ਜ਼ੀਰਕਪੁਰ: Road Rage ਦਾ ਸ਼ਿਕਾਰ ਹੋਏ ਲੈਫਟੀਨੈਂਟ ਜਨਰਲ ਡੀਐਸ ਹੂਡਾ; VVIP ਕਾਰ ਨੇ ਮਾਰੀ ਟੱਕਰ!
ਜ਼ੀਰਕਪੁਰ ਫਲਾਈਓਵਰ ’ਤੇ ਇੱਕ VVIP ਐਸਕੋਰਟ ਕਾਰ ਵੱਲੋਂ ਵਾਹਨ ਨੂੰ ਟੱਕਰ ਮਾਰ ਕੇ ਭੱਜ ਜਾਣ ਤੋਂ ਬਾਅਦ ਲੈਫਟੀਨੈਂਟ ਜਨਰਲ ਡੀਐਸ ਹੂਡਾ (ਸੇਵਾਮੁਕਤ) Road rage) ਦਾ ਸ਼ਿਕਾਰ ਹੋ ਗਏ।
ਫੌਜ ਦੇ ਸਾਬਕਾ ਅਧਿਕਾਰੀ ਨੇ X ’ਤੇ ਪੋਸਟ ਕੀਤਾ, “ ਸ਼ਾਮ 4 ਵਜੇ ਮੈਂ ਆਪਣੀ ਪਤਨੀ ਨਾਲ ਜ਼ੀਰਕਪੁਰ ਫਲਾਈਓਵਰ ’ਤੇ ਗੱਡੀ ਚਲਾ ਰਿਹਾ ਸੀ। ਅੰਬਾਲਾ ਵੱਲ ਜਾ ਰਹੇ ਇੱਕ VIP ਦੀ ਅਗਵਾਈ ਕਰ ਰਹੀਆਂ ਪੰਜਾਬ ਪੁਲੀਸ ਦੀਆਂ ਦੋ ਜੀਪਾਂ ਸਾਇਰਨ ਵਜਾਉਂਦੀਆਂ ਪਿੱਛੋਂ ਆਈਆਂ। ਮੈਂ ਪਹਿਲੇ ਵਾਹਨ ਨੂੰ ਲੰਘਣ ਦੇਣ ਲਈ ਆਪਣੀ ਗੱਡੀ ਹੌਲੀ ਕੀਤੀ, ਸ਼ਾਇਦ VIP ਵਾਹਨ ਨੂੰ ਭਾਰੀ ਟ੍ਰੈਫਿਕ ਕਾਰਨ ਲੰਘਣ ਵਿੱਚ ਤਿੰਨ ਵਾਧੂ ਸਕਿੰਟ ਲੱਗ ਗਏ। ਗੁੱਸੇ ਵਿੱਚ ਆ ਕੇ, ਪਿੱਛੇ ਵਾਲੀ ਐਸਕੋਰਟ ਜੀਪ ਨੇ ਖੱਬੇ ਪਾਸਿਓਂ ਓਵਰਟੇਕ ਕਰਦੇ ਹੋਏ, ਜਾਣਬੁੱਝ ਕੇ ਤੇਜ਼ੀ ਨਾਲ ਸੱਜੇ ਪਾਸੇ ਕੱਟ ਮਾਰਿਆ, ਜਿਸ ਨਾਲ ਮੇਰੀ ਕਾਰ ਦੇ ਅਗਲੇ ਹਿੱਸੇ ਨੂੰ ਟੱਕਰ ਵੱਜੀ ਅਤੇ ਫਿਰ ਉਹ ਤੇਜ਼ੀ ਨਾਲ ਭੱਜ ਗਈ। ਇਹ ਸਪੱਸ਼ਟ ਤੌਰ ’ਤੇ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਸੀ, ਜਿਸ ਨਾਲ ਨਾ ਸਿਰਫ਼ ਕਾਰ ਨੂੰ ਨੁਕਸਾਨ ਪਹੁੰਚਿਆ, ਬਲਕਿ ਇੱਕ ਬਹੁਤ ਹੀ ਭੀੜ ਵਾਲੀ ਸੜਕ ’ਤੇ ਸਾਡੀ ਨਿੱਜੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਕੀਤੀ ਗਈ।”
ਉਨ੍ਹਾਂ ਕਿਹਾ ਕਿ ਉਸ ਵਿਅਕਤੀ ਦਾ ਹੰਕਾਰ ਅਤੇ ਅਣਗਹਿਲੀ, ਜਿਸਨੂੰ ਕਾਨੂੰਨ ਦਾ ਰਖਵਾਲਾ ਮੰਨਿਆ ਜਾਂਦਾ ਹੈ, ਵਰਦੀ ਅਤੇ ਸੰਸਥਾ ਦੀ ਸਾਖ ਨੂੰ ਖਰਾਬ ਕਰਦਾ ਹੈ। ਉਮੀਦ ਹੈ ਕਿ @BhagwantMann ਅਤੇ @DGPPunjabPolice ਇਸ ਦਾ ਨੋਟਿਸ ਲੈਣਗੇ।
