ਯੂਕਰੇਨ ਜੰਗ ਦਾ ਇਕ ਸਾਲ : The Tribune India

ਯੂਕਰੇਨ ਜੰਗ ਦਾ ਇਕ ਸਾਲ

ਯੂਕਰੇਨ ਜੰਗ ਦਾ ਇਕ ਸਾਲ

ਸੀ ਉਦੇ ਭਾਸਕਰ

ਸੀ ਉਦੇ ਭਾਸਕਰ

ਰੂਸ ਵੱਲੋਂ ਯੂਕਰੇਨ ਵਿਚ 24 ਫਰਵਰੀ 2022 ਨੂੰ ਛੇੜੀ ਦੁਖਦਾਈ ਜੰਗ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਅੱਜ ਮੈਦਾਨ-ਏ-ਜੰਗ ਵਿਚ ਅਤੇ ਇਸ ਤੋਂ ਵੀ ਅਗਾਂਹ ਤੱਕ ਫੈਲਿਆ ਹੋਇਆ ਮਣਾਂ ਮੂੰਹੀਂ ਮਲਬਾ ਇਸ ਜੰਗ ਦੀ ਪਛਾਣ ਹੈ ਅਤੇ ਇਸ ਦੇ ਲਹੂ ਭਿੱਜੇ ਸਵਾਲੀਆ ਨਿਸ਼ਾਨ ਅਜਿਹੇ ਇਸ਼ਾਰੇ ਕਰ ਰਹੇ ਹਨ ਜਿਵੇਂ ਆਲਮੀ ਭਾਈਚਾਰਾ ਨੀਂਦ ਵਿਚ ਤੁਰਦਾ ਹੋਇਆ ਇਕ ਹੋਰ ਸੰਸਾਰ ਜੰਗ ਵੱਲ ਵਧ ਰਿਹਾ ਹੋਵੇ। ਭਾਵਨਾਤਮਕ ਰਾਸ਼ਟਰਵਾਦ ਦੇ ਨਸ਼ੇ ਵੱਲੋਂ ਪੈਦਾ ਕੀਤੀ ਨੀਂਦ ਵਿਚ ਚੱਲਣ ਵਾਲੀ ਹਾਲਤ ਅਤੇ ਮਾਸਕੋ ਵੱਲੋਂ ਮੁੜ ਉਭਾਰੀ ਜਲਦੇ ਹੋਏ ਅਤੀਤ ਦੀ ਯਾਦ ਨੇ ਸਾਰੇ ਸੰਸਾਰ ਨੂੰ ਬਦਮਿਜ਼ਾਜ ਰਣਨੀਤਕ ਰੇੜਕੇ ਵਿਚ ਫਸਾ ਦਿੱਤਾ ਹੈ। ਇਹ ਅਜਿਹੀ ਘੁੰਮਣਘੇਰੀ ਬਣ ਗਈ ਹੈ ਜਿਥੇ ਸੰਸਾਰ ਦੀਆਂ ਸਾਰੀਆਂ ਵੱਡੀਆਂ ਤਾਕਤਾਂ ਸਿੱਧੇ ਜਾਂ ਲੁਕਵੇਂ ਢੰਗ ਨਾਲ ਇਸ ਜੰਗ ਵਿਚ ਉਲਝ ਚੁੱਕੀਆਂ ਹਨ ਅਤੇ ਇਸ ਦੌਰਾਨ ਇਸ ਦੁਸ਼ਮਣੀ ਨੂੰ ਖ਼ਤਮ ਕਰਨ ਲਈ ਦਿਸਹੱਦਿਆਂ ਉਤੇ ਕੋਈ ਭਰੋਸੇਯੋਗ ਹੀਲਾ ਵੀ ਦਿਖਾਈ ਨਹੀਂ ਦਿੰਦਾ।

ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਨਾਲੋਂ ਕੁਝ ਵਧੇਰੇ ਹੁੰਦਾ ਹੈ। ਇਸ ਲਈ ਇਸ ਗੱਲ ਦੀ ਸੰਭਾਵਨਾ ਨਹੀਂ ਕਿ ਤੀਜੀ ਸੰਸਾਰ ਜੰਗ ਦਾ ਢਾਂਚਾ ਜਾਂ ਇਸ ਦੀ ਤਰਤੀਬ ਪਿਛਲੀ ਸਦੀ ਦੌਰਾਨ ਹੋਈਆਂ ਅਜਿਹੀਆਂ ਹੀ ਜੰਗਾਂ ਵਰਗੀ ਹੋਵੇਗੀ, ਭਾਵ ਜਿਨ੍ਹਾਂ ਦੀ ਅਗਾਊਂ ਚਿਤਾਵਨੀ ਮਿਲ ਜਾਵੇ। ਛੇ ਸਾਲਾਂ ਤੱਕ ਚੱਲੀ ਦੂਜੀ ਸੰਸਾਰ ਜੰਗ ਦਾ ਖ਼ਾਤਮਾ ਉਦੋਂ ਹੋਇਆ ਜਦੋਂ ਅਮਰੀਕਾ ਨੇ ਜਪਾਨ ਖ਼ਿਲਾਫ਼ ਪਰਮਾਣੂ ਬੰਬਾਂ ਦਾ ਇਸਤੇਮਾਲ ਕੀਤਾ। ਇਹ ਉਹ ਦੌਰ ਸੀ ਜਦੋਂ ਪਰਮਾਣੂ ਹਥਿਆਰਾਂ ਦੀ (ਅਮਰੀਕਾ ਕੋਲ) ਇਜਾਰੇਦਾਰੀ ਸੀ। ਕੀ ਤਬਾਹੀ ਦੀਆਂ ਅਜਿਹੀਆਂ ਕਾਲੀਆਂ ਘਟਾਵਾਂ ਇਕ ਵਾਰੀ ਫਿਰ ਧਰਤੀ ਉਤੇ ਛਾਉਣਗੀਆਂ?

ਦੁਨੀਆ ਦੇ ਮੌਜੂਦਾ ਰਣਨੀਤਕ ਢਾਂਚੇ ਵਿਚ ਕਈ ਪਰਮਾਣੂ ਤਾਕਤਾਂ ਹਨ ਜਿਨ੍ਹਾਂ ਦੀ ਹਾਲੀਆ ਦੌਰ ਦੀ ਗਿਣਤੀ ਨੌਂ ਬਣਦੀ ਹੈ ਭਾਵੇਂ ਸੰਸਾਰ ਦੇ ਕੁੱਲ ਪਰਮਾਣੂ ਅਸਲ੍ਹਾਖ਼ਾਨੇ ਦਾ 90 ਫ਼ੀਸਦੀ ਹਿੱਸਾ ਅਮਰੀਕਾ ਤੇ ਰੂਸ ਕੋਲ ਹੈ। ਪਰਮਾਣੂ ਘੇਰੇ ਵਿਚ ਫੈਲੀ ਹੋਈ ਮੌਜੂਦਾ ਨਾਜ਼ੁਕ ਹਾਲਤ ਨੂੰ ਜ਼ਾਹਿਰ ਕਰਦਿਆਂ ਰੂਸੀ ਸਦਰ ਵਲਾਦੀਮੀਰ ਪੂਤਿਨ ਨੇ ਪਿਛਲੇ ਹਫ਼ਤੇ ਹੀ ਅਮਰੀਕਾ ਨਾਲ ਪਰਮਾਣੂ

ਹਥਿਆਰਾਂ ਵਿਚ ਕਟੌਤੀ ਸਬੰਧੀ ਨਵੇਂ ਸਟਾਰਟ ਸਮਝੌਤੇ (New START treaty) ਮੁਅੱਤਲ ਕਰਨ ਦਾ ਐਲਾਨ ਕੀਤਾ ਹੈ ਜਿਹੜਾ ਪਰਮਾਣੂ ਹਥਿਆਰਾਂ ਉਤੇ ਕੰਟਰੋਲ ਸਬੰਧੀ ਅਮਰੀਕਾ ਤੇ ਰੂਸ ਦਰਮਿਆਨ ਹੋਏ ਸਮਝੌਤਿਆਂ ਵਿਚੋਂ ਸਭ ਤੋਂ ਬਾਅਦ ਵਾਲਾ ਸੀ। ਪੂਤਿਨ ਨੇ ਕਿਹਾ ਕਿ ਉਨ੍ਹਾਂ ਇਹ ਫ਼ੈਸਲਾ ਇਸ ਕਾਰਨ ਕੀਤਾ ਹੈ ਕਿ ਅਮਰੀਕਾ ਅਤੇ ਨਾਟੋ ਰੂਸ ਨੂੰ ‘ਰਣਨੀਤਕ ਤੌਰ ’ਤੇ ਹਰਾਉਣਾ’ ਚਾਹੁੰਦੇ ਹਨ ਅਤੇ ਇਸ ਦੇ ਪਰਮਾਣੂ ਟਿਕਾਣਿਆਂ ਤੱਕ ਪੁੱਜਣਾ ਚਾਹੁੰਦੇ ਹਨ। ਦੂਜੇ ਪਾਸੇ ਅਮਰੀਕਾ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ‘ਭਾਰੀ ਗ਼ਲਤੀ’ ਕਰਾਰ ਦਿੱਤਾ ਹੈ।

ਇਸ ਦੇ ਨਾਲ ਹੀ ਅਮਰੀਕੀ ਸਦਰ ਜੋਅ ਬਾਇਡਨ ਨੇ ਜੰਗ ਦੀ ਪਹਿਲੀ ਬਰਸੀ ਮੌਕੇ 20 ਫਰਵਰੀ ਨੂੰ ਅਚਾਨਕ ਯੂਕਰੇਨ ਦਾ ਦੌਰਾ ਕੀਤਾ ਅਤੇ ਨਾਲ ਹੀ ਇਸ ‘ਜ਼ਾਲਮਾਨਾ ਤੇ ਗੈਰ-ਵਾਜਬ ਜੰਗ’ ਖ਼ਿਲਾਫ਼ ਪੱਛਮ ਦੀ ਯੂਕਰੇਨ ਨੂੰ ਹਮਾਇਤ ਤੇ ਇਕਮੁੱਠਤਾ ਦਾ ਅਹਿਦ ਦੁਹਰਾਇਆ। ਅਗਲੇ ਦਿਨ 21 ਫਰਵਰੀ ਨੂੰ ਬਾਇਡਨ ਨੇ ਵਾਰਸਾ ਦਾ ਦੌਰਾ ਕੀਤਾ ਅਤੇ ਉਥੇ ਉਨ੍ਹਾਂ ਕਿਹਾ ਕਿ ਯੂਕਰੇਨ ਵਿਚ ‘ਰੂਸ ਨੂੰ ਕਦੇ ਵੀ ਜਿੱਤ ਨਹੀਂ ਮਿਲੇਗੀ’। ਇਸ ਤੋਂ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਬੁਖ਼ਾਰੈਸਟ-9, ਭਾਵ ਯੂਰੋਪ ਦੇ ਪੂਰਬ ਵਾਲੇ ਪਾਸੇ ਲੱਗਦੇ ਨਾਟੋ ਦੇ ਨੌਂ ਮੈਂਬਰ ਮੁਲਕਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਪਹਿਲਾਂ ਸੋਵੀਅਤ ਧੜੇ ਦੇ ਮੈਂਬਰ ਰਹੇ ਪੋਲੈਂਡ, ਬੁਲਗਾਰੀਆ ਅਤੇ ਲਿਥੂਆਨੀਆ ਵੀ ਸ਼ਾਮਲ ਸਨ। ਇਹ ਮੁਲਕ ਠੰਢੀ ਜੰਗ ਤੋਂ ਬਾਅਦ ਨਾਟੋ ਦੇ ਮੈਂਬਰ ਬਣ ਗਏ ਸਨ। ਇਸ ਮੌਕੇ ਵੀ ਬਾਇਡਨ ਨੇ ਇਹੋ ਦਰਸਾਉਣ ਉਤੇ ਜ਼ੋਰ ਦਿੱਤਾ ਕਿ ਇਹ ਜੰਗ ‘ਨਾ ਸਿਰਫ਼ ਯੂਕਰੇਨ ਲਈ ਸਗੋਂ ਯੂਰੋਪ ਭਰ ਤੇ ਸਾਰੇ ਸੰਸਾਰ ਦੇ ਲੋਕਤੰਤਰਾਂ ਦੀ ਆਜ਼ਾਦੀ ਲਈ’ ਅਹਿਮ ਹੈ।

ਇਸ ਦੌਰਾਨ ਜੰਗ ਦੀ ਪਹਿਲੀ ਬਰਸੀ ਤੋਂ ਐਨ ਪਹਿਲਾਂ ਅਹਿਮ ਸਿਆਸੀ-ਸਫ਼ਾਰਤੀ ਘਟਨਾ ਵਿਚ ਚੀਨ ਨੇ ਆਪਣੇ ਚੋਟੀ ਦੇ ਸਫ਼ੀਰ ਵਾਂਗ ਯੀ ਨੂੰ ਮਾਸਕੋ ਭੇਜਿਆ ਅਤੇ ਇਸ ਮੌਕੇ ਪ੍ਰੋਟੋਕੋਲ ਨੂੰ ਨਜ਼ਰਅੰਦਾਜ਼ ਕਰਦਿਆਂ 22 ਫਰਵਰੀ ਨੂੰ ਪੂਤਿਨ ਨੇ ਇਸ ਚੀਨੀ ਮਹਿਮਾਨ ਦਾ ਸਵਾਗਤ ਕੀਤਾ। ਇਸ ਦੌਰਾਨ ਇਕ ਪਾਸੇ ਜਿਥੇ ਇਹ ਕਿਆਸ ਲਾਏ ਜਾ ਰਹੇ ਹਨ ਕਿ ਚੀਨ ਵੱਲੋਂ ਯੂਕਰੇਨ ਜੰਗ ਨੂੰ ਖ਼ਤਮ ਕਰਾਉਣ ਲਈ ਗੱਲਬਾਤ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾ ਰਿਹਾ ਹੈ, ਉਥੇ ਇਸ ਫੇਰੀ ਸਬੰਧੀ ਅਧਿਕਾਰਤ ਤੌਰ ’ਤੇ ਇਹੋ ਕਿਹਾ ਗਿਆ ਕਿ ਇਹ ਦੋਵਾਂ ਮੁਲਕਾਂ ਦਰਮਿਆਨ ਭਾਈਵਾਲੀ ਅਤੇ ਨੇੜ ਭਵਿੱਖ ਵਿਚ ਚੀਨੀ ਸਦਰ ਸ਼ੀ ਜਿਨਪਿੰਗ ਦੇ ਕੀਤੇ ਜਾਣ ਵਾਲੇ ਰੂਸ ਦੌਰੇ ਮੁਤੱਲਕ ਕੀਤੀ ਗਈ ਹੈ।

ਵਾਂਗ ਯੀ ਨੇ ਇਸ ਸਬੰਧ ਵਿਚ ਜ਼ੋਰ ਦਿੱਤਾ ਕਿ ਇਹ ਭਾਈਵਾਲੀ ਕਿਸੇ ਹੋਰ ਮੁਲਕ ਵੱਲ ਸੇਧਿਤ ਨਹੀਂ ਹੈ ਅਤੇ ਕਿਹਾ, “ਅਸੀਂ ਮਿਲ ਕੇ ਬਹੁ-ਧਰੁਵੀ ਅਤੇ ਕੌਮਾਂਤਰੀ ਰਿਸ਼ਤਿਆਂ ਦੇ ਲੋਕਤੰਤਰੀਕਰਨ ਦੀ ਹਮਾਇਤ ਕਰਦੇ ਹਾਂ। ਇਹ ਪੂਰੀ ਤਰ੍ਹਾਂ ਵਕਤ ਤੇ ਇਤਿਹਾਸ ਦੇ ਮੁਤਾਬਕ ਹੈ; ਇਹ ਬਹੁਗਿਣਤੀ ਮੁਲਕਾਂ ਦੇ ਹਿੱਤਾਂ ਦੀ ਵੀ ਪੂਰਤੀ ਕਰਦਾ ਹੈ।”

ਇਸ ਤਰ੍ਹਾਂ ਸੰਸਾਰ ਬਹੁਤ ਹੀ ਔਖੀ ਹਾਲਤ ਵਿਚ ਤਿੱਖੇ ਧਰੁਵੀਕਰਨ ਨਾਲ ਜੂਝ ਰਿਹਾ ਹੈ ਜਿਥੇ ਅਮਰੀਕਾ ਦੀ ਅਗਵਾਈ ਹੇਠਲਾ ਪੱਛਮੀ ਗੱਠਜੋੜ ਅਤੇ ਇਸ ਦੇ ਹੋਰ ਭਾਈਵਾਲ ਰੂਸ ਵੱਲੋਂ ਫਰਵਰੀ 2022 ਵਿਚ ਸ਼ੁਰੂ ਕੀਤੇ ਆਪਣੇ ‘ਸਪੈਸ਼ਲ ਅਪਰੇਸ਼ਨ’ ਕਾਰਨ ਇਸ ਦੇ ਖ਼ਿਲਾਫ਼ ਹਨ; ਦੂਜੇ ਪਾਸੇ ਪੇਈਚਿੰਗ ਇੰਝ ਦਿਖਾਈ ਦੇ ਰਿਹਾ ਹੈ ਜਿਵੇਂ ਉਹ ਸੰਕਟ ਵਿਚ ਫਸੇ ਮਾਸਕੋ ਨੂੰ ਬਹੁਤ ਲੋੜੀਂਦਾ ਸਹਿਯੋਗ ਦੇ ਰਿਹਾ ਹੋਵੇ। ਅਮਰੀਕਾ ਨੇ ਰੂਸ ਨੂੰ ਸਿੱਧੀ ਫ਼ੌਜੀ ਇਮਦਾਦ ਦੇਣ ਉਤੇ ਨਿਕਲਣ ਵਾਲੇ ਸਿੱਟਿਆਂ ਸਬੰਧੀ ਚੀਨ ਨੂੰ ਖ਼ਬਰਦਾਰ ਕੀਤਾ ਹੈ ਅਤੇ ਇਸ ਗੱਲ ਨੇ ਪੇਈਚਿੰਗ ਅਤੇ ਵਾਸ਼ਿੰਗਟਨ ਦਰਮਿਆਨ ਪਹਿਲਾਂ ਹੀ ਗ਼ੁਬਾਰੇ ਵਾਲੇ ਵਿਵਾਦ ਕਾਰਨ ਵਧੀ ਹੋਈ ਕੁੜੱਤਣ ਵਿਚ ਹੋਰ ਇਜ਼ਾਫ਼ਾ ਕੀਤਾ ਹੈ।

ਇਹ ਗੱਲ ਵਿਵਾਦ ਵਾਲਾ ਮੁੱਦਾ ਬਣੀ ਹੋਈ ਹੈ ਕਿ ਅਮਰੀਕਾ, ਰੂਸ ਤੇ ਚੀਨ ਦੇ ਆਗੂਆਂ ਵੱਲੋਂ ਅਜਿਹੇ ਇਕ-ਦੂਜੇ ਤੋਂ ਵਧ ਕੇ ਦਿੱਤੇ ਜਾ ਰਹੇ ਬਿਆਨ ਕੀ ਮੁੱਖ ਤੌਰ ’ਤੇ ਡੌਲੇ ਦਿਖਾਉਣ ਵਾਲੀ ਹੀ ਗੱਲ ਹੈ ਜਾਂ ਇਹ ਤਣਾਅ ਵਿਚ ਅਸਲ ਵਾਧੇ ਦਾ ਸੰਕੇਤ ਹਨ। ਉਂਝ, ਇਸ ਦੌਰਾਨ ਉਮੀਦ ਦੀ ਕਿਰਨ ਇਹ ਹੈ ਕਿ ਪਰਮਾਣੂ ਜੰਗ ਦਾ ਖ਼ਤਰਾ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਮਾਸਕੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪਰਮਾਣੂ ਹਥਿਆਰਾਂ ਸਬੰਧੀ ਮੌਜੂਦਾ ਸੰਜਮ ਪ੍ਰੋਟੋਕੋਲ ਦਾ ਸਤਿਕਾਰ ਕੀਤਾ ਜਾਵੇਗਾ। ਗ਼ੌਰਤਲਬ ਹੈ ਕਿ ਅਮਰੀਕਾ ਅਤੇ ਹੋਰ ਸਬੰਧਿਤ ਮੁਲਕਾਂ ਵੱਲੋਂ ਅਜਿਹੇ ਖ਼ਦਸ਼ਿਆਂ ਦਾ ਇਜ਼ਹਾਰ ਕੀਤਾ ਜਾ ਰਿਹਾ ਸੀ। ਯੂਕਰੇਨ ਜੰਗ ਦੇ ਦੂਜੇ ਸਾਲ ਦੌਰਾਨ ਦੋਵੇਂ ਧਿਰਾਂ ਸਰਦੀਆਂ ਦਾ ਜ਼ੋਰ ਘਟਣ ਤੋਂ ਬਾਅਦ ਵੱਧ ਤੋਂ ਵੱਧ ਰਣਨੀਤਕ ਲਾਭ ਹਾਸਲ ਕਰਨ ਦੀ ਕੋਸ਼ਿਸ਼ ਕਰਨਗੀਆਂ ਜਿਸ ਦੌਰਾਨ ਜ਼ਮੀਨੀ ਹਾਲਾਤ ਇਕ ਪਾਸੇ ਉਸ ਮਾਲੀ ਤੇ ਫ਼ੌਜੀ ਇਮਦਾਦ ਮੁਤਾਬਕ ਤੈਅ ਹੋਣਗੇ ਜਿਹੜੀ ਅਮਰੀਕਾ ਤੇ ਇਸ ਦੇ ਭਾਈਵਾਲਾਂ ਵੱਲੋਂ ਯੂਕਰੇਨ ਨੂੰ ਮੁਹੱਈਆ ਕਰਵਾਈ ਜਾਵੇਗੀ; ਦੂਜੇ ਪਾਸੇ ਉਸ ਜ਼ੋਰਦਾਰ ਫ਼ੌਜੀ ਹਮਲੇ ਮੁਤਾਬਕ ਜਿਹੜਾ ਰੂਸ ਵੱਲੋਂ ਸੰਭਾਵੀ ਤੌਰ ’ਤੇ ਮੱਧ 2023 ਦੌਰਾਨ ਕੀਤਾ ਜਾਵੇਗਾ।

ਭਾਰਤ ਲਈ ਪੂਤਿਨ ਵੱਲੋਂ ਯੂਕਰੇਨ ਉਤੇ ਕੀਤਾ ਇਹ ਹਮਲਾ ਗੁੰਝਲਦਾਰ ਚੁਣੌਤੀ ਸੀ ਤੇ ਹੈ ਅਤੇ ਜੰਗ ਦੇ ਪਹਿਲੇ ਸਾਲ ਦੌਰਾਨ ਮੋਦੀ ਸਰਕਾਰ ਤਿਲਕਣ ਭਰੇ ਇਸ ਸਿਆਸੀ-ਰਣਨੀਤਕ ਰਸਤੇ ਉਤੇ ਬੜੀ ਚਤੁਰਾਈ ਨਾਲ ਇਹ ਯਕੀਨੀ ਬਣਾਉਂਦਿਆਂ ਲੰਘੀ ਕਿ ਇਸ ਦੌਰਾਨ ਉਸ ਦੇ ਦੋਵਾਂ ਅਮਰੀਕਾ ਤੇ ਰੂਸ ਨਾਲ ਰਿਸ਼ਤੇ ਇਕੋ ਜਿਹੇ ਬਣੇ ਰਹਿਣ ਪਰ ਇਹ ਤਰੀਕਾ ਦੂਜੇ ਸਾਲ ਦੌਰਾਨ ਉਦੋਂ ਵਧੇਰੇ ਔਖਾ ਸਾਬਤ ਹੋ ਸਕਦਾ ਹੈ ਜਦੋਂ ਦਿੱਲੀ ਜੀ-20 ਦੀ ਪ੍ਰਧਾਨਗੀ ਦੌਰਾਨ ਆਪਣੀ ਖ਼ੁਦ ਦੀ ਦਿੱਖ ਚਮਕਾਉਣ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ। ਇਸ ਮਾਮਲੇ ਵਿਚ ਬੀਤੇ ਸਾਲ ਦਾ ਇੰਡੋਨੇਸ਼ੀਆ ਦਾ ਤਜਰਬਾ ਸਿੱਖਿਆਦਾਈ ਹੋ ਸਕਦਾ ਹੈ ਜਦੋਂ ਅਜਿਹੀ ਜ਼ਿੰਮੇਵਾਰੀ ਜਕਾਰਤਾ ਨੇ ਨਿਭਾਈ ਸੀ।

ਭਾਰਤ ਲਈ ਵਧੇਰੇ ਫ਼ੌਰੀ ਸਲਾਮਤੀ ਸਰੋਕਾਰ ਚੀਨ ਵੱਲੋਂ ਲੱਦਾਖ਼ ਵਿਚ ਕੀਤੀ ਜਾ ਰਹੀ ਘੁਸਪੈਠ ਹੈ। ਇਸ ਤੋਂ ਇਲਾਵਾ ਯੂਕਰੇਨ ਜੰਗ ਨੇ ਭਾਰਤ ਨੂੰ ਰੂਸ ਉਤੇ ਰਣਨੀਤਕ ਤੇ ਫ਼ੌਜੀ ਨਿਰਭਰਤਾ ਕਾਰਨ ਔਖੀ ਹਾਲਤ ਵਿਚ ਫਸਾ ਦਿੱਤਾ ਹੈ। ਇਸ ਦੌਰਾਨ ਚੀਨ ਨਾਲ ਸਫ਼ਾਰਤੀ ਗੱਲਬਾਤ ਦੀ ਬਹਾਲੀ (ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਸ਼ਿਲਪਕ ਅੰਬੂਲੇ ਦੀ ਪੇਈਚਿੰਗ ਯਾਤਰਾ) ਉਤਸ਼ਾਹ ਵਧਾਊ ਘਟਨਾਕ੍ਰਮ ਹੈ। ਦੂਜੇ ਪਾਸੇ, ਯੂਕਰੇਨ ਜੰਗ ਦੇ ਦੂਜੇ ਸਾਲ ਦੌਰਾਨ ਪੇਈਚਿੰਗ ਤੇ ਮਾਸਕੋ ਦੇ ਰਿਸ਼ਤਿਆਂ ਦੀ ਬਣਤਰ ਆਪਣੀ ਰਣਨੀਤਕ ਖ਼ੁਦਮੁਖ਼ਤਾਰੀ ਦਾ ਮੁਜ਼ਾਹਰਾ ਕਰਨ ਅਤੇ ਨਾਲ ਹੀ ਮੌਜੂਦਾ ਰੇੜਕੇ ਵਿਚ ਭਰੋਸੇਮੰਦ ਵਾਰਤਾਕਾਰ ਬਣਨ ਦੀਆਂ ਦਿੱਲੀ ਦੀਆਂ ਖ਼ਾਹਿਸ਼ਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

*ਲੇਖਕ ਸੁਸਾਇਟੀ ਫਾਰ ਪਾਲਿਸੀ ਸਟੱਡੀਜ਼ ਦਾ ਡਾਇਰੈਕਟਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All