ਕਿਸੇ ਵੀ ਸਭਿਅਤਾ ਦੀ ਮੌਲਿਕਤਾ ਦਾ ਅਸਲ ਸਰੂਪ ਉਥੋਂ ਦੀ ਕਲਾ, ਸੰਗੀਤ, ਦਰਸ਼ਨ, ਸਭਿਆਚਾਰ, ਲੋਕਧਾਰਾ ਦੀ ਵੰਨ-ਸਵੰਨਤਾ ਆਦਿ ਵਿਚੋਂ ਪੈਦਾ ਹੋਏ ਚਿੰਤਨ ਅਤੇ ਗਿਆਨ-ਸ਼ਾਸਤਰੀ ਨੇਮ-ਪ੍ਰਬੰਧ ਰਾਹੀਂ ਪੇਸ਼ ਹੁੰਦਾ ਹੈ। ਜਦੋਂ ਕਿਸੇ ਧਰਾਤਲ ਦੇ ਵਾਤਾਵਰਨੀ ਮਾਹੌਲ, ਦਰਿਆ, ਰੁੱਖ, ਹਵਾਵਾਂ ਆਦਿ ਉਥੋਂ ਦੇ ਸੰਗੀਤ ਅਤੇ ਕਲਾਤਮਕਤਾ ਅੰਦਰ ਰਚ ਜਾਣ ਤਾਂ ਉਹ ਧਰਤੀ ਆਪਣਾ ਜਲੌਅ ਪ੍ਰਗਟ ਕਰਨ ਦੀਆਂ ਸੰਭਾਵਨਾਵਾਂ ਪੈਦਾ ਕਰ ਲੈਂਦੀ ਹੈ। ਆਪਣੇ ਕਲਾ, ਸੰਗੀਤ ਅਤੇ ਗਿਆਨ-ਸ਼ਾਸਤਰੀ ਅਭਿਆਸਾਂ ਰਾਹੀਂ ਉਹ ਸੰਸਾਰਵਿਆਪੀ ਮਾਡਲ ਦੇ ਸਰੂਪ ਦਾ ਰਾਹ ਤਲਾਸ਼ ਲੈਂਦੀ ਹੈ। ਇਸ ਨੁਕਤੇ ਨੂੰ ਪੰਜਾਬ ਦੇ ਪ੍ਰਸੰਗ ਵਿਚ ਸਮਝੀਏ ਤਾਂ ਅਮਰਜੀਤ ਚੰਦਨ ਦੀ ਕਵਿਤਾ ਦੀਆਂ ਇਹ ਸਤਰਾਂ ਚੇਤੇ ਆਉਂਦੀਆਂ ਹਨ:
ਪੰਜਾਬ ਮੇਰਾ ਦੁਨੀਆ ਜਿੱਡਾ/ਪੰਜਾਬ ਮੇਰਾ ਅਨਹਦ ਹੈ/ਇਸ ਵਿਚ ਸੱਭੋ ਦਰਿਆ ਵਹਿੰਦੇ/ਇਸ ਵਿਚ ਹਰ ਕੋਈ ਪੰਜਾਬੀ ਵਿਚ ਚੁੱਪ ਸੁਣਦਾ ਹੈ/ਇਹ ਕਿਸੇ ਫ਼ਕੀਰ ਦੀ ਸੱਦ ਹੈ।
ਪੰਜਾਬ ਦਾ ਅਨਹਦ ਰੂਪ ਹੋ ਜਾਣਾ, ਦੁਨੀਆ ਜਿੱਡਾ ਹੋਣਾ, ਇਸ ਵਿਚ ਸਾਰੇ ਦਰਿਆਵਾਂ ਦਾ ਵਹਿਣਾ ਆਦਿ ਬਿੰਬਾਂ ਰਾਹੀਂ ਕਵੀ ਕੇਵਲ ਭੂਗੋਲਿਕ ਜਾਂ ਵਾਤਾਵਰਨੀ ਮਾਹੌਲ ਨਹੀਂ ਦਿਖਾ ਰਿਹਾ, ਉਹ ਪੰਜਾਬ ਦੀ ਅਸਲ ਮੌਲਿਕਤਾ ਨੂੰ ਦਰਸਾਉਣਾ ਚਾਹ ਰਿਹਾ ਹੈ ਜਿਸ ਵਿਚ ਪੰਜਾਬ ਦੀ ਅਧਿਆਤਮਕ, ਧਾਰਮਿਕ, ਸਾਹਿਤਕ ਅਤੇ ਉਸ ਦੀਆਂ ਕਲਾਵਾਂ ਦੇ ਸੁਹਜ-ਸ਼ਾਸਤਰੀ ਅਭਿਆਸ ਪ੍ਰਤੀਕਾਤਮਕ ਰੂਪ ਵਿਚ ਪੇਸ਼ ਹੁੰਦੇ ਹਨ ਤੇ ਪੰਜਾਬ ਵਿਸ਼ਵਾਰਥੀ ਮਾਡਲ ਦੇ ਪਾਸਾਰ ਸਿਰਜਣ ਦੇ ਸਮਰੱਥ ਹੋ ਸਕਦਾ ਹੈ।
‘ਨਾਦ ਪ੍ਰਗਾਸੁ’ ਪਿਛਲੇ 17 ਸਾਲਾਂ ਤੋਂ ਗਿਆਨ ਸਿਰਜਣ ਪ੍ਰਕਿਰਿਆ ਨੂੰ ਸਮਝਣ ਲਈ ਲਗਾਤਾਰ ਕਾਰਜਸ਼ੀਲ ਹੈ। ਇਸ ਸੰਸਥਾ ਨਾਲ ਵਿਦਿਆਰਥੀ ਅਤੇ ਸ਼ੁਭਚਿੰਤਕ ਵਜੋਂ ਕੁਝ ਸਾਲ ਪਹਿਲਾਂ ਜੁੜਨ ਦਾ ਸਬਬ ਬਣਿਆ। ਇਸ ਸੰਸਥਾ ਦਾ ਮੂਲ ਮਕਸਦ ਵੱਖ ਵੱਖ ਗਿਆਨ ਪਰੰਪਰਾਵਾਂ ਦੀ ਇਕਮਿਕਤਾ ਵਿਚੋਂ ਉਪਜੇ ਗਿਆਨ-ਸ਼ਾਸਤਰੀ ਪ੍ਰਬੰਧ ਦੇ ਸਰੂਪ ਨੂੰ ‘ਸ਼ਬਦ’ ਅਨੁਭਵ ਦੀ ਦ੍ਰਿਸ਼ਟੀ ਵਿਚੋਂ ਦੇਖਣਾ ਹੈ। ਦੂਜਾ ਨੁਕਤਾ ਪੰਜਾਬ ਦੀ ਅਕਾਦਮਿਕਤਾ ਤੇ ਕੇਂਦਰਿਤ ਹੈ। ਸਾਡੇ ਕੋਲ ਯੂਨੀਵਰਸਿਟੀ/ਅਕਾਦਮਿਕਤਾ ਦਾ ਮਾਡਲ ਯੂਰੋਪੀਅਨ ਮੁਲਕਾਂ ਤੋਂ ਆਇਆ ਹੈ ਜਿਸ ਨੇ ਇੱਥੋਂ ਦੇ ਬੌਧਿਕ ਅਭਿਆਸ ਨੂੰ ਸੰਸਾਰ ਗਿਆਨ-ਵਿਗਿਆਨ ਦੇ ਵੱਖਰੇ ਵੱਖਰੇ ਪਾਸਾਰਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਪਰ ਨਾਲ ਹੀ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਯੂਨੀਵਰਸਿਟੀਆਂ/ਅਕਾਦਮਿਕ ਅਦਾਰਿਆਂ ਦੀ ਸਿੱਖਿਆ ਨੀਤੀ ਦੀ ਪਹੁੰਚ ਕਿਨ੍ਹਾਂ ਲੋਕਾਂ ਜਾਂ ਕਿਹੜੇ ਸਮਾਜ ਤੱਕ ਮਹਿਦੂਦ ਹੈ ਅਤੇ ਕਿਹੜੇ ਪ੍ਰਸੰਗਾਂ ਵਿਚੋਂ ਉਸਾਰੀ ਜਾ ਰਹੀ ਹੈ। ਮੁਲਕ ਦੀ ਅਹਿਮ ਯੂਨੀਵਰਸਿਟੀ ਦਾ ਖੋਜਾਰਥੀ ਹੋਣ ਦੇ ਨਾਤੇ ਇਹ ਕਹਿ ਸਕਦਾ ਹਾਂ ਕਿ ਜਦੋਂ ਤੱਕ ਕੋਈ ਸਟੇਟ/ਅਦਾਰਾ ਆਪਣੀ ਸਿੱਖਿਆ ਨੀਤੀ ਅਤੇ ਖੋਜ ਕਾਰਜ, ਗਿਆਨ ਪ੍ਰਬੰਧ ਤੇ ਆਪਣੀ ਭਾਸ਼ਾ ਨੂੰ ਉੱਥੋਂ ਦੇ ਲੋਕ ਸਮੂਹ ਅਤੇ ਹਾਸ਼ੀਆਗਤ ਲੋਕਾਈ ਨਾਲ ਨਹੀਂ ਜੋੜਦਾ, ਉਦੋਂ ਤੱਕ ਇਹ ਅਭਿਆਸ ਅਰਥਪੂਰਨ ਸਾਬਿਤ ਨਹੀਂ ਹੋ ਸਕਣਗੇ। ਕਿਸੇ ਧਰਤੀ ਦੀ ਖ਼ਾਸ ਰਹਿਤਲ, ਭਾਸ਼ਾ, ਸੰਗੀਤ, ਰਿਸ਼ਤੇ, ਮਨੁੱਖੀ-ਜੁਜ਼ ਤੇ ਲੋਕ ਮੁਹਾਵਰੇ ਨੂੰ ਸਮਝ ਅਤੇ ਜਾਣ ਕੇ ਅਕਾਦਮਿਕਤਾ ਨੇ ਸਥਾਨਿਕਤਾ ਨਾਲ ਰਿਸ਼ਤਾ ਕਾਇਮ ਕਰਨਾ ਹੁੰਦਾ ਹੈ ਜਿਸ ਨਾਲ ਉੱਥੋਂ ਦਾ ਲੋਕ-ਸਮੂਹ ਆਪਣੀਆਂ ਪਰੰਪਰਾਵਾਂ ਨੂੰੰ ਗਿਆਨ ਦੀਆਂ ਨਵੀਆਂ ਦਿਸ਼ਾਵਾਂ ਨਾਲ ਜੋੜ ਸਕੇ।
ਨਾਦ ਪ੍ਰਗਾਸੁ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਸਾਹਿਤ ਉਤਸਵ ਦੌਰਾਨ ‘ਚੜ੍ਹਿਆ ਬਸੰਤ’ ਕਵੀ ਦਰਬਾਰ, ਸੈਮੀਨਾਰ, ਗੋਸ਼ਟੀਆਂ, ਕਾਨਫਰੰਸਾਂ, ਕਲਾ ਪ੍ਰਦਰਸ਼ਨੀਆਂ ਅਤੇ ਕਿਤਾਬ ਪ੍ਰਕਾਸ਼ਨ ਬਾਰੇ ਪ੍ਰੋਗਰਾਮ ਕਰ ਰਹੀ ਹੈ। ਸੰਸਥਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ‘ਚੜ੍ਹਿਆ ਬਸੰਤ’ ਕਵੀ ਦਰਬਾਰ ਹਰ ਸਾਲ ਕਰਵਾਉਂਦੀ ਹੈ। ਇਸ ਸਾਲ ਦਾ 6ਵਾਂ ਅੰਮ੍ਰਿਤਸਰ ਸਾਹਿਤ ਉਤਸਵ-2021 ਵੀ 24, 25, 26 ਫ਼ਰਵਰੀ ਨੂੰ ਖ਼ਾਲਸਾ ਕਾਲਜ ਫਾਰ ਵਿਮੈੱਨ ਵਿਖੇ ਮਨਾਇਆ ਜਾ ਰਿਹਾ ਹੈ। ਪਹਿਲੇ ਦਿਨ 24 ਫ਼ਰਵਰੀ ਨੂੰ ਸਵੇਰੇ 10:30 ਵਜੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇਗਾ ਅਤੇ ਸ਼ੁਰੂਆਤ ਵਿਚ ਉਦਘਾਟਨੀ ਭਾਸ਼ਣ ਤੋਂ ਬਾਅਦ ਦੂਜੇ ਸਮਾਗਮ ਵਿਚ ਪੰਜਾਬ ਦੇ ਕਿਸਾਨੀ ਸੰਕਟ ਤੇ ਸਿਰਜੇ ਜਾ ਰਹੇ ਪ੍ਰਵਚਨਾਂ ਤੇ ਖ਼ਾਸ ਸੰਵਾਦ/ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਦੂਜੇ ਦਿਨ 25 ਫ਼ਰਵਰੀ ਨੂੰ ਤੀਜੇ ਸਮਾਗਮ ਵਿਚ ਸਾਹਿਤ ਅਤੇ ਫ਼ਲਸਫ਼ਾ ਦੇ ਸੁਹਜ-ਸ਼ਾਸਤਰੀ ਅੰਤਰ-ਕਿਰਿਆ ਵਿਸ਼ੇ ਤੇ ਵੱਖ ਵੱਖ ਯੂਨੀਵਰਸਿਟੀਆਂ ਖ਼ਾਸਕਰ ਪੰਜਾਬ ਤੋਂ ਬਾਹਰ ਆਈਆਈਟੀ ਦਿੱਲੀ ਦੇ ਰਿਸਰਚ ਸਕਾਲਰ ਆਪਣਾ ਖੋਜ ਪੱਤਰ ਪੇਸ਼ ਕਰਨਗੇ। ਚੌਥੇ ਸਮਾਗਮ ਵਿਚ ਕਾਵਿ ਸਿਰਜਣ ਪ੍ਰਕਿਰਿਆ ਵਿਸ਼ੇ ਤੇ ਪੰਜਾਬੀ ਦੇ ਸਿਰਮੌਰ ਕਵੀਆਂ ਵੱਲੋਂ ਆਪਣੇ ਕਾਵਿਕ ਅਨੁਭਵ ਬਾਰੇ ਵਿਚਾਰ ਚਰਚਾ ਹੋਵੇਗੀ ਜਿਸ ਦਾ ਖ਼ਾਸ ਮੰਤਵ ਸਾਹਿਤ ਦੇ ਵਿਦਿਆਰਥੀਆਂ, ਖੋਜਾਰਥੀਆਂ ਨੂੰ ਕਵੀ ਅਤੇ ਕਵਿਤਾ ਵਿਚਲੀ ਸਿਰਜਣਾ ਤੇ ਅਨੁਭਵ ਨਾਲ ਜੋੜਨਾ ਹੈ। ਇਸੇ ਦਿਨ ਦੁਪਹਿਰ ਤੋਂ ਬਾਅਦ ਪੰਜਾਬੀ ਫ਼ਿਲਮ ‘ਚੰਮ’ ਪ੍ਰਸਾਰਿਤ ਕੀਤੀ ਜਾਏਗੀ।
26 ਫ਼ਰਵਰੀ ਨੂੰ ਸਵੇਰੇ 10:30 ਵਜੇ ‘ਚੜ੍ਹਿਆ ਬਸੰਤ’ ਕਵੀ ਦਰਬਾਰ ਦੀ ਸ਼ੁਰੂਆਤ ਬਸੰਤ ਰਾਗ ਗਾਇਨ ਤੋਂ ਬਾਅਦ ਕੀਤੀ ਜਾਵੇਗੀ ਜਿਸ ਵਿਚ ਪੰਜਾਬ, ਜੰਮੂ ਕਸ਼ਮੀਰ ਅਤੇ ਦਿੱਲੀ ਤੋਂ ਆਏ ਕਵੀ ਆਪਣੀ ਕਾਵਿ ਪ੍ਰਤਿਭਾ ਰਾਹੀਂ ਸਰੋਤਿਆਂ ਨੂੰ ਸਰਸ਼ਾਰ ਕਰਨਗੇ। ਇਨ੍ਹਾਂ ਵੱਖ ਵੱਖ ਸਮਾਗਮਾਂ ਵਿਚ ਸੁਰਜੀਤ ਪਾਤਰ, ਅਮਰਜੀਤ ਗਰੇਵਾਲ, ਡਾ. ਰਾਜੇਸ਼ ਸ਼ਰਮਾ, ਡਾ. ਪਰਮਜੀਤ ਸਿੰਘ ਜੱਜ, ਡਾ. ਸੁਰਜੀਤ ਸਿੰਘ, ਡਾ. ਸਰਬਜੋਤ ਸਿੰਘ ਬਹਿਲ, ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਡਾ. ਮਨਮੋਹਨ, ਮਨਜੀਤ ਇੰਦਰਾ, ਸਵਰਨਜੀਤ ਸਵੀ, ਸੁਖਵਿੰਦਰ ਅੰਮ੍ਰਿਤ, ਵਿਜੇ ਵਿਵੇਕ, ਭੁਪਿੰਦਰਪ੍ਰੀਤ, ਰਾਜੇਸ਼ ਮੋਹਨ, ਸਵਾਮੀ ਅੰਤਰਨੀਰਵ ਅਤੇ ਹੋਰ ਸਿ਼ਰਕਤ ਕਰ ਰਹੇ ਹਨ।
*ਖੋਜਾਰਥੀ, ਦਿੱਲੀ ਯੂਨੀਵਰਸਿਟੀ, ਦਿੱਲੀ।
ਸੰਪਰਕ: 078895-13637