ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ : The Tribune India

ਆਰਥਿਕ ਝਰੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਟੀਐੱਨ ਨੈਨਾਨ

ਟੀਐੱਨ ਨੈਨਾਨ

ਜ਼ਾਦੀ ਤੋਂ ਬਾਅਦ ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ ਸਾਨੂੰ ਕਿੰਝ ਕਰਨਾ ਚਾਹੀਦਾ ਹੈ? ਇਸ ਦਾ ਸਭ ਤੋਂ ਪ੍ਰਤੱਖ ਨੁਕਤਾ ਇਹ ਉਹ ਨਾਟਕੀ ਮੋੜ ਹੈ ਜੋ ਇਸ ਨੇ ਪਹਿਲਾਂ 90 ਸਾਲ ਦੇ ਬਸਤੀਵਾਦੀ ਸ਼ਾਸਨ ਅਤੇ ਉਸ ਤੋਂ ਵੀ ਪਹਿਲਾਂ ਸ਼ੋਸ਼ਣਕਾਰੀ ਬਸਤੀਵਾਦੀ ਕਬਜ਼ੇ ਦੀ ਇਕ ਸਦੀ ਤੋਂ ਬਾਅਦ ਕੱਟਿਆ ਸੀ। ਲਗਭਗ ਦੋ ਸਦੀਆਂ ਦੇ ਪਹਿਲਾਂ ਤੇਜ਼ੀ ਨਾਲ ਨਿਘਾਰ ਅਤੇ ਫਿਰ ਖੜੋਤ (ਜਿਸ ਤਹਿਤ ਭਾਰਤ ਦੀ 1947 ਵਿਚ ਜੀਵਨ ਜਿਊਣ ਦੀਆਂ ਸੰਭਾਵਨਾਵਾਂ ਦੀ ਔਸਤ ਦਰ 32 ਸਾਲ ਸੀ) ਤੋਂ ਬਾਅਦ ਜਦੋਂ ਇਸ ਨੇ ਨਵੀਂ ਗਤੀਸ਼ੀਲਤਾ, ਆਜ਼ਾਦੀ ਦੇ ਉਮਾਹ ਨਾਲ ਆਪਣੇ ਆਪ ਨੂੰ ਸਮਾਜਿਕ ਤੇ ਆਰਥਿਕ ਤਰੱਕੀ ਦੇ ਲੇਖੇ ਲਾਇਆ ਸੀ।

ਪੱਛਮੀ ਸਮੀਖਿਅਕਾਂ (ਮਸਲਨ, ਸੈਲਿਗ ਹੈਰੀਸਨ ਨੇ 1960 ਵਿਚ ਆਖਿਆ ਸੀ ਕਿ ਭਾਰਤ ਵਿਚ ਵੀ ਪਾਕਿਸਤਾਨ ਵਾਂਗ ਫ਼ੌਜੀ ਸ਼ਾਸਨ ਕਾਇਮ ਹੋ ਜਾਵੇਗਾ, ਜਾਂ ਫਿਰ ਇਹ ਦੇਸ਼ ਬਿਖਰ ਜਾਵੇਗਾ; ਜਾਂ ਆਪਣੀਆਂ ਸਾਮਰਾਜਵਾਦੀ-ਨਸਲਵਾਦੀ ਐਨਕਾਂ ਰਾਹੀਂ ਦੇਖਣ ਵਾਲੇ ਵਿੰਸਟਨ ਚਰਚਿਲ ਦਾ ਕਹਿਣਾ ਸੀ ਕਿ ਭਾਰਤ ਸੰਯੁਕਤ ਰਾਸ਼ਟਰ ਤੋਂ ਵੱਧ ਕੁਝ ਨਹੀਂ ਹੈ) ਦੀਆਂ ਸੰਗੀਨ ਟੀਕਾ-ਟਿੱਪਣੀਆਂ ਨੂੰ ਰੱਦ ਕਰਦਿਆਂ ਇਹ ਦੇਸ਼ ਸਮੁੱਚੇ ਰੂਪ ਵਿਚ ਇਕਜੁੱਟ ਰਿਹਾ ਅਤੇ ਬਸਤੀਵਾਦੀ ਦੌਰ ਤੋਂ ਬਾਅਦ ਲੋਕਰਾਜੀ ਰਾਜਤੰਤਰ ਬਣੇ ਰਹਿਣ ਵਾਲੇ ਕੁਝ ਕੁ ਦੇਸ਼ਾਂ ਵਿਚ ਸ਼ਾਮਲ ਰਿਹਾ ਹੈ। ਇਹ ਬਹੁਤ ਵੱਡੀਆਂ ਪ੍ਰਾਪਤੀਆਂ ਹਨ।

ਆਰਥਿਕ ਮੋਰਚੇ ’ਤੇ ਭਾਰਤ ਨੇ ਨਵੀਂ ਸਵੇਰ ਦੇ ਵਾਅਦੇ ਨਾਲ ਸ਼ੁਰੂਆਤ ਕਰਦਿਆਂ ਕਮਜ਼ੋਰ ਕਾਰਗੁਜ਼ਾਰੀ ਦਿਖਾਈ ਅਤੇ ਫਿਰ ਪਿਛਲੇ ਤਿੰਨ ਦਹਾਕਿਆਂ ਤੋਂ ਇਸ ਨੇ ਬਿਹਤਰ ਕਾਰਗੁਜ਼ਾਰੀ ਵਾਲੇ ਅਰਥਚਾਰੇ ਦੇ ਤੌਰ ’ਤੇ ਨਾਮਣਾ ਖੱਟਿਆ। ਨੇੜ ਭਵਿੱਖ ਵਿਚ ਇਸ ਨੇ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲਾ ਵੱਡਾ ਅਰਥਚਾਰਾ ਬਣੇ ਰਹਿਣ ਦੀ ਪੁਜ਼ੀਸ਼ਨ ਬਣਾ ਲਈ ਹੈ। ਇਸ ਸਾਲ ਇਹ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਇਕ ਦਹਾਕਾ ਪਹਿਲਾਂ ਇਹ ਦੁਨੀਆ ਦੇ ਚੋਟੀ ਦੇ ਦਸ ਅਰਥਚਾਰਿਆਂ ਵਿਚ ਵੀ ਨਹੀਂ ਆਉਂਦਾ ਸੀ।

ਕੌਮਾਂਤਰੀ ਮਾਮਲਿਆਂ ਦੀ ਨਜ਼ਰ ਤੋਂ ਭਾਰਤ ਯਥਾ-ਸਥਿਤੀ ਬਣਾ ਕੇ ਰੱਖਣ ਵਾਲੀ ਸ਼ਕਤੀ ਦੇ ਤੌਰ ’ਤੇ ਦੇਖਿਆ ਜਾਦਾ ਹੈ ਤੇ ਨਾਲ ਸਿਰਮੌਰ ਸਭਾ ਵਿਚ ਆਪਣਾ ਸਥਾਨ ਹਾਸਲ ਕਰਨ ਦਾ ਖਾਹਸ਼ਮੰਦ ਹੈ। ਦੁਨੀਆ ਦੇ ਨਕਸ਼ੇ ’ਤੇ ਕੁਝ ਕੁ ਚਿੰਤਾਮੁਕਤ ਮੁਕਾਮ ਹਨ ਜਿਨ੍ਹਾਂ ਵਿਚ ਇਸ ਦਾ ਵੀ ਸ਼ੁਮਾਰ ਕੀਤਾ ਜਾਂਦਾ ਹੈ। ਇਹ ਸਥਿਰ, ਭਰੋਸੇਮੰਦ ਅਤੇ ਜ਼ਿੰਮੇਵਾਰ ਪਰਮਾਣੂ ਸ਼ਕਤੀ ਵਜੋਂ ਜਾਣਿਆ ਜਾਂਦਾ ਹੈ। ਆਪਣੇ ਦੋ ਗੁਆਂਢੀ ਮੁਲਕਾਂ ਨਾਲ ਅਣਸੁਲਝੇ ਟਕਰਾਵਾਂ ਦੇ ਬਾਵਜੂਦ ਇਸ ਦੇ ਲਗਭਗ ਸਾਰੇ ਮੁਲਕਾਂ ਨਾਲ ਹਾਂਦਰੂ ਸਬੰਧ ਹਨ। ਇਸ ਦੀਆਂ ਕੋਈ ਅਤੀਤਮੁਖੀ ਖਾਹਸ਼ਾਂ ਨਹੀਂ ਹਨ; ਜਿੱਥੋਂ ਤੱਕ ਜਲਵਾਯੂ ਸੰਕਟ ਦਾ ਸਵਾਲ ਹੈ, ਇਹ ਆਮ ਤੌਰ ’ਤੇ ਸਮੱਸਿਆ ਦੀ ਬਜਾਇ ਹੱਲ ਦਾ ਜ਼ਰੀਆ ਬਣ ਰਿਹਾ ਹੈ। ਆਲਮੀ ਆਰਥਿਕ ਤਰੱਕੀ ਵਿਚ ਇਸ ਦਾ ਤੀਜਾ ਸਭ ਤੋਂ ਵੱਡਾ ਯੋਗਦਾਨ ਹੈ ਪਰ ਇਸ ਰਿਕਾਰਡ ’ਤੇ ਕਈ ਦਾਗ਼ ਵੀ ਹਨ। 75 ਸਾਲ ਬੀਤਣ ਅਤੇ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਦੇ ਸਾਧਨ ਹੋਣ ਦੇ ਬਾਵਜੂਦ ਭਾਰਤ ਤਿੰਨ ਬੁਨਿਆਦੀ ਮੁਹਾਜ਼ਾਂ ’ਤੇ ਨਾਕਾਮ ਹੋਇਆ ਹੈ: ਦਸਵੀਂ ਜਮਾਤ ਤੱਕ ਸਰਬਵਿਆਪੀ ਸਕੂਲ ਸਿੱਖਿਆ, ਚੰਗੀ ਜਨ ਸਿਹਤ ਪ੍ਰਣਾਲੀ ਸਹਿਤ ਸਰਬਵਿਆਪੀ ਸਿਹਤ ਸੰਭਾਲ ਅਤੇ ਸਾਰੇ ਲੋੜਵੰਦਾਂ ਲਈ ਰੁਜ਼ਗਾਰ। ਇਸ ਮੁਤੱਲਕ ਕਿਸੇ ਚਿੰਤਕ ਦਾ ਕਥਨ ਹੈ: ‘ਬਹੁਤੇ ਭਾਰਤੀ ਲੋਕ ਲਾਚਾਰੀ ਦੀ ਜ਼ਿੰਦਗੀ ਬਸ਼ਰ ਕਰਦੇ ਹਨ।’

ਇਨ੍ਹਾਂ ਤਿੰਨ ਬੁਨਿਆਦੀ ਨਾਕਾਮੀਆਂ ਨਾਲ ਦੋ ਹੋਰ ਨਾਕਾਮੀਆਂ ਵੀ ਜੋੜੀਆਂ ਜਾ ਸਕਦੀਆਂ ਹਨ: ਬੁਨਿਆਦੀ ਸਹੂਲਤਾਂ (ਸਾਫ਼ ਪੀਣ ਯੋਗ ਪਾਣੀ ਤੇ ਹਵਾ ਸਮੇਤ) ਤੱਕ ਸਰਬਵਿਆਪੀ ਰਸਾਈ ਅਤੇ ਢੁਕਵਾਂ ਅਮਨ ਕਾਨੂੰਨ-ਕਮ-ਨਿਆਂਪ੍ਰਬੰਧ ਜਿਸ ਤਹਿਤ ਜੇਲ੍ਹਾਂ ਵਿਚ ਬੰਦ ਅਜਿਹੇ ਕੈਦੀ ਨਾ ਹੋਣ ਜਿਨ੍ਹਾਂ ਵਿਚੋਂ ਦੋ ਤਿਹਾਈ ਖਿਲਾਫ਼ ਅਜੇ ਮੁਕੱਦਮੇ ਦੀ ਕਾਰਵਾਈ ਚੱਲ ਰਹੀ ਹੋਵੇ। ਇਸ ਦੇ ਨਾਲ ਹੀ ਵਾਤਾਵਰਨ ਦੀ ਬਰਬਾਦੀ ਅਤੇ ਗ਼ੈਰ-ਹੰਢਣਸਾਰ ਖੇਤੀਬਾੜੀ ਵਿਧੀਆਂ ਕਰ ਕੇ ਪਾਣੀ ਦੀ ਹੋ ਰਹੀ ਕਿੱਲਤ ਇਹ ਨਾਕਾਮੀਆਂ ਵਧਾ ਰਹੀਆਂ ਹਨ। ਇਨ੍ਹਾਂ ਨਾਕਾਮੀਆਂ ਦਾ ਸੰਤਾਪ ਹੰਢਾਉਣ ਵਾਲਿਆਂ ਵਿਚ ਲਗਭਗ ਸਾਰੀਆਂ ਹੇਠਲੀਆਂ ਸ਼ੇਣੀਆਂ ਸ਼ਾਮਲ ਹਨ ਜਿਵੇਂ ਦਲਿਤ ਤੇ ਆਦਿਵਾਸੀ, ਪਰਵਾਸੀ ਅਤੇ ਗ਼ੈਰ-ਜਥੇਬੰਦ ਖੇਤਰ ਵਿਚ ਕੰਮ ਕਰਨ ਵਾਲੇ ਹੋਰ ਕਾਮੇ ਜੋ ਇਕ ਲੇਖੇ ਨਿਤਾਣੇ ਗਿਣੇ ਜਾਂਦੇ ਹਨ।

ਇਉਂ ਭਾਰਤ ਬਹੁਤ ਹੀ ਨਾ-ਬਰਾਬਰੀ ਭਰਿਆ ਤੇ ਅਨਿਆਂਪੂਰਨ ਸਮਾਜ ਬਣ ਗਿਆ ਹੈ। ਇਨ੍ਹਾਂ ਨਾਕਾਮੀਆਂ ਨੂੰ ਵੱਡੇ ਪੱਧਰ ’ਤੇ ਪ੍ਰਵਾਨ ਕੀਤਾ ਜਾਂਦਾ ਹੈ (ਜਿਸ ਦੇ ਕਾਰਨਾਂ ਦਾ ਸਮੁੱਚੇ ਰੂਪ ਵਿਚ ਵਿਸ਼ਲੇਸ਼ਣ ਨਹੀਂ ਕੀਤਾ ਗਿਆ ਜਾਂ ਇਨ੍ਹਾਂ ਨੂੰ ਸਮਝਿਆ ਨਹੀਂ ਗਿਆ) ਪਰ ਇਹ ਫ਼ੌਰੀ ਤੇ ਕਾਰਗਰ ਕਾਰਵਾਈ ਦਾ ਵਿਸ਼ਾ ਕਦੇ ਵੀ ਨਹੀਂ ਬਣਿਆ। ਲਿਹਾਜ਼ਾ, ਮੱਧ ਵਰਗ ਦਾ ਦਾਇਰਾ ਵਸੀਹ ਕਰਨ ’ਤੇ ਧਿਆਨ ਦਿੱਤਾ ਗਿਆ ਜੋ ਭਟਕਾਓ ਸਿੱਧ ਹੋਇਆ ਹੈ; ਖਾਸਕਰ ਉਦੋਂ ਜਦੋਂ ਮੱਧ ਵਰਗ ਮੱਧ ਵਿਚ ਹੀ ਨਹੀਂ ਰਹਿ ਗਿਆ ਸਗੋਂ ਉਪਰਲੇ ਵਰਗ ਦਾ ਹਿੱਸਾ ਬਣ ਕੇ ਰਹਿ ਗਿਆ ਹੈ ਅਤੇ ਕੁਝ ਮਾਪਕਾਂ ਤੋਂ ਉਪਰਲੇ ਵਰਗ ਦੀ ਪਰਤ ਹੋਰ ਵੀ ਪੇਤਲੀ ਹੋ ਗਈ ਹੈ। ਵੱਖ ਵੱਖ ਖੇਤਰਾਂ ਵਿਚ ਸਫਤਲਾਵਾਂ ਲਾਜ਼ਮੀ ਤੌਰ ’ਤੇ ਇਸ ਉਪਰਲੇ ਵਰਗ ਦੀਆਂ ਹੀ ਸਫਲਤਾਵਾਂ ਹਨ ਪਰ ਸਿਰਫ ਇਸ ਕਰ ਕੇ ਇਨ੍ਹਾਂ ਨੂੰ ਛੁਟਿਆਇਆ ਵੀ ਨਹੀਂ ਜਾਣਾ ਚਾਹੀਦਾ। ਇਸੇ ਦੌਰਾਨ, ਸਾਦ ਮੁਰਾਦੇ ਲੋਕਰਾਜ (ਭਾਵ ਮਿੱਥੇ ਸਮੇਂ ’ਤੇ ਚੋਣਾਂ ਕਰਵਾ ਕੇ ਲੋਕਪ੍ਰਿਯਾ ਸ਼ਾਸਨ ਦੇਣ ਵਾਲਾ ਮੁਲਕ) ਦੀਆਂ ਨਸਾਂ ਦਾ ਕੰਮ ਦੇਣ ਵਾਲੀਆਂ ਜਨਤਕ ਸੰਸਥਾਵਾਂ ਪਿਛਲੇ ਕਈ ਸਾਲਾਂ ਤੋਂ ਮਾਂਦ ਪੈ ਰਹੀਆਂ ਹਨ ਜਿਨ੍ਹਾਂ ਨੂੰ ਅੰਦਰੋਂ ਬਾਹਰੋਂ ਖੋਰਾ ਲਾਇਆ ਜਾ ਰਿਹਾ ਹੈ। ਵਿਧਾਨ ਪਾਲਿਕਾਵਾਂ ਕਦੇ ਕਦਾਈਂ ਹੀ ਕੰਮ ਕਰਦੀਆਂ ਹਨ, ਅਦਾਲਤਾਂ ਦੀ ਭਰੋਸੇਯੋਗਤਾ ਨਹੀਂ ਰਹੀ ਅਤੇ ਲੋਕਾਂ ਦੀ ਭਾਈਵਾਲੀ ਨਾਲ ਕੰਮ ਕਰਨ ਵਾਲੀਆਂ ਹੇਠਲੀਆਂ ਸ਼ਾਸਕੀ ਸੰਸਥਾਵਾਂ ਵਿੱਤੀ ਤੌਰ ’ਤੇ ਖੁੰਗਲ ਹਨ। ਸਟੇਟ ਅਤੇ ਮੰਡੀਆਂ ਦਰਮਿਆਨ ਸਬੰਧ ਭਾਵੇਂ ਸਮੱਸਿਆ ਵਾਲੇ ਬਣੇ ਰਹੇ ਹਨ ਪਰ ਹੁਣ ਸਟੇਟ ਤੇ ਵਿਅਕਤੀ ਦੇ ਸਬੰਧਾਂ ਨੂੰ ਲੈ ਕੇ ਜ਼ਿਆਦਾ ਫਿਕਰਮੰਦੀ ਹੋ ਰਹੀ ਹੈ।

ਜੇ ਭਾਰਤ ਆਪਣੀਆਂ ਸੰਸਥਾਈ ਤੇ ਨੀਤੀ ਨਾਕਾਮੀਆਂ ਨੂੰ ਮੁਖ਼ਾਤਬ ਹੋਣ ’ਚ ਕਾਮਯਾਬ ਹੋ ਜਾਂਦਾ ਹੈ, ਨਾ-ਬਰਾਬਰੀਆਂ ਘਟਾਉਣ ’ਤੇ ਧਿਆਨ ਕੇਂਦਰਤ ਕਰ ਲੈਂਦਾ ਹੈ ਅਤੇ ਆਪਣੀਆਂ ਕਮੀਆਂ ਪੇਸ਼ੀਆਂ ਦੂਰ ਕਰ ਲੈਂਦਾ ਹੈ ਤਾਂ ਆਉਣ ਵਾਲੇ 25 ਸਾਲਾਂ ਦੌਰਾਨ ਕੌਮ ਦੇ ਤੌਰ ’ਤੇ ਭਾਰਤ ਦੇ ਉਭਾਰ ਨੂੰ ਕਿਤੇ ਜ਼ਿਆਦਾ ਭਰਵੇਂ ਰੂਪ ਵਿਚ ਸਲਾਹਿਆ ਜਾ ਸਕੇਗਾ। ਤਾਂ ਹੀ ਇਹ ਸੱਚੇ ਰੂਪ ਵਿਚ ਭਾਰਤੀ ਸਦੀ ਅਖਵਾ ਸਕੇਗੀ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...