ਐੱਮਕੇ ਭੱਦਰਕੁਮਾਰ
ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਿਸ਼ੀ ਸੂਨਕ ਦੀ ਨਿਯੁਕਤੀ ਭਾਰਤੀ ਕੁਲੀਨਾਂ ਨੂੰ ਜਜ਼ਬਾਤੀ ਅਤੇ ਅਧਿਆਤਮਕ ਸ਼ੁੱਧੀ ਦੇ ਰੂਪ ਵਿਚ ਕਥਾਰਸਿਸ ਹੈ। ਜਦੋਂ ਅਜਿਹਾ ਪਲ ਕਿਸੇ ਪੱਛਮੀ ਦੇਸ਼ ਦੇ ਪਰਵਾਸੀ ਭਾਈਚਾਰੇ ਨਾਲ ਜੁੜਿਆ ਹੁੰਦਾ ਹੈ ਤਾਂ ਸਾਡਾ ਕੁਲੀਨ ਲਾਣਾ ਕੁਝ ਜ਼ਿਆਦਾ ਹੀ ਕੱਛਾਂ ਵਜਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਨਕ ਨੂੰ ਭਾਰਤ ਅਤੇ ਬਰਤਾਨੀਆ ਵਿਚਕਾਰ ਪੁਲ ਕਰਾਰ ਦਿੱਤਾ ਹੈ। ਇਸ ਕਿਸਮ ਦੇ ਵਿਚਾਰਾਂ ਤੋਂ ਕਈ ਖਿਆਲੀ ਪਲਾਓ ਸਿਰਜ ਲਏ ਜਾਂਦੇ ਹਨ। ਮਿਸਾਲ ਦੇ ਤੌਰ ‘ਤੇ ਸੂਨਕ ਅਜਿਹਾ ਅੰਗਰੇਜ਼ ਅਤੇ ਹਿੰਦੂ ਬਣਿਆ ਰਹੇਗਾ ਜੋ ਗੀਤਾ ਪੜ੍ਹ ਲੈਂਦਾ ਹੈ ਪਰ ਉਹ ਅਜਿਹਾ ਬਰਤਾਨਵੀ ਸਿਆਸਤਦਾਨ ਹੈ ਜੋ ਫ਼ੈਸਲੇ ਕਰਨ ਸਮੇਂ ਉਥੋਂ ਦੇ ਹਿੱਤਾਂ ਨੂੰ ਸਾਹਮਣੇ ਰੱਖੇਗਾ। ਹੁਣ ਜਦੋਂ ਬਰਤਾਨਵੀ ਸਿਆਸਤ ਵਿਚ ਪਛਾਣ ਤੇ ਵਿਚਾਰਧਾਰਾ ਮੁੱਖ ਸੰਚਾਲਕ ਬਣੇ ਹੋਏ ਹਨ ਤੇ ਅੱਗੇ ਚੱਲ ਕੇ ਵਿਰੋਧਾਭਾਸ ਪੈਦਾ ਹੋਣ ਦੇ ਆਸਾਰ ਹਨ ਤਾਂ ਇਸ ਮਾਮਲੇ ਵਿਚ ਚੌਕਸੀ ਭਰੀ ਪਹੁੰਚ ਅਤੇ ਵਿਹਾਰਕ ਰਵੱਈਆ ਅਪਣਾਉਣ ਦੀ ਲੋੜ ਹੈ। ਬੀਬੀ ਸੁਏਲਾ ਬ੍ਰੇਵਰਮੈਨ ਨੂੰ ਮੁੜ ਗ੍ਰਹਿ ਮੰਤਰੀ ਨਿਯੁਕਤ ਕਰ ਕੇ ਸੂਨਕ ਨੇ ਪਹਿਲਾਂ ਹੀ ਆਪਣੀ ਨਿਯੁਕਤੀ ਵਾਲੇ ਦਿਨ ਵੱਡੀ ਗ਼ਲਤੀ ਕਰ ਲਈ ਹੈ। ਵੱਡੇ ਸਿਤਮ ਦੀ ਗੱਲ ਇਹ ਹੈ ਕਿ ਸੁਏਲਾ ਵੀ ਭਾਰਤੀ ਮੂਲ ਦੀ ਹੈ ਪਰ ਆਵਾਸ ਨੀਤੀਆਂ ਵਿਚ ਢਿੱਲ ਦੇਣ ਦੀਆਂ ਨੀਤੀਆਂ ਦੇ ਵਿਰੋਧ ਕਰ ਕੇ ‘ਭਾਰਤ ਮਾਤਾ’ ਨਾਲ ਆਪਣੇ ਤਿਹੁ ਨੂੰ ਨਹੀਂ ਉਭਾਰ ਸਕਦੀ। ਬਰਤਾਨਵੀ ਸਿਆਸਤ ਵਿਚ ਇਹ ਉਸ ਕਿਸਮ ਦਾ ਮੁੱਦਾ ਹੈ ਜਿਵੇਂ ਭਾਰਤ ਵਿਚ ਐੱਨਆਰਸੀ ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਮੁੱਦਾ ਉਭਰਿਆ ਸੀ।
ਸੂਨਕ ਇਟਲੀ ਦੇ ਮਾਰੀਓ ਮੌਂਟੀ ਅਤੇ ਮਾਰੀਓ ਦਰਾਗੀ ਵਾਂਗ ਬਿਲਕੁੱਲ ਟੈਕਨੋਕ੍ਰੈਟ ਆਗੂ ਹਨ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਆਮ ਚੋਣਾਂ ਵਿਚ ਜਿੱਤ ਹਾਸਲ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਦੀ ਪਾਰਟੀ ਜਾਂ ਸੰਸਦ ਦੀ ਕੋਈ ਚੋਣ ਜਿੱਤੀ ਹੈ। ਕਨਜ਼ਰਵੇਟਿਵ ਪਾਰਟੀ ਨੇ ਪਹਿਲੇ ਗੇੜ ਵਿਚ ਜ਼ਿਆਦਾ ਵੋਟਾਂ ਹਾਸਲ ਕਰਨ ਦੀ ਬਿਨਾਅ ‘ਤੇ ਮੈਂਬਰਾਂ ਦੀਆਂ ਵੋਟਾਂ ਪਾਉਣ ਦੀ ਰਸਮ ਨਿਭਾਉਣ ਤੋਂ ਟਾਲਾ ਵੱਟ ਲਿਆ। ਇਵੇਂ ਲਗਦਾ ਹੈ ਕਿ ਡਾਊਨਿੰਗ ਸਟਰੀਟ ਲਈ ਸੂਨਕ ਦਾ ਰਾਹ ਸਾਫ਼ ਕਰਨ ਲਈ ਕਿਸੇ ਸਮਝੌਤੇ ਤਹਿਤ ਕਨਜ਼ਰਵੇਟਿਵ ਪਾਰਟੀ ਦੇ ਮੈਬਰਾਂ ਦੇ ਵੋਟ ਦੇ ਅਧਿਕਾਰ ਦੀ ਬਲੀ ਦੇ ਦਿੱਤੀ ਗਈ ਹੋਵੇ।
ਇਸ ਨਾਲ ਕੰਮ ਤਾਂ ਬਣ ਗਿਆ ਪਰ ਬਰਤਾਨੀਆ ਦੇ ਬਹੁਗਿਣਤੀ ਲੋਕ ਇਸ ਮੁੱਦੇ ਨੂੰ ਲੈ ਕੇ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਹਨ ਤਾਂ ਕਿ ਇਹ ਫ਼ੈਸਲਾ ਕੀਤਾ ਜਾ ਸਕੇ ਕਿ ਦੇਸ਼ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਵੇ। ਪਿਛਲੇ ਹਫ਼ਤੇ ਯੂਗੋਵ ਸਰਵੇਖਣ ਤੋਂ ਪਤਾ ਲੱਗਿਆ ਕਿ 59 ਫ਼ੀਸਦ ਬਰਤਾਨਵੀ ਅਵਾਮ ਸੋਚਦੀ ਹੈ ਕਿ ਸੂਨਕ ਨੂੰ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਪਰ ਚੋਣ ਸਰਵੇਖਣਾਂ ਦੇ ਨਤੀਜੇ ਦੇਖ ਕੇ ਸੂਨਕ ਦੀ ਪਾਰਟੀ ਦੇ ਮੈਂਬਰ ਅਗਾਊਂ ਚੋਣਾਂ ਕਰਵਾਉਣ ਤੋਂ ਡਰਦੇ ਹਨ ਜਿਸ ਕਰ ਕੇ ਇਸ ਗੱਲ ਦੇ ਆਸਾਰ ਹਨ ਕਿ ਉਹ ਕਿਵੇਂ ਨਾ ਕਿਵੇਂ ਜਨਵਰੀ 2025 ਤੱਕ ਆਪਣਾ ਵਕਤ ਪੂਰਾ ਕਰਨ ਨੂੰ ਤਰਜੀਹ ਦੇਣਗੇ। ਉਂਝ, ਸਿਆਸਤ ਵਿਚ ਕੁਝ ਵੀ ਸਥਾਈ ਨਹੀਂ ਹੁੰਦਾ। ਪਾਰਟੀ ਅੰਦਰ ਖ਼ਾਸਕਰ ਬੋਰਿਸ ਜੌਹਨਸਨ ਦੇ ਹਮਾਇਤੀ ਧੜੇ ਵਿਚ ਅਸੰਤੋਖ ਪੈਦਾ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਬਰਤਾਨੀਆ ਵਿਚ ਜਿਸ ਕਿਸਮ ਦਾ ਨਸਲੀ ਸਹਿਣਸ਼ੀਲਤਾ ਦਾ ਨਾਟਕ ਚੱਲ ਰਿਹਾ ਹੈ, ਸ਼ਾਇਦ ਬਰਤਾਨੀਆ ਦੇ ਸਿਆਸੀ ਕਲਚਰ ਦੇ ਰੁਮਾਂਸ ਵਿਚ ਗਲਤਾਨ ਭਾਰਤੀਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਉੱਥੋਂ ਦੀਆਂ ‘ਜਮਹੂਰੀ ਕਦਰਾਂ ਕੀਮਤਾਂ’ ਦਾ ਵੀ ਦੀਵਾਲਾ ਨਿਕਲ ਸਕਦਾ ਹੈ। ਬਸ, ਫ਼ਰਕ ਇੰਨਾ ਹੈ ਕਿ ਉੱਥੇ ਸਿਆਸੀ ਉਥਲ ਪੁਥਲ ਸਿਸਟਮ ਦੇ ਦਾਇਰੇ ਤੋਂ ਬਾਹਰ ਨਹੀਂ ਜਾਂਦੀ ਜਿਵੇਂ ਕਿ ਜਦੋਂ ਸਿਆਸੀ ਮਾਅਰਕੇਬਾਜ਼ੀ ਤੇ ਜੱਦੋ-ਜਹਿਦ ਬਹੁਤ ਵਧ ਜਾਂਦੀ ਹੈ ਤਦ ਕਨਜ਼ਰਵੇਟਿਵ ਪਾਰਟੀ ਅਤੇ ਪਾਰਲੀਮੈਂਟ ਦੋਵਾਂ ਅੰਦਰ ਰੱਸਾਕਸੀ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ।
ਜੇ ਅਗਲੇ ਛੇ ਕੁ ਮਹੀਨਿਆਂ ਅੰਦਰ ਸੂਨਕ ਬਰਤਾਨੀਆ ਦੇ ਆਰਥਿਕ ਸੰਕਟ ‘ਤੇ ਕਾਬੂ ਪਾਉਣ ਵਿਚ ਨਾਕਾਮ ਰਹਿੰਦੇ ਹਨ ਤਾਂ ਜਲਦੀ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਬਹੁਤ ਵਧ ਜਾਵੇਗੀ। ਜਨਤਕ ਨੀਤੀ ‘ਤੇ ਅਸਰਅੰਦਾਜ਼ ਹੋਣ ਵਾਲੇ ਸ਼ਕਤੀਸ਼ਾਲੀ ਹਿੱਤ ਸਮੂਹਾਂ ਨੇ ਰਿਸ਼ੀ ਸੂਨਕ ਨੂੰ ਚੁਣਿਆ ਹੀ ਤਾਂ ਹੈ ਕਿਉਂਕਿ ਬਰਤਾਨੀਆ ਦੀ ਬੇੜੀ ਕੰਢੇ ਲਾਉਣ ਲਈ ਉਹ ਆਪਣੇ ਵਰਗੇ ਅਤਿਅੰਤ ਧਨਾਢ ਸਿਆਸਤਦਾਨ ‘ਤੇ ਭਰੋਸਾ ਕਰ ਸਕਦੇ ਹਨ ਜੋ ਉਨ੍ਹਾਂ ਦੇ ਹਿੱਤਾਂ ਦੀ ਬਿਹਤਰ ਢੰਗ ਨਾਲ ਸੇਵਾ ਕਰ ਸਕਦਾ ਹੈ। ਦਰਅਸਲ, ਉਹ ਸ਼ਾਂਤਚਿਤ ਅਤੇ ਪੇਸ਼ੇਵਰ ਸਿਆਸਤਦਾਨ ਹੈ ਅਤੇ ਆਪਣੀ ਬੇੜੀ ਵਿਚ ਵੱਟੇ ਪਾਉਣ ਦਾ ਕੰਮ ਨਹੀਂ ਕਰੇਗਾ। ਉਂਝ, ਜੇ ਸੂਨਕ ਨਾਕਾਮ ਰਹਿੰਦੇ ਹਨ ਤਾਂ ਲੇਬਰ ਪਾਰਟੀ ਦੇ ਸ਼ੈਡੋ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦੇ ਰੂਪ ਵਿਚ ਸੁਰੱਖਿਅਤ ਬਦਲ ਮੌਜੂਦ ਹੈ ਜੋ ਪੂਰੀ ਤਨਦੇਹੀ ਨਾਲ ਆਪਣੇ ਜਮਾਤੀ ਹਿੱਤਾਂ ਦੀ ਸੇਵਾ ਕਰਨ ਲਈ ਤਿਆਰ ਹਨ।
ਅੱਜ ਬਰਤਾਨੀਆ ਦੀ ਸਮੱਸਿਆ ਇਹ ਹੈ ਕਿ ਬ੍ਰੈਗਜ਼ਿਟ (ਬਰਤਾਨੀਆ ਦੇ ਯੂਰੋਪੀਅਨ ਯੂਨੀਅਨ ‘ਚੋਂ ਬਾਹਰ ਆਉਣ ਦਾ ਅਮਲ) ਨੂੰ ਸਫ਼ਲ ਬਣਾਉਣ ਲਈ ਇਸ ਦੇ ਆਰਥਿਕ ਮਾਡਲ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ ਪਰ ਬੋਰਿਸ ਜੌਹਨਸਨ ਕੋਲ ਅਜਿਹੀ ਕੋਈ ਯੋਜਨਾ ਨਹੀਂ ਸੀ ਤੇ ਲਿਜ਼ ਟਰੱਸ ਇਸ ਨੂੰ ਸੁਚੱਜੇ ਢੰਗ ਨਾਲ ਲਾਗੂ ਨਹੀਂ ਕਰ ਸਕੇ। ਅਸੀਂ ਨਹੀਂ ਜਾਣਦੇ ਕਿ ਕੀ ਸੂਨਕ ਕੋਲ ਕੋਈ ਅਜਿਹੀ ਯੋਜਨਾ ਹੈ ਜਾਂ ਨਹੀਂ। ਸਾਫ਼ ਨਜ਼ਰ ਆ ਰਿਹਾ ਹੈ ਕਿ ਬ੍ਰੈਗਜ਼ਿਟ ਹੰਢਣਸਾਰ ਨਹੀਂ ਹੈ। ਕਿਸੇ ਨਾ ਕਿਸੇ ਨੂੰ ਤਾਂ ਅੱਕ ਚੱਬਣਾ ਹੀ ਪੈਣਾ ਹੈ ਤਾਂ ਕਿ ਬਰਤਾਨੀਆ ਨੂੰ ਬ੍ਰੈਗਜ਼ਿਟ ਨੂੰ ਪੁੱਠਾ ਗੇੜ ਦਿੱਤੇ ਬਿਨਾ ਯੂਰੋਪੀਅਨ ਯੂਨੀਅਨ ਦੀ ਸਾਂਝੀ ਮੰਡੀ ਅਤੇ ਕਸਟਮਜ਼ ਯੂਨੀਅਨ ਨਾਲ ਮੁੜ ਜੋੜਿਆ ਜਾ ਸਕੇ। ਇਸ ਲਈ ਯੂਰੋਪੀਅਨ ਯੂਨੀਅਨ ਨਾਲ ਵਪਾਰ ਤੇ ਸਹਿਯੋਗ ਸਮਝੌਤੇ (ਟੀਸੀਏ) ਅਤੇ ਕਸਟਮ ਯੂਨੀਅਨ ਕਾਇਮ ਕਰਨ ਬਾਰੇ ਨਵੇਂ ਸਿਰਿਓਂ ਗੱਲਬਾਤ ਸ਼ੁਰੂ ਕਰਨੀ ਪਵੇਗੀ। ਹੋ ਸਕਦਾ ਹੈ ਕਿ ਇਸ ਖ਼ਾਤਰ ਸਰ ਕੀਰ ਸਟਾਰਮਰ ਦੇ ਪ੍ਰਧਾਨ ਮੰਤਰੀ ਬਣਨ ਤੱਕ ਉਡੀਕ ਕਰਨੀ ਪਵੇਗੀ। ਇਸ ਦੌਰਾਨ, ਯੂਕਰੇਨ ਬਰਤਾਨੀਆ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਦੋ ਸਾਬਕਾ ਫ਼ੌਜੀ ਅਫ਼ਸਰਾਂ ਬੈੱਨ ਵਾਲੇਸ ਅਤੇ ਜੇਮਸ ਕਲੈਵਰਲੀ ਨੂੰ ਕ੍ਰਮਵਾਰ ਰੱਖਿਆ ਤੇ ਵਿਦੇਸ਼ ਮੰਤਰੀ ਨਿਯੁਕਤ ਕਰਨ ਦੇ ਫ਼ੈਸਲੇ ਰਾਹੀਂ ਸੂਨਕ ਨੇ ਆਲਮੀ ਮਾਮਲਿਆਂ ਬਾਰੇ ਬਰਤਾਨੀਆ ਦੀ ਪਹੁੰਚ ਜਿਉਂ ਦੀ ਤਿਉਂ ਜਾਰੀ ਰੱਖਣ ਦਾ ਸੰਕੇਤ ਦਿੱਤਾ ਹੈ। ਦੋਵਾਂ ਵਿਚੋਂ ਕਿਸੇ ਨੇ ਵੀ ਪਾਰਟੀ ਦੀ ਲੀਡਰਸ਼ਿਪ ਲਈ ਸੂਨਕ ਦੇ ਦਾਅਵੇ ਦੀ ਹਮਾਇਤ ਨਹੀਂ ਕੀਤੀ ਸੀ ਪਰ ਅਮਰੀਕਾ ਇਨ੍ਹਾਂ ‘ਤੇ ਭਰੋਸਾ ਕਰਦਾ ਹੈ ਅਤੇ ਵਾਲੇਸ ਦੇ ਤਾਂ ਨਾਟੋ ਦੀਆਂ ਸਫ਼ਾਂ ਵਿਚ ਸੰਪਰਕ ਵੀ ਹਨ।
ਇਸੇ ਕਰ ਕੇ, ਪਿਛਲੇ ਹਫ਼ਤੇ ਕਿਸੇ ਵਿਦੇਸ਼ੀ ਆਗੂ ਨੂੰ ਸੂਨਕ ਦੀ ਪਹਿਲੀ ਫੋਨ ਕਾਲ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਗਈ ਤੇ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੀ ਅਗਵਾਈ ਹੇਠ ਬਰਤਾਨੀਆ ਪਹਿਲਾਂ ਵਾਂਗ ਹੀ ਡਟ ਕੇ ਹਮਾਇਤ ਕਰਦਾ ਰਹੇਗਾ। ਇਸ ਸਾਲ ਦੇ ਸ਼ੁਰੂ ਵਿਚ ਇਹ ਚਰਚਾ ਸੀ ਕਿ ਸੂਨਕ ਦਾ ਵਿਸ਼ਵਾਸ ਹੈ ਕਿ ਇਕ ਨਾ ਇਕ ਦਿਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਮਝੌਤਾ ਕਰਨਾ ਪੈਣਾ ਹੈ। ਸੱਤ ਕੁ ਸਾਲ ਪੁਰਾਣੇ ਆਪਣੇ ਸਿਆਸੀ ਕਰੀਅਰ ਤੋਂ ਪਹਿਲਾਂ ਸੂਨਕ ਨੇ ਲੰਡਨ ਵਿਚ ਹੈੱਜ ਫੰਡ ਮੈਨੇਜਰ ਦੀ ਭੂਮਿਕਾ ਨਿਭਾਈ ਸੀ ਤੇ ਉਨ੍ਹਾਂ ਨੂੰ ਰੂਸੀ ਅਰਥਚਾਰੇ ਦੀ ਤਾਕਤ ਤੇ ਸਮੱਰਥਾ ਦਾ ਭਲੀਭਾਂਤ ਅੰਦਾਜ਼ਾ ਹੋਣਾ ਚਾਹੀਦਾ ਹੈ।
ਇਸੇ ਤਰ੍ਹਾਂ, ਖਜ਼ਾਨਾ ਮੰਤਰੀ ਹੁੰਦਿਆਂ ਸੂਨਕ ਚੀਨ ਨਾਲ ਪ੍ਰੌਢ ਤੇ ਸਾਵੇਂ ਸਬੰਧ ਕਾਇਮ ਕਰਨ ਦੀ ਵਕਾਲਤ ਕਰਦੇ ਰਹੇ ਸਨ ਅਤੇ ਵਪਾਰਕ ਸਬੰਧਾਂ ਵਿਚ ਸੁਧਾਰ ਲਿਆਉਣ, ਚੀਨ ਬਰਤਾਨਵੀ ਆਰਥਿਕ ਤੇ ਵਿੱਤੀ ਸੰਵਾਦ ਮੁੜ ਸ਼ੁਰੂ ਕਰਨ ‘ਤੇ ਜ਼ੋਰ ਦਿੰਦੇ ਰਹੇ ਸਨ। ਚੀਨੀ ਮਾਹਿਰ ਵਿਦੇਸ਼ ਨੀਤੀ ਮੁਤੱਲਕ ਸੂਨਕ ਦੀ ਵਿੱਤੀ ਮਾਨਸਿਕਤਾ ਬਾਰੇ ਖਾਸੇ ਉਤਸ਼ਾਹਿਤ ਰਹਿੰਦੇ ਸਨ। ਸੂਨਕ ਵਿਦੇਸ਼ ਨੀਤੀ ਦਾ ਉਹ ਕੰਪਾਸ ਸੰਭਾਲਣਗੇ ਜਿਸ ਨੂੰ ਨਵ-ਕਨਜ਼ਰਵੇਟਿਵ ਵਿਚਾਰਧਾਰਾ ਤੇ ਸੁਰੱਖਿਆ ਦੇ ਆਧਾਰ ‘ਤੇ ਵਾਸ਼ਿੰਗਟਨ ਵਿਚ ਸਥਾਪਤ ਕੀਤਾ ਗਿਆ ਹੈ। ਉਂਝ, ਇਸ ਨੂੰ ਲੈ ਕੇ ਬਹਿਸ ਹੋ ਸਕਦੀ ਹੈ ਕਿ ਅਜੋਕੇ ਆਲਮੀ ਮਾਮਲਿਆਂ ਵਿਚ ਇਸ ‘ਖ਼ਾਸ ਰਿਸ਼ਤੇ’ ਦਾ ਵਜ਼ਨ ਕਿੰਨਾ ਕੁ ਬਚਿਆ ਹੈ।
ਵਿਰੋਧਾਭਾਸ ਇਹ ਹੈ ਕਿ ਜਿਵੇਂ ਜਿਵੇਂ ਬਰਤਾਨੀਆ ਦਾ ਕੌਮੀ ਪਤਨ ਹੋ ਰਿਹਾ ਹੈ, ਇਸ ਵਿਚ ਸਿਆਸੀ ਸਫ਼ਬੰਦੀ ਅਤੇ ਸ਼ਨਾਖਤੀ ਟਕਰਾਅ ਵੀ ਵਧ ਰਹੇ ਹਨ ਜਿਸ ਨਾਲ ਉੱਥੇ ਨਾ ਕੇਵਲ ਸਿਆਸੀ ਅਸਥਿਰਤਾ ਪੈਦਾ ਹੋਣ ਦਾ ਖ਼ਤਰਾ ਵਧ ਰਿਹਾ ਹੈ ਸਗੋਂ ਪੂੰਜੀਵਾਦ ਦੇ ਸਮੁੱਚੇ ਢਾਚਾਂਗਤ ਟਕਰਾਅ ਵੀ ਉਭਰ ਰਹੇ ਹਨ ਪਰ ਸੱਤਾਧਾਰੀ ਕੁਲੀਨ ਵਰਗ ਦੇ ਬ੍ਰੈਗਜ਼ਿਟ ਪੱਖੀ ਸਿਆਸਤਦਾਨ ਸੰਸਾਰ ਜੇਤੂ ਬਰਤਾਨੀਆ ਦੇ ਦਿਲਕਸ਼ ਵਿਚਾਰਾਂ ਨਾਲ ਗ੍ਰਸੇ ਰਹਿੰਦੇ ਹਨ ਅਤੇ ਅਜੇ ਉਨ੍ਹਾਂ ਆਧੁਨਿਕ ਦੁਨੀਆ ਅੰਦਰ ਆਪਣੇ ਦੇਸ਼ ਲਈ ਸਹੀ ਮੁਕਾਮ ਤਲਾਸ਼ ਕਰਨਾ ਹੈ। ਇਸ ਲਿਹਾਜ਼ ਤੋਂ ਕਾਇਮ ਮੁਕਾਮ ਪ੍ਰਧਾਨ ਮੰਤਰੀ ਵਜੋਂ ਸੂਨਕ ਆਪਣੀ ਕੁਰਸੀ ਬਚਾਉਣ ਲਈ ਘਰੋਗੀ ਮੁੱਦਿਆਂ ਵਿਚ ਹੀ ਘਿਰੇ ਰਹਿਣਗੇ ਪਰ ਇਨ੍ਹਾਂ ਨੂੰ ਹੱਲ ਕਰਨ ਲਈ ਉਨ੍ਹਾਂ ਨੂੰ ਸਿਆਸੀ ਸਰਮਾਏ ਦੀ ਘਾਟ ਦਰਪੇਸ਼ ਆਵੇਗੀ।
*ਲੇਖਕ ਭਾਰਤ ਦਾ ਸਾਬਕਾ ਰਾਜਦੂਤ ਹੈ।