ਪਿਛਲੇ ਦਿਨੀਂ ਅੰਗਰੇਜ਼ੀ ਅਖ਼ਬਾਰ ‘ਫਾਈਨੈਂਸ਼ੀਅਲ ਐਕਸਪ੍ਰੈਸ’ ਵਿਚ ਛਪੇ ਲੇਖ ਵਿਚ ਗੁਜਰਾਤ ਦੇ ਇਕ ਕਾਰੋਬਾਰੀ ਦੇ ਕਾਰੋਬਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਈ 2014 ਵਿਚ ਇਹ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਹੋਏ ਜ਼ੋਰਦਾਰ ਇਜ਼ਾਫ਼ੇ ਦਾ ਬਹੁਤ ਹੀ ਤਫ਼ਸੀਲ ਤੇ ਨਿਰਪੱਖਤਾ ਭਰੇ ਢੰਗ ਨਾਲ ਵੇਰਵਾ ਦਿੱਤਾ ਗਿਆ ਹੈ। ਇਸ ਲੇਖ ਵਿਚ ਲਿਖਿਆ ਹੈ:
‘ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ਉਹ ਗੁਜਰਾਤ ਤੋਂ ਮੁਲਕ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਗੌਤਮ ਅਡਾਨੀ ਦੇ ਪ੍ਰਾਈਵੇਟ ਜੈੱਟ ਵਿਚ ਆਏ ਜੋ ਉਨ੍ਹਾਂ ਦੀ ਦੋਸਤੀ ਦਾ ਖੁੱਲ੍ਹੇਆਮ ਮੁਜ਼ਾਹਰਾ ਸੀ ਅਤੇ ਇਸ ਤੋਂ ਉਨ੍ਹਾਂ ਦੇ ਨਾਲੋ-ਨਾਲ ਸੱਤਾ ਦੀਆਂ ਬੁਲੰਦੀਆਂ ਤੱਕ ਪੁੱਜਣ ਦਾ ਵੀ ਪਤਾ ਲੱਗਦਾ ਸੀ। ਜਦੋਂ ਤੋਂ ਮੋਦੀ ਨੇ ਸੱਤਾ ਸੰਭਾਲੀ ਹੈ, ਅਡਾਨੀ ਦੇ ਕੁੱਲ ਅਸਾਸੇ ਕਰੀਬ 230 ਫ਼ੀਸਦੀ ਵਧ ਕੇ 26 ਅਰਬ ਡਾਲਰ ਤੱਕ ਪੁੱਜ ਗਏ, ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਟੈਂਡਰ ਮਿਲੇ ਅਤੇ ਉਨ੍ਹਾਂ ਦੇਸ਼ ਭਰ ਵਿਚ ਬੁਨਿਆਦੀ ਢਾਂਚਾ ਪ੍ਰਾਜੈਕਟ ਉਸਾਰੇ।’
ਮੈਂ ਭਾਵੇਂ ਕਦੇ ਵੀ ਮੋਦੀ ਨੂੰ ਨਹੀਂ ਮਿਲਿਆ ਪਰ ਇਹ ਲੇਖ ਪੜ੍ਹ ਕੇ ਮੈਨੂੰ ਉਹ ਯਾਦਾਂ ਤਾਜ਼ਾ ਹੋ ਗਈਆਂ ਕਿ ਜੇ ਮੈਂ ਚਾਹਿਆ ਹੁੰਦਾ ਤਾਂ ਮੈਂ ਅਡਾਨੀ ਨੂੰ ਮਿਲ ਹੀ ਨਹੀਂ ਸਾਂ ਸਕਦਾ ਸਗੋਂ ਉਸ ਨਾਲ ਕੰਮ ਵੀ ਕਰ ਸਕਦਾ ਸਾਂ। ਇਸ ਦਾ ਪਿਛੋਕੜ ਇੰਜ ਹੈ: ਮੈਂ ਸਤੰਬਰ 2013 ਵਿਚ ਕਿਤਾਬ ‘ਗਾਂਧੀ ਬਿਫੋਰ ਇੰਡੀਆ’ ਪ੍ਰਕਾਸ਼ਤ ਕੀਤੀ ਜਿਹੜੀ ਗਾਂਧੀ ਦੇ ਰਿਆਸਤ ਕਾਠੀਆਵਾੜ ਵਿਚ ਪਾਲਣ-ਪੋਸ਼ਣ, ਸ਼ਾਹੀ ਸ਼ਹਿਰ ਲੰਡਨ ਵਿਚ ਪੜ੍ਹਾਈ ਅਤੇ ਦੱਖਣੀ ਅਫ਼ਰੀਕਾ ਵਿਚ ਵਕੀਲ ਤੇ ਸਮਾਜਿਕ ਕਾਰਕੁਨ ਵਜੋਂ ਕਰੀਅਰ ਨਾਲ ਸਬੰਧਤ ਸੀ। ਉਸੇ ਸਾਲ ਦਸੰਬਰ ਮਹੀਨੇ ਮੁੰਬਈ ਵਿਚ ਇਕ ਸਾਹਿਤਕ ਸਮਾਗਮ ਦੌਰਾਨ ਮੈਂ ਇਸ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਇਕ ਨੌਜਵਾਨ ਮੈਨੂੰ ਮਿਲਿਆ ਤੇ ਦੱਸਿਆ ਕਿ ਉਹ ਉੱਭਰਦਾ ਲੇਖਕ ਹੈ, ਉਹ ਮੇਰੇ ਨਾਲ ਕੋਈ ਅਹਿਮ ਗੱਲ ਕਰਨਾ ਚਾਹੁੰਦਾ ਸੀ ਪਰ ਮੈਂ ਬੰਗਲੌਰ ਲਈ ਹਵਾਈ ਜਹਾਜ਼ ਫੜਨ ਵਾਸਤੇ ਹਵਾਈ ਅੱਡੇ ਲਈ ਰਵਾਨਾ ਹੋਣ ਦੀ ਕਾਹਲ ਵਿਚ ਸਾਂ ਜਿਸ ਕਾਰਨ ਮੈਂ ਉਸ ਦੀ ਗੱਲ ਨਾ ਸੁਣ ਸਕਿਆ। ਮੈਂ ਉਸ ਨੂੰ ਆਪਣਾ ਈਮੇਲ ਪਤਾ ਦਿੱਤਾ ਤਾਂ ਕਿ ਉਹ ਜੋ ਵੀ ਗੱਲ ਮੇਰੇ ਨਾਲ ਕਰਨੀ ਚਾਹੁੰਦਾ ਸੀ, ਮੈਨੂੰ ਲਿਖ ਕੇ ਭੇਜ ਸਕੇ।
ਕੁਝ ਦਿਨਾਂ ਬਾਅਦ ਉਸ ਦੀ ਮੇਲ ਆ ਗਈ। ਉਸ ਨੇ ਲਿਖਿਆ ਕਿ ਉਹ ਕਿਸੇ ਸਲਾਹਕਾਰੀ ਸੇਵਾ ਕੰਪਨੀ ਵਿਚ ਕੰਮ ਕਰਦਾ ਹੈ ਜਿਹੜੀ ‘ਗੌਤਮ ਅਡਾਨੀ ਦੀ ਜੀਵਨੀ ਲਿਖਣ ਦੇ ਪ੍ਰਾਜੈਕਟ ਉਤੇ ਕੰਮ ਕਰ ਰਹੀ ਹੈ’। ਉਸ ਨੇ ਨਾਲ ਹੀ ਲਿਖਿਆ, ‘ਕੰਪਨੀ ਦੀ ਇਸ ਜੀਵਨੀ ਬਾਰੇ ਅਡਾਨੀ ਨਾਲ ਗੱਲਬਾਤ ਚੱਲ ਰਹੀ ਹੈ।’ ਉਸ ਮੁਤਾਬਕ ‘ਇਕ ਨਾਮੀ ਸਾਹਿਤਕ ਮਾਹਿਰ ਨੇ ਦੱਸਿਆ ਹੈ ਕਿ ਬਹੁਤ ਸਾਰੇ ਚੋਟੀ ਦੇ ਪ੍ਰਕਾਸ਼ਨ ਇਸ ਪ੍ਰਾਜੈਕਟ ਵਿਚ ਦਿਲਚਸਪੀ ਰੱਖਦੇ ਹਨ।’ ਉਸ ਨੇ ਲਿਖਿਆ ਕਿ ਉਸ ਦੀ ਕੰਪਨੀ ਅਤੇ ਅਡਾਨੀ ਗਰੁੱਪ ਕਿਉਂਕਿ ‘ਇਸ ਸਬੰਧੀ ਬਹੁਤ ਹੀ ਮਿਆਰੀ ਤੇ ਡੂੰਘਾਈ ਵਾਲਾ ਕੰਮ ਚਾਹੁੰਦੇ ਹਨ, ਇਸ ਕਾਰਨ ਅਸੀਂ ਕਿਸੇ ਅਜਿਹੇ ਸ਼ਖ਼ਸ ਦੀ ਤਲਾਸ਼ ਵਿਚ ਹਾਂ ਜੋ ਇਸ ਮਾਮਲੇ ਵਿਚ ਸੇਧਗਾਰ ਅਤੇ ਸਲਾਹਕਾਰ ਵਜੋਂ ਕੰਮ ਕਰ ਸਕੇ।’ ਉਹ ਚਾਹੁੰਦੇ ਸਨ ਕਿ ਮੈਂ ਇਹ ਜ਼ਿੰਮੇਵਾਰੀ ਸੰਭਾਲਾਂ। ਇਸ ਕਾਰਨ ਉਸ ਨੇ ਆਪਣੀ ਕੰਪਨੀ ਦੇ ਨੁਮਾਇੰਦੇ ਅਤੇ ਗੌਤਮ ਅਡਾਨੀ ਨਾਲ ਮੇਰੀ ਮੁਲਾਕਾਤ ਕਰਾਉਣ ਦੀ ਪੇਸ਼ਕਸ਼ ਕੀਤੀ।
ਮੈਂ ਉਦੋਂ ਅਕਸਰ ਹੀ ਗੁਜਰਾਤ ਜਾਂਦਾ ਸਾਂ (ਮਹਾਤਮਾ ਗਾਂਧੀ ਬਾਰੇ ਖੋਜ ਕਰਨ ਲਈ), ਇਸ ਕਾਰਨ ਮੈਂ ਦਸੰਬਰ 2013 ਤੋਂ ਹੀ ਗੌਤਮ ਅਡਾਨੀ ਬਾਰੇ ਥੋੜ੍ਹਾ-ਬਹੁਤਾ ਜਾਣਦਾ ਸਾਂ। ਮੈਂ ਉਸ ਨੂੰ ਅਜਿਹੇ ਕਾਰੋਬਾਰੀ ਵਜੋਂ ਜਾਣਦਾ ਸਾਂ ਜਿਸ ਦੇ 2001 ਤੋਂ ਗੁਜਰਾਤ ਦਾ ਮੁੱਖ ਮੰਤਰੀ ਚਲੇ ਆ ਰਹੇ ਨਰਿੰਦਰ ਮੋਦੀ ਨਾਲ ਕਰੀਬੀ ਸਬੰਧ ਸਨ। ਉਦੋਂ ਵੀ ਮੋਦੀ ਕਦੇ-ਕਦਾਈਂ ਅਡਾਨੀ ਦੇ ਪ੍ਰਾਈਵੇਟ ਜਹਾਜ਼ ਵਿਚ ਸਫ਼ਰ ਕਰਦੇ ਸਨ। ਅਹਿਮਦਾਬਾਦ ਵਿਚਲੇ ਮੇਰੇ ਦੋਸਤਾਂ ਨੇ ਦੱਸਿਆ ਸੀ ਕਿ ਕਿਵੇਂ ਗੁਜਰਾਤ ਸਰਕਾਰ ਨੇ ਸਮੁੰਦਰੀ ਸਾਹਿਲ ਦੇ ਨਾਲ ਨਾਲ ਬਣਨ ਵਾਲੇ ਅਡਾਨੀ ਦੇ ਪ੍ਰਾਜੈਕਟਾਂ ਨੂੰ ਰਾਤੋ-ਰਾਤ ਮਨਜ਼ੂਰੀਆਂ ਦਿੱਤੀਆਂ ਸਨ ਤੇ ਇਸ ਕਾਰਨ ਉਥੋਂ ਮਛੇਰਿਆਂ ਨੂੰ ਉੱਜੜਨਾ ਪਿਆ ਤੇ ਨਾਲ ਹੀ ਸਮੁੰਦਰ ਕੰਢੇ ਵਾਲੇ ਖਾਰੇ ਪਾਣੀਆਂ ਦੇ ਮੈਨਗ੍ਰੋਵ ਜੰਗਲ ਵੀ ਤਬਾਹ ਹੋ ਗਏ।
ਦਸੰਬਰ 2013 ਤੱਕ ਇਹ ਗੱਲ ਕਾਫ਼ੀ ਸਾਫ ਹੋ ਗਈ ਸੀ ਕਿ ਮੋਦੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ; ਤੇ ਜਦੋਂ ਅਜਿਹਾ ਹੋਇਆ ਤਾਂ ਗੌਤਮ ਅਡਾਨੀ ਨੂੰ ਸ਼ਾਇਦ ਹੋਰ ਬਹੁਤ ਸਾਰੀਆਂ ਰਿਆਇਤਾਂ ਮਿਲਣਗੀਆਂ। ਇਸ ਤਰ੍ਹਾਂ ਇਹ ਅੰਦਾਜ਼ਾ ਲਾ ਕੇ ਕਿ ਉਹ ਛੇਤੀ ਹੀ ਵਧੇਰੇ ਅਹਿਮ ਤੇ ਰਸੂਖ਼ਵਾਨ ਬਣ ਜਾਵੇਗਾ, ਉਹ ਚਾਹੁੰਦਾ ਸੀ ਕਿ ਉਸ ਦੀ ਜੀਵਨੀ ਪ੍ਰਕਾਸ਼ਿਤ ਕੀਤੀ ਜਾਵੇ। ਉਸ ਦੇ ਸਲਾਹਕਾਰਾਂ ਦਾ ਖ਼ਿਆਲ ਸੀ ਕਿ ਇਸ ਲੇਖਣੀ (ਜਾਂ ਲੁਕਵੀਂ ਲੇਖਣੀ) ਲਈ, ਗਾਂਧੀ ਦੀ ਜੀਵਨੀ ਲਿਖਣ ਵਾਲਾ ਇਹ ਲੇਖਕ ਅਹਿਮ ਰੋਲ ਨਿਭਾ ਸਕਦਾ ਹੈ।
ਗੌਤਮ ਅਡਾਨੀ ਦੀ ਜੀਵਨੀ ਲਿਖਣ ਦੀ ਇਹ ਮੈਨੂੰ ਹੋਈ ਇਕੋ-ਇਕ ਅਣਚਾਹੀ ਪੇਸ਼ਕਸ਼ ਨਹੀਂ ਸੀ। ਗਾਂਧੀ ਬਾਰੇ ਕੰਮ ਸ਼ੁਰੂ ਕਰਨ ਤੋਂ ਕਈ ਸਾਲ ਪਹਿਲਾਂ ਮੈਂ ਵੇਰੀਅਰ ਐਲਵਿਨ (Verrier Elwin) ਦੀ ਜੀਵਨੀ ਲਿਖੀ ਸੀ ਜੋ ਬਰਤਾਨੀਆ ਵਿਚ ਜੰਮਿਆ ਮਾਨਵ-ਵਿਗਿਆਨੀ ਸੀ ਜਿਸ ਨੇ ਭਾਰਤ ਦੇ ਕਬਾਇਲੀਆਂ ਬਾਰੇ ਬੜਾ ਨਿੱਠ ਕੇ ਕੰਮ ਕੀਤਾ ਸੀ। ਮਾਰਚ 1999 ਵਿਚ ਆਕਸਫੋਰਡ ਯੂਨੀਵਰਸਿਟੀ ਪ੍ਰੈਸ (ਓਯੂਪੀ) ਵੱਲੋਂ ‘ਸੈਵੇਜਿੰਗ ਦਾ ਸਿਵਿਲਾਈਜ਼ਡ’ (Savaging the Civilized) ਸਿਰਲੇਖ ਤਹਿਤ ਛਾਪੀ ਗਈ ਇਹ ਜੀਵਨੀ ਕਾਫ਼ੀ ਪਸੰਦ ਕੀਤੀ ਗਈ ਤੇ ਖੋਜ ਕਾਰਜਾਂ ਲਈ ਇਸ ਦੀ ਕਾਫ਼ੀ ਵਿਕਰੀ ਵੀ ਹੋਈ। ਇਹ ਕਿਤਾਬ ਛਪਣ ਤੋਂ ਇਕ-ਦੋ ਮਹੀਨੇ ਬਾਅਦ, ਮੈਨੂੰ ਨਵੀਂ ਦਿੱਲੀ ਤੋਂ ਬਹੁਤ ਸੀਨੀਅਰ ਤੇ ਸਤਿਕਾਰਤ ਲਾਈਬ੍ਰੇਰੀਅਨ ਦਾ ਫੋਨ ਆਇਆ ਜਿਸ ਨੂੰ ਮੈਂ ਥੋੜ੍ਹਾ-ਬਹੁਤ ਜਾਣਦਾ ਸਾਂ। ਉਸ ਨੇ ਪੁੱਛਿਆ ਕਿ ਕੀ ਮੈਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੀਵਨੀ ਲਿਖ ਸਕਦਾ ਸਾਂ? ਵਾਜਪਾਈ ਦੇ ਪਰਿਵਾਰ ਨੇ ਉਨ੍ਹਾਂ ਨੂੰ ਇਸ ਸਬੰਧ ਵਿਚ ਨਾਂ ਸੁਝਾਉਣ ਲਈ ਕਿਹਾ ਸੀ ਅਤੇ ਲਾਈਬ੍ਰੇਰੀਅਨ ਨੇ ਮੇਰੀ ਐਲਵਿਨ ਵਾਲੀ ਜੀਵਨੀ ਦੇਖ ਕੇ ਸੰਪਰਕ ਕੀਤਾ ਸੀ। ਉਨ੍ਹਾਂ ਜੀਵਨੀ ਲਈ ਪਹਿਲਾਂ ਹੀ ਓਯੂਪੀ ਨਾਲ ਗੱਲ ਕਰ ਲਈ ਸੀ ਜਿਸ ਨੇ ਇਸ ਲਈ ਹਾਮੀ ਭਰੀ ਸੀ।
ਲਾਈਬ੍ਰੇਰੀਅਨ ਨੇ ਮੈਨੂੰ ਕਿਹਾ ਕਿ ਕਿਸੇ ਪ੍ਰਧਾਨ ਮੰਤਰੀ ਬਾਰੇ ਛਪਣ ਵਾਲੀ ਕਿਤਾਬ ਵਿਚ ਲੋਕਾਂ ਦੀ ਭਾਰੀ ਦਿਲਚਸਪੀ ਹੋਣ ਤੋਂ ਇਲਾਵਾ ਬਿਨਾ ਸ਼ੱਕ ਸਰਕਾਰ ਦਾ ਹਰ ਵਿਭਾਗ ਇਸ ਦੀਆਂ ਬਹੁਤ ਸਾਰੀਆਂ ਕਾਪੀਆਂ ਖ਼ਰੀਦੇਗਾ। ਇਸ ਦਾ ਵੱਖ ਵੱਖ ਸੂਬਾਈ ਸਰਕਾਰਾਂ ਵੱਲੋਂ ਹਿੰਦੀ ਵਿਚ ਅਨੁਵਾਦ ਕਰਵਾਇਆ ਜਾਵੇਗਾ ਅਤੇ ਆਰਐੱਸਐੱਸ ਦੀਆਂ ਸਾਰੀਆਂ ਸ਼ਾਖ਼ਾਵਾਂ ਵੀ ਖ਼ਰੀਦਣਗੀਆਂ। ਇਸ ਦਾ ਵਿੱਤੀ ਮਾਣ-ਭੱਤਾ ਵੀ ਵਧੀਆ ਹੋਵੇਗਾ ਪਰ ਮੈਂ ਹਾਮੀ ਨਾ ਭਰੀ। ਇਕ ਵਜ੍ਹਾ ਇਹ ਸੀ ਕਿ ਸਾਈ ਤੇ ਲਿਖਣ ਵਾਲਾ ਕੋਈ ਜੀਵਨੀਕਾਰ (‘commissioned’ biographer) ਕਦੇ ਵੀ ਸੱਤਾ ਚ ਬੈਠੇ ਸਿਆਸਤਦਾਨ ਬਾਰੇ ਬੇਲਾਗ ਤੇ ਆਜ਼ਾਦਾਨਾ ਢੰਗ ਨਾਲ ਨਹੀਂ ਲਿਖ ਸਕਦਾ। ਦੂਜਾ ਕਾਰਨ, ਵਾਜਪਾਈ ਖ਼ੁਦ ਭਾਵੇਂ ਵਧੀਆ ਇਨਸਾਨ ਸਨ ਪਰ ਮੈਂ ਉਨ੍ਹਾਂ ਦੀ ਪਾਰਟੀ (ਭਾਜਪਾ) ਨੂੰ ਬਿਲਕੁਲ ਪਸੰਦ ਨਹੀਂ ਕਰਦਾ, ਕਿਉਂਕਿ ਇਸ ਪਾਰਟੀ ਦਾ ਹਿੰਦੂ ਬਹੁਗਿਣਤੀਵਾਦ ਦਾ ਬਰਾਂਡ ਗਾਂਧੀ ਦੇ ਬਹੁਲਤਾਵਾਦੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਹਿੰਦੂਵਾਦ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹੈ। ਮੈਂ ਕਿਉਂਕਿ ਲਾਈਬ੍ਰੇਰੀਅਨ ਨੂੰ ਜ਼ਿਆਦਾ ਨਹੀਂ ਸਾਂ ਜਾਣਦਾ, ਇਸ ਕਾਰਨ ਮੈਂ ਉਸ ਨੂੰ ਆਪਣੀ ਗੱਲ ਖੁੱਲ੍ਹ ਕੇ ਨਾ ਦੱਸ ਸਕਿਆ ਅਤੇ ਇਹੋ ਆਖਿਆ ਕਿ ਵੇਰੀਅਰ ਐਲਵਿਨ ਮੁਕਾਬਲਤਨ ਛੋਟੀ ਹਸਤੀ ਸੀ। ਇਸ ਕਾਰਨ ਮੈਂ ਭਾਵੇਂ ਐਲਵਿਨ ਬਾਰੇ ਤਾਂ ਲਿਖ ਸਕਦਾ ਹਾਂ ਪਰ ਮੈਂ ਆਪਣੇ ਸਤਿਕਾਰਤ ਪ੍ਰਧਾਨ ਮੰਤਰੀ ਵਰਗੀ ਵੱਡੀ ਹਸਤੀ ਬਾਰੇ ਲਿਖਣ ਦੇ ਆਪਣੇ ਆਪ ਨੂੰ ਯੋਗ ਨਹੀਂ ਸਮਝਦਾ।
ਅਟਲ ਬਿਹਾਰੀ ਵਾਜਪਾਈ ਦੀ ਜੀਵਨੀ ਲਿਖਣ ਦੀ ਇਹ ਪੇਸ਼ਕਸ਼ ਪਹਿਲੀ ਪੇਸ਼ਕਸ਼ ਜ਼ਰੂਰ ਸੀ ਪਰ ਆਖ਼ਰੀ ਨਹੀਂ ਸੀ। ਜਦੋਂ ਮੈਂ 2002 ਵਿਚ ਕ੍ਰਿਕਟ ਬਾਰੇ ਕਿਤਾਬ ਲਿਖੀ ਤਾਂ ਦੋ ਕ੍ਰਿਕਟਰਾਂ ਨੇ ਆਪੋ-ਆਪਣੀਆਂ ਜੀਵਨੀਆਂ ਲਿਖਵਾਉਣ ਲਈ ਮੇਰੇ ਨਾਲ ਸੰਪਰਕ ਕੀਤਾ ਜਿਨ੍ਹਾਂ ਵਿਚੋਂ ਇਕ ਹਾਲੇ ਵੀ ਖੇਡਦਾ ਹੈ ਤੇ ਦੂਜਾ ਪਿੱਛੇ ਜਿਹੇ ਰਿਟਾਇਰ ਹੋਇਆ ਹੈ। ਜਦੋਂ ਮੈਂ 2007 ਵਿਚ ਆਜ਼ਾਦ ਭਾਰਤ ਦਾ ਇਤਿਹਾਸ ਲਿਖਿਆ ਤਾਂ ਕੁਝ ਸਮਾਂ ਪਹਿਲਾਂ ਹੀ ਫ਼ੌਤ ਹੋਏ ਇਕ ਕਾਂਗਰਸੀ ਸਿਆਸਤਦਾਨ ਦੇ ਪੁੱਤਰ ਨੇ ਆਪਣੇ ਪਿਤਾ ਦੀ ਜੀਵਨੀ ਲਿਖਣ ਲਈ ਮੇਰੀ ਮਦਦ ਮੰਗੀ ਤੇ ਇਕ ਹੋਰ ਕਾਂਗਰਸੀ ਆਗੂ ਨੇ ਆਪਣੇ ਬਾਰੇ ਕਿਤਾਬ ਲਿਖਣ ਲਈ ਮੈਨੂੰ ਆਖਿਆ। ਇਸੇ ਦੌਰਾਨ ਦੇਸ਼ ਦੇ ਬਹੁਤ ਹੀ ਮਸ਼ਹੂਰ ਸਾਇੰਸਦਾਨ ਦੇ ਸਹਾਇਕ ਨੇ ਸੰਪਰਕ ਕੀਤਾ ਤਾਂ ਕਿ ਮੈਂ ਇਸ ਨਾਮੀ ਸਾਇੰਸਦਾਨ ਦੇ 80ਵੇਂ ਜਨਮ ਦਿਨ ਤੇ ਉਸ ਬਾਰੇ ਕਿਤਾਬ ਲਿਖਾਂ; ਇਸੇ ਤਰ੍ਹਾਂ ਦੇਸ਼ ਦੇ ਬਹੁਤ ਹੀ ਸਤਿਕਾਰਤ ਅਰਥ ਸ਼ਾਸਤਰੀ ਤੇ ਪ੍ਰਸ਼ਾਸਕ ਦੇ ਪਰਿਵਾਰ ਨੇ ਇਸ ਸ਼ਖ਼ਸੀਅਤ ਦੀ ਜੀਵਨੀ ਲਿਖਣ ਲਈ ਮੇਰੇ ਤੱਕ ਪਹੁੰਚ ਕੀਤੀ। ਹੋਰ ਵੀ ਕਈ ਨਾਮੀ, ਰਸੂਖ਼ਵਾਨ ਤੇ ਅਮੀਰ ਭਾਰਤੀਆਂ ਦੀਆਂ ਜੀਵਨੀਆਂ ਲਿਖਣ ਲਈ ਮੈਨੂੰ ਅਣਚਾਹੀਆਂ ਪੇਸ਼ਕਸ਼ਾਂ ਹੋਈਆਂ।
ਮੈਂ ਇਹ ਸਾਰੀਆਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ। ਕੁਝ ਇਸ ਕਾਰਨ ਕਿ ਲੇਖਣੀ ਲਈ ਮੇਰੀਆਂ ਆਪਣੀਆਂ ਵਚਨਬੱਧਤਾਵਾਂ ਸਨ; ਕੁਝ ਇਸ ਕਾਰਨ ਕਿਉਂਕਿ ਮੈਂ ਜਾਣਦਾ ਸਾਂ ਕਿ ਮੈਂ ਇਸ ਕੰਮ ਲਈ ਯੋਗ ਨਹੀਂ ਸਾਂ। ਮੇਰੀ ਕਿਸੇ ਰਿਟਾਇਰਡ ਕ੍ਰਿਕਟਰ ਦੀ ਹਉਮੈ ਨੂੰ ਪੱਠੇ ਪਾਉਣ ਦੀ ਕੋਈ ਖ਼ਾਹਿਸ਼ ਨਹੀਂ ਸੀ; ਨਾ ਹੀ ਮੈਂ ਕਿਸੇ ਨਾਮੀ ਸਾਇੰਸਦਾਨ ਦੀਆਂ ਖੋਜਾਂ ਤੇ ਉਸ ਦੀਆਂ ਬੌਧਿਕ ਪ੍ਰਾਪਤੀਆਂ ਬਾਰੇ ਲਿਖਣ ਦੇ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਸਮਰੱਥ ਸਮਝਦਾ ਸਾਂ। ਉਂਜ ਵੀ ‘ਸਾਈ ਵਾਲੀ’ ਜਾਂ ‘ਅਧਿਕਾਰਤ ਢੰਗ ਨਾਲ’ ਜੀਵਨੀ ਲਿਖਣਾ (a ‘commissioned’ or ‘authorized’ biography) ਮੈਨੂੰ ਪਸੰਦ ਹੀ ਨਹੀਂ, ਮੈਂ ਤਾਂ ਕਿਸੇ ਅਜਿਹੇ ਸ਼ਖ਼ਸ ਬਾਰੇ ਹੀ ਲਿਖ ਸਕਦਾ ਹਾਂ ਜਿਸ ਲਈ ਮੇਰੇ ਅੰਦਰੋਂ ਆਵਾਜ਼ ਉਠੇ, ਉਸ ਵਿਚ ਮੇਰੀ ਆਪਣੀ ਦਿਲਚਸਪੀ ਹੋਵੇ, ਨਾ ਕਿ ਇਸ ਲਈ ਕਿ ਕਿਸੇ ਨੇ ਮੋਟੀ ਰਕਮ ਦੇ ਕੇ ਮੈਨੂੰ ਇੰਜ ਕਰਨ ਲਈ ਆਖਿਆ ਹੈ।
ਮੈਂ ਵੇਰੀਅਰ ਐਲਵਿਨ ਬਾਰੇ ਇਸ ਕਾਰਨ ਲਿਖਿਆ ਕਿ ਇਹੋ ਉਹ ਇਨਸਾਨ ਸੀ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਉਦੋਂ ਅਰਥ ਸ਼ਾਸਤਰ ਦਾ ਆਮ ਵਿਦਿਆਰਥੀ ਸਾਂ, ਜਦੋਂ ਮੇਰਾ ਉਸ ਦੀਆਂ ਲਿਖਤਾਂ ਨਾਲ ਵਾਹ ਪਿਆ। ਐਲਵਿਨ ਨੂੰ ਪੜ੍ਹ ਕੇ ਹੀ ਮੈਨੂੰ ਸਮਾਜ ਸ਼ਾਸਤਰ ਅਤੇ ਸਮਾਜਿਕ ਇਤਿਹਾਸ ਬਾਰੇ ਹੋਰ ਪੜ੍ਹਨ ਦੀ ਪ੍ਰੇਰਨਾ ਮਿਲੀ। ਮੈਂ ਗਾਂਧੀ ਬਾਰੇ ਇਸ ਕਾਰਨ ਲਿਖਿਆ ਕਿਉਂਕਿ ਮੈਂ ਵਿਦਿਆਰਥੀ ਵਕਤ ਤੋਂ ਹੀ ਉਸ ਦੀ ਜ਼ਿੰਦਗੀ ਅਤੇ ਵਿਰਾਸਤ ਤੋਂ ਪ੍ਰਭਾਵਿਤ ਸਾਂ। ਬਾਅਦ ਵਿਚ ਇਤਿਹਾਸਕਾਰ ਵਜੋਂ ਮੈਨੂੰ ਦੁਨੀਆ ਭਰ ਵਿਚੋਂ ਗਾਂਧੀ ਬਾਰੇ ਅਣਗਿਣਤ ਦੁਰਲੱਭ ਪੁਰਾਲੇਖ ਮਿਲੇ ਜਿਨ੍ਹਾਂ ਨੇ ਮੈਨੂੰ ਇਸ ਇਨਸਾਨ ਦੀ ਦੋ ਜਿਲਦਾਂ ਵਾਲੀ ਜੀਵਨੀ ਲਿਖਣ ਲਈ ਪ੍ਰੇਰਿਆ।
ਇਸ ਦੌਰਾਨ ਮੈਨੂੰ ਦਸੰਬਰ 2013 ਵਿਚ ਗੌਤਮ ਅਡਾਨੀ ਦੀ ਜੀਵਨੀ ਬਾਰੇ ਪੇਸ਼ਕਸ਼ ਹੋਈ, ਤੇ ਉਦੋਂ ਤੱਕ ਮੈਨੂੰ ਅਜਿਹੀਆਂ ਪੇਸ਼ਕਸ਼ਾਂ ਨੂੰ ਠੁਕਰਾਉਣ ਦਾ ਅਭਿਆਸ ਹੋ ਚੁੱਕਾ ਸੀ। ਇਸ ਲਈ ਮੈਂ ਉਸ ਨੌਜਵਾਨ ਲੇਖਕ ਅਤੇ ਉਸ ਦੀ ਸਲਾਹਕਾਰੀ ਕੰਪਨੀ ਨੂੰ ਭੇਜੀ ਜਵਾਬੀ ਈਮੇਲ ਵਿਚ ਸਾਫ਼ ਸਾਫ਼ ਲਿਖ ਦਿੱਤਾ ਕਿ ਮੈਂ ਅਡਾਨੀ ਦੀ ਜੀਵਨੀ ਬਾਰੇ ਉਨ੍ਹਾਂ ਦਾ ‘ਸੇਧਗਾਰ ਅਤੇ ਸਲਾਹਕਾਰ’ ਨਹੀਂ ਬਣ ਸਕਦਾ, ਕਿਉਂਕਿ ਮੈਂ ਪਹਿਲਾਂ ਹੀ ਗਾਂਧੀ ਦੀ ਜੀਵਨੀ ਦੀ ਦੂਜੀ ਜਿਲਦ ਲਿਖਣ ਵਿਚ ਮਸਰੂਫ਼ ਸਾਂ।
ਮੈਂ ਇਹ ਪੱਤਰ ਕੁਝ ਦੋਸਤਾਂ ਨਾਲ ਸਾਂਝਾ ਕੀਤਾ ਅਤੇ ਨਾਲ ਹੀ ਲਿਖਿਆ: ‘ਮੈਂ ਇਸ ਪੇਸ਼ਕਸ਼ ਨੂੰ ਮਨਜ਼ੂਰ ਕਰਨ ਦਾ ਇਕ ਹੀ ਕਾਰਨ ਸਮਝਦਾ ਹਾਂ ਕਿ ਮੈਂ ਜੇ ਮੈਂ ਆਪਣੀਆਂ ਯਾਦਾਂ ਨੂੰ ਇਹ ਸਿਰਲੇਖ ਦੇ ਸਕਾਂ: ‘ਇਕ ਜੀਵਨੀਕਾਰ ਦਾ ਸਫ਼ਰ: ਗਾਂਧੀ ਤੋਂ ਅਡਾਨੀ ਤੱਕ’।’ ਇਕ ਦੋਸਤ ਨੇ ਇਸ ਸੰਭਾਵੀ (ਪਰ ਖ਼ੁਸ਼ਕਿਸਮਤੀ ਨਾਲ ਕਦੇ ਵੀ ਨਾ ਲਿਖੀ ਗਈ) ਕਿਤਾਬ ਲਈ ਵਧੇਰੇ ਕਰਾਰਾ ਅਤੇ ਵਧੀਆ ਸਿਰਲੇਖ ਸੁਝਾਇਆ: ‘ਗਾਂਧੀ ਤੋਂ ਬਾਅਦ ਅਡਾਨੀ’।
ਸੰਪਰਕ: ramachandraguha@yahoo.in