ਰੋਸ ਦਾ ਪ੍ਰਗਟਾਵਾ

ਪੁਲੀਸ ਖ਼ਿਲਾਫ਼ ਡਟੇ ਜ਼ੀਰਕਪੁਰ ਦੇ ਦੁਕਾਨਦਾਰ

ਪੁਲੀਸ ਖ਼ਿਲਾਫ਼ ਡਟੇ ਜ਼ੀਰਕਪੁਰ ਦੇ ਦੁਕਾਨਦਾਰ

ਵਿਧਾਇਕ ਐੱਨ ਕੇ ਸ਼ਰਮਾ ਦੁਕਾਨਦਾਰਾਂ ਨਾਲ ਪੁਲੀਸ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 4 ਜੁਲਾਈ

ਸ਼ਹਿਰ ਦੇ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੇ ਅੱਜ ਦੇਰ ਸ਼ਾਮ ਨਿਰਧਾਰਤ ਸਮੇਂ ਤੋਂ ਪਹਿਲਾਂ ਦੁਕਾਨਾਂ ਬੰਦ ਕਰਵਾਉਣ ਦੇ ਰੋਸ ਵਜੋਂ ਪੁਲੀਸ ਖ਼ਿਲਾਫ਼ ਮੁਜ਼ਾਹਰਾ ਕੀਤਾ। ਵਿਧਾਇਕ ਐੱਨ ਕੇ ਸ਼ਰਮਾ ਨੇ ਪੁਲੀਸ ਦੀ ਇਸ ਵਧੀਕੀ ਖ਼ਿਲਾਫ਼ ਦੁਕਾਨਦਾਰਾਂ ਦੇ ਹੱਕ ਵਿੱਚ ਨਿੱਤਰਦੇ ਹੋਏ ਥਾਣਾ ਮੁਖੀ ਗੁਰਵੰਤ ਸਿੰਘ ‘ਤੇ ਜਾਣਬੁੱਝ ਕੇ ਦੁਕਾਨਦਾਰਾਂ ਨੂੰ ਤੰਗ ਕਰਨ ਦਾ ਦੋਸ਼ ਲਾਇਆ। ਇਸ ਸਬੰਧੀ ਸ੍ਰੀ ਸ਼ਰਮਾ ਵੱਲੋਂ ਮੌਕੇ ‘ਤੇ ਹੀ ਡੀਸੀ ਮੁਹਾਲੀ, ਐੱਸਐੱਸਪੀ ਮੁਹਾਲੀ ਅਤੇ ਐੱਸਡੀਐੱਮ ਡੇਰਾਬੱਸੀ ਨੂੰ ਪੁਲੀਸ ਦੀ ਇਸ ਵਧੀਕੀ ਬਾਰੇ ਜਾਣੂ ਕਰਵਾਉਂਦਿਆਂ ਥਾਣਾ ਮੁਖੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਥਾਣਾ ਮੁਖੀ ਦੁਕਾਨਾਂ ਖੋਲ੍ਹਣ ਬਦਲੇ ਪੈਸੇ ਦੀ ਮੰਗ ਕਰਦੇ ਹਨ।

ਇਸ ਬਾਰੇ ਵਿਧਾਇਕ ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਕਰੋਨਾ ਮਹਾਂਮਾਰੀ ਦੌਰਾਨ ਜ਼ੀਰਕਪੁਰ ਥਾਣਾ ਮੁਖੀ ਗੁਰਵੰਤ ਸਿੰਘ ਵੱਲੋਂ ਪੂਰੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਤੋਂ ਵੱਧ ਕੇਸ ਜ਼ੀਰਕਪੁਰ ਦੇ ਦੁਕਾਨਦਾਰਾਂ ਖ਼ਿਲਾਫ਼ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਮੁਖੀ ਦਾ ਜ਼ਿਆਦਾ ਕੇਸ ਦਰਜ ਕਰਨ ਦਾ ਮੁੱਖ ਮੰਤਵ ਭ੍ਰਿਸ਼ਟਾਚਾਰ ਹੈ। ਉਨ੍ਹਾਂ ਦੱਸਿਆ ਕਿ ਸ਼ਨਿੱਚਰਵਾਰ ਰਾਤ ਦੇ ਅੱਠ ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਥਾਣਾ ਮੁਖੀ ਸ਼ਾਮ ਛੇ ਵਜੇ ਹੀ ਦੁਕਾਨਾਂ ਬੰਦ ਕਰਵਾਉਣ ਲੱਗ ਗਏ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ਇਸਦਾ ਵਿਰੋਧ ਕਰਦਿਆਂ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਹਲਕਾ ਵਿਧਾਇਕ ਸ੍ਰੀ ਸ਼ਰਮਾ ਨੇ ਪਹੁੰਚ ਕੇ ਦੋਸ਼ ਲਾਇਆ ਕਿ ਜੇਕਰ ਥਾਣਾ ਮੁਖੀ ਇਸ ਜ਼ਿਆਦਤੀ ਤੋਂ ਬਾਜ਼ ਨਾ ਆਏ ਤਾਂ ਉਹ ਦੁਕਾਨਦਾਰਾਂ ਨਾਲ ਰਲ ਕੇ ਸੰਘਰਸ਼ ਕਰਨਗੇ।

ਥਾਣਾ ਮੁਖੀ ਨੇ ਦੋਸ਼ ਨਕਾਰੇ

ਥਾਣਾ ਮੁਖੀ ਗੁਰਵੰਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਹਦਾਇਤਾਂ ਮੁਤਾਬਕ ਦੁਕਾਨਾਂ ਨੂੰ ਨਿਰਧਾਰਤ ਸਮੇਂ ’ਤੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ। ਉਨ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All