ਸ਼ਗਨ ਕਟਾਰੀਆ
ਬਠਿੰਡਾ, 28 ਸਤੰਬਰ
ਥੀਏਟਰ ਗਰੁੱਪ ‘ਨਾਟਿਅਮ’ 10ਵੇਂ ਨਾਟਕ ਮੇਲੇ ਦੀ ਸ਼ੁਰੂਆਤ 30 ਸਤੰਬਰ ਤੋਂ ਕਰੇਗਾ। ਇਹ ਮੇਲਾ ਬਠਿੰਡਾ ਦੇ ਰੋਜ਼ ਗਾਰਡਨ ਵਿਚ ਸਥਿਤ ਬਲਵੰਤ ਗਾਰਗੀ ਓਪਨ ਏਅਰ ਥੀਏਟਰ ਵਿਚ 30 ਸਤੰਬਰ ਤੋਂ 14 ਅਕਤੂਬਰ ਤੱਕ ਰੋਜ਼ਾਨਾ ਸ਼ਾਮ ਨੂੰ 7.40 ਤੋਂ ਰਾਤ 9.40 ਵਜੇ ਤੱਕ ਚੱਲੇਗਾ ਅਤੇ ਇਸ ਮੇਲੇ ਨਾਲ ‘ਨਾਟਿਅਮ’ ਦੇ ਨਾਟਕ ਮੇਲਿਆਂ ਦਾ ਦਹਾਕਾ ਪੂਰਾ ਹੋ ਜਾਵੇਗਾ। ‘ਨਾਟਿਅਮ’ ਦੇ ਚੇਅਰਮੈਨ ਡਾ. ਕਸ਼ਿਸ਼ ਗੁਪਤਾ, ਡਾਇਰੈਕਟਰ ਕੀਰਤੀ ਕਿਰਪਾਲ, ਪ੍ਰਧਾਨ ਸੁਦਰਸ਼ਨ ਗੁਪਤਾ ਅਤੇ ਗੁਰਨੂਰ ਸਿੰਘ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਨਾਟਿਅਮ ਵੱਲੋਂ ਇਹ ਨਾਟਕ ਮੇਲਾ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਨਾਲ ਰਲ ਕੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ, ਹਰਿਆਣਾ ਕਲਾ ਪਰਿਸ਼ਦ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਨਾਟਕ ਮੇਲੇ ਵਿੱਚ ਦੇਸ਼ ਭਰ ਦੇ ਪ੍ਰਮੁੱਖ ਥੀਏਟਰ ਗਰੁੱਪ ਆਪਣੀਆਂ ਨਾਟ-ਪੇਸ਼ਕਾਰੀਆਂ ਨਾਲ ਆਪਣੀ ਹਾਜ਼ਰੀ ਲੁਆਉਣਗੇ। ਪੰਜਾਬ ਤੋਂ ਇਲਾਵਾ ਤਿਲੰਗਾਨਾ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ, ਬਿਹਾਰ ਅਤੇ ਜੰਮੂ-ਕਸ਼ਮੀਰ ਰਾਜਾਂ ਦੀਆਂ ਨਾਟ-ਮੰਡਲੀਆਂ ਆਪਣੇ ਮੇਲੇ ’ਚ ਨਾਟਕ ਪੇਸ਼ ਕਰਨਗੀਆਂ। ਨਾਟਕ ਦੇਸ਼ ਦੇ ਅਜੋਕੇ ਗੰਭੀਰ ਤੇ ਸੰਜੀਦਾ ਮੁੱਦਿਆਂ, ਦੇਸ਼ ਦੀ ਆਜ਼ਾਦੀ ਦੇ ਘੋਲ, ਔਰਤਾਂ ਦੀ ਦਸ਼ਾ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਹੋਣਗੇ।
ਉਨ੍ਹਾਂ ਦੱਸਿਆ ਕਿ ਮੇਲੇ ਵਿਚ 30 ਸਤੰਬਰ ਨੂੰ ਉਦਘਾਟਨੀ ਨਾਟਕ ‘ਲੋਕ ਮਨਾਂ ਦਾ ਰਾਜਾ’ ਪੇਸ਼ ਕੀਤਾ ਜਾਵੇਗਾ। 1 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਮੇਰੇ ਲੋਕ’, 2 ਅਕਤੂਬਰ ਨੂੰ ਮੱਧ ਪ੍ਰਦੇਸ਼ ਦੀ ਟੀਮ ਵੱਲੋਂ ‘ਅੰਧੇਰ ਨਗਰੀ ਚੌਪਟ ਰਾਜਾ’, 3 ਅਤੇ 4 ਅਕਤੂਬਰ ਨੂੰ ਹਰਿਆਣਾ ਵੱਲੋਂ ਕ੍ਰਮਵਾਰ ‘ਸਈਆਂ ਭਏ ਕੋਤਵਾਲ’ ਅਤੇ ‘ਪੰਚਲਾਈਟ’, 6 ਅਕਤੂਬਰ ਨੂੰ ਚੰਡੀਗੜ੍ਹ ਟੀਮ ਵੱਲੋਂ ਵਿਚ ‘ਕਲਰ ਦਿ ਯੂ ਲਾਈਕ’, 7 ਅਕਤੂਬਰ ਨੂੰ ਤਿਲੰਗਾਨਾ ਟੀਮ ਵੱਲੋਂ ‘ਯਕਸਗਾਨ’, 8 ਅਕਤੂਬਰ ਨੂੰ ਰਾਜਸਥਾਨ ਟੀਮ ਵੱਲੋਂ ‘ਨੌਟੰਕੀ’, 9 ਅਕਤੂਬਰ ਨੂੰ ਪੰਜਾਬ ਵੱਲੋਂ ‘ਮੈਂ ਰੋ ਨਾ ਲਵਾਂ ਇਕ ਵਾਰ’, 10 ਅਕਤੂਬਰ ਨੂੰ ਦਿੱਲੀ ਟੀਮ ਵੱਲੋਂ ‘ਪਾਲ ਗੋਮਰ’, 11 ਅਕਤੂਬਰ ਨੂੰ ਪੰਜਾਬ ਵੱਲੋਂ ‘ਗਦਰ ਐਕਸਪ੍ਰੈਸ’, 12 ਅਕਤੂਬਰ ਨੂੰ ਜੰਮੂ-ਕਸ਼ਮੀਰ ਵੱਲੋਂ ‘ਭੀਗੀ ਔਰਤੇਂ’, 13 ਅਕਤੂਬਰ ਨੂੰ ਬਿਹਾਰ ਵੱਲੋਂ ‘ਕਥਾ’ ਅਤੇ 14 ਅਕਤੂਬਰ ਨੂੰ ਸਮਾਪਤੀ ’ਤੇ ਪੰਜਾਬ ਵੱਲੋਂ ‘ਮੈਂ ਭਗਤ ਸਿੰਘ’ ਨਾਟਕ ਪੇਸ਼ ਕੀਤੇ ਜਾਣਗੇ। ‘ਨਾਟਿਅਮ’ ਦੇ ਸੰਚਾਲਕਾਂ ਵੱਲੋਂ ਦਰਸ਼ਕਾਂ ਨੂੰ ਪਰਿਵਾਰਾਂ ਸਮੇਤ ਸਮੇਂ ਸਿਰ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।