਼ ਵਿਚ ਜੁਰਮਾਨਾ ਕੀਤਾ ਗਿਆ ਤੇ ਕੁਝ ਨੂੰ ਕੈਦ ਦੀ ਸਜ਼ਾ ਸੁਣਾਈ ਗਈ। ਜਦ ਅਪੀਲ ਲਾਰਡ ਡੈਨਿੰਗ ਦੇ ਸਾਹਮਣੇ ਆਈ ਤਾਂ ਉਸ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਮੁਆਫ਼ ਕਰ ਦਿੱਤਾ ਕਿ ਉਹ ਅਦਾਲਤੀ ਪ੍ਰਕਿਰਿਆ ਰਾਹੀਂ ਅਪੀਲ ਕਰ ਰਹੇ ਹਨ। ਨਾਲ ਨਾਲ ਲਾਰਡ ਡੈਨਿੰਗ ਨੇ ਉਨ੍ਹਾਂ ਦੀ ਬੁਨਿਆਦੀ ਮੰਗ ਕਿ ਵੈਲਿਸ਼ ਭਾਸ਼ਾ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਦੇ ਸਹੀ ਹੋਣ ਦਾ ਜ਼ਿਕਰ ਕੀਤਾ। ਮਾਈ ਲਾਰਡ, ਕੀ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਗਏ ਸਾਡੇ ਦੇਸ਼ ਦੇ ਨੌਜਵਾਨਾਂ ਦੀਆਂ ਮੰਗਾਂ ਸਹੀ ਨਹੀਂ ਹਨ? ਕੀ ਤੁਸੀਂ ਸੱਚਮੁੱਚ ਯਕੀਨ ਕਰਦੇ ਹੋ ਕਿ ਇਹ ਬੱਚੇ-ਬੱਚੀਆਂ ਦੰਗੇ ਕਰਵਾ ਸਕਦੇ ਹਨ।

ਮਾਈ ਲਾਰਡਜ਼, ਅਸੀਂ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ। ਸੱਚ ਦੱਸਣਾ, ਮਾਈ ਲਾਰਡਜ਼, ਕੀ ਤੁਸੀਂ ਯਕੀਨ ਕਰਦੇ ਹੋ ਕਿ ਸਾਰੀ ਉਮਰ ਲੋਕ-ਹੱਕਾਂ ਦੇ ਨਗਮੇਂ ਗਾਉਣ ਵਾਲਾ ਕਵੀ ਵਰਵਰਾ ਰਾਓ ਅਤੇ ਆਪਣੀ ਜ਼ਿੰਦਗੀ ਕਬਾਇਲੀ ਲੋਕਾਂ ਵਿਚ ਕੰਮ ਕਰਨ ਵਾਲਾ ਪਾਦਰੀ ਸਟੈਨ ਸਵਾਮੀ, ਜਿਸ ਦੇ ਹੱਥ ਪਾਣੀ ਦਾ ਗਲਾਸ ਵੀ ਨਹੀਂ ਫੜ ਸਕਦੇ, ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਸਾਜ਼ਿਸ਼ ਰਚ ਸਕਦੇ ਹਨ; ਦੇਸ਼-ਧ੍ਰੋਹੀ ਹੋ ਸਕਦੇ ਹਨ?

ਮਾਈ ਲਾਰਡਜ਼, ਕੀ ਅਸੀਂ ਇਹ ਦੇਖਣ ਤੋਂ ਅਸਮਰੱਥ ਹਾਂ ਕਿ ਸਾਜ਼ਿਸ਼ ਕੌਣ ਰਚ ਰਿਹਾ ਹੈ। ਮੈਂ ਬੜੇ ਅਦਬ ਨਾਲ ਕਹਿਣਾ ਚਾਹੁੰਦਾ ਹਾਂ, ਮਾਈ ਲਾਰਡਜ਼ ਕਿ ਸਭ ਨੂੰ ਪਤਾ ਹੈ ਕਿ ਸਾਜ਼ਿਸ਼ ਕੌਣ ਰਚ ਰਿਹਾ ਹੈ ਪਰ ਸਵਾਲ ਇਹ ਹੈ ਕਿ ਸਾਡੀਆਂ ਮਾਣਯੋਗ ਅਦਾਲਤਾਂ ਉਨ੍ਹਾਂ ਤਾਕਤਾਂ ’ਤੇ ਉਂਗਲ ਕਿਉਂ ਨਹੀਂ ਧਰ ਰਹੀਆਂ। ਮਾਈ ਲਾਰਡਜ਼, ਤੁਹਾਡੇ ਵਿਚੋਂ ਕਈਆਂ ਨੇ ਕਿਹਾ ਹੈ ਕਿ ਸਰਕਾਰਾਂ ਅਤੇ ਪੁਲੀਸ ਦੇਸ਼-ਧ੍ਰੋਹ ਵਾਲੇ ਕਾਨੂੰਨ ਦੀ ਦੁਰਵਰਤੋਂ ਕਰ ਰਹੀਆਂ ਹਨ ਪਰ ਅਸੀਂ ਉਸ ਦੁਰਵਰਤੋਂ ਨੂੰ ਬੰਦ ਕਰਵਾਉਣ ਤੋਂ ਅਸਮਰੱਥ ਜਾਪਦੇ ਹਾਂ। ਏਹੀ ਨਹੀਂ, ਇਸ ਦੇਸ਼ ਵਿਚ ਸਾਡੀਆਂ ਅਦਾਲਤਾਂ ਦੇ ਬਰਾਬਰ ਸੜਕਾਂ ਤੇ ਸ਼ਾਹਰਾਹਾਂ ’ਤੇ ਹਜੂਮੀ ਭੀੜਾਂ ਨੇ ਆਪਣਾ ਨਿਆਂ ਕੀਤਾ। ਘੱਟਗਿਣਤੀ ਫ਼ਿਰਕੇ ਨਾਲ ਸਬੰਧਿਤ ਕਈ ਵਿਅਕਤੀਆਂ ਨੂੰ ਮਾਰਿਆ-ਕੁੱਟਿਆ ਗਿਆ ਤੇ ਕਈਆਂ ਨੂੰ ਮਾਰ ਵੀ ਦਿੱਤਾ ਗਿਆ ਪਰ ਦੇਸ਼ ਦੀ ਨਿਆਂ-ਪ੍ਰਬੰਧ ਪ੍ਰਣਾਲੀ ਵੱਲੋਂ ਇਨ੍ਹਾਂ ਸਮਾਨਾਂਤਰ ਹਜੂਮੀ ਅਦਾਲਤਾਂ ਬਾਰੇ ਕੋਈ ਸਖ਼ਤ ਨਿਰਣਾ ਨਹੀਂ ਆਇਆ। ਜਦ ਕਿਸੇ ਜੱਜ ਸਾਹਿਬ ਨੇ ਨਫ਼ਰਤ ਫੈਲਾਉਣ ਵਾਲੇ ਨਾਅਰੇ (‘‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ… ਕੋ’’) ਲਗਾਉਣ ਵਾਲੇ ਸਿਆਸਤਦਾਨਾਂ ਵਿਰੁੱਧ ਕੇਸ ਕਰਨ ਦੇ ਹੁਕਮ ਦਿੱਤੇ ਤਾਂ ਉਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਕੀ ਅਸੀਂ ਏਨੇ ਬੇਵੱਸ ਹੋ ਗਏ ਹਾਂ ਮਾਈ ਲਾਰਡਜ਼?

ਤੁਸੀਂ ਖੇਤੀ ਕਾਨੂੰਨਾਂ ਬਾਰੇ ਵੀ ਕੇਸ ਸੁਣੇ ਪਰ ਉਨ੍ਹਾਂ ਦੀ ਸੰਵਿਧਾਨਿਕਤਾ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ। ਇਸ ਅੰਦੋਲਨ ਵਿਚ 200 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ; ਸਰਕਾਰਾਂ ਨੇ ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਕੀ ਕਰਨੀ ਸੀ, ਸਰਕਾਰਾਂ ਕੋਲ ਉਨ੍ਹਾਂ ਬਾਰੇ ਸਹੀ ਅੰਕੜੇ ਵੀ ਨਹੀਂ। ਕੋਈ ਦਿਨ ਸਨ ਮਾਈ ਲਾਰਡਜ਼, ਜਦ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜ ਸਾਹਿਬਾਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹ ਕੇ ਖ਼ੁਦ (Suo Motto) ਸਰਕਾਰ ਦੀ ਜਵਾਬਤਲਬੀ ਕਰਦੇ ਸਨ। ਅਜਿਹੀਆਂ ਕਾਰਵਾਈਆਂ ਹੁਣ ਵੀ ਹੁੰਦੀਆਂ ਹਨ ਪਰ ਬਹੁਤ ਘੱਟ। ਉਹ ਦਿਨ ਕਿੱਥੇ ਗਏ ਮਾਈ ਲਾਰਡਜ਼? ਹਾਂ, ਸੱਚਮੁੱਚ ਉਹ ਦਿਨ ਜਦ ਸੁਪਰੀਮ ਕੋਰਟ ਨੇ ਇਹ ਹੁਕਮ ਸੁਣਾਏ ਸਨ ਕਿ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ‘‘ਨਿਯਮ ਹੈ ਕਿ ਜ਼ਮਾਨਤ ਦਿੱਤੀ ਜਾਏ ਨਾ ਕਿ ਮੁਲਜ਼ਮ ਨੂੰ ਜੇਲ੍ਹ ਭੇਜਿਆ ਜਾਏ (Bail is rule, jail is exception)’’ ਦੇ ਅਸੂਲਾਂ ’ਤੇ ਚੱਲਣਾ ਚਾਹੀਦਾ ਹੈ।

ਦਿਸ਼ਾ ਰਵੀ ਨੂੰ ਜ਼ਮਾਨਤ ਮਿਲ ਗਈ ਪਰ ਦੇਸ਼ ਦੇ ਹਾਈ ਕੋਰਟਾਂ ਵਿਚ 80,000 ਤੋਂ ਜ਼ਿਆਦਾ ਜ਼ਮਾਨਤ ਲਈ ਅਰਜ਼ੀਆਂ ਸੁਣਵਾਈ ਦੀ ਉਡੀਕ ਕਰ ਰਹੀਆਂ ਹਨ ਅਤੇ ਜ਼ਿਲ੍ਹਾ ਅਦਾਲਤਾਂ ਵਿਚ ਇਹ ਗਿਣਤੀ 2 ਲੱਖ ਦੇ ਲਾਗੇ ਪਹੁੰਚਣ ਵਾਲੀ ਹੈ। ਕਹਿਣ ਦਾ ਮਤਲਬ ਇਹ ਨਹੀਂ ਕਿ ਸਭਨਾਂ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ, ਅਰਜ਼ਦਾਸ਼ਤ ਇਹ ਹੈ ਕਿ ਅਦਾਲਤਾਂ ਨੂੰ ਘਿਨਾਉਣੇ ਅਪਰਾਧ ਕਰਨ ਵਾਲਿਆਂ ਅਤੇ ਲੋਕ-ਹੱਕਾਂ ਲਈ ਲੜਨ ਵਾਲਿਆਂ ਵਿਚ ਨਿਖੇੜਾ ਕਰਨਾ ਚਾਹੀਦਾ ਹੈ ਅਤੇ ਉਸ ਨਿਖੇੜੇ ਨੂੰ ਜ਼ਬਾਨ ਦੇਣੀ ਚਾਹੀਦੀ ਹੈ। ਕੀ ਅਸੀਂ ਇਹ ਨਹੀਂ ਕਰ ਸਕਦੇ, ਮਾਈ ਲਾਰਡਜ਼? ਅਸੀਂ ਨਿਆਂ ਚਾਹੁੰਦੇ ਹਾਂ ਮਾਈ ਲਾਰਡਜ਼!

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All