ਮੁਕੇਸ਼ ਕੁਮਾਰ
ਚੰਡੀਗੜ੍ਹ, 3 ਜੂਨ
ਮੁੱਖ ਅੰਸ਼
- ਹੋਰਨਾਂ ਮੁਲਜ਼ਮਾਂ ਦੀ ਭਾਲ ਲਈ ਪੁਲੀਸ ਟੀਮਾਂ ਪੰਜਾਬ ਤੇ ਹਰਿਆਣਾ ਭੇਜੀਆਂ
ਚੰਡੀਗੜ੍ਹ ਦੇ ਸੈਕਟਰ 33 ਵਿੱਚ ਸ਼ਰਾਬ ਕਾਰੋਬਾਰੀ ਦੀ ਕੋਠੀ ’ਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਊਸ ਦੀ ਪਛਾਣ ਸੇਵਕ ਵਜੋਂ ਹੋਈ ਹੈ ਜੋ ਜ਼ੀਰਕਪੁਰ ਇਲਾਕੇ ਦਾ ਵਾਸੀ ਹੈ। ਪੁਲੀਸ ਨੇ ਵਾਰਦਾਤ ਲਈ ਵਰਤੀ ਕਾਰ ਤੇ ਹੋਰ ਅਸਲਾ ਬਰਾਮਦ ਕੀਤਾ ਹੈ। ਫਾਇਰਿੰਗ ਦੀ ਇਹ ਘਟਨਾ 31 ਮਈ ਨੂੰ ਵਾਪਰੀ ਸੀ।
ਪੁਲੀਸ ਨੇ ਕੋਠੀ ਦੇ ਬਾਹਰ ਤਾਇਨਾਤ ਸਿਕਿਉਰਿਟੀ ਗਾਰਡ ਤੋਂ ਮਿਲੀ ਸੂਹ ਦੇ ਆਧਾਰ ’ਤੇ ਕਾਰ ਦੀ ਪਛਾਣ ਕੀਤੀ ਜਿਸ ਮਗਰੋਂ ਗ੍ਰਿਫਤਾਰੀ ਸੰਭਵ ਹੋ ਸਕੀ। ਕਾਰ ਦੇ ਨੰਬਰ ਤੋਂ ਊਸ ਦੇ ਮਾਲਕ ਦੀ ਪਛਾਣ ਕੀਤੀ ਗਈ ਅਤੇ ਮਾਲਕ ਗੁਰਦੀਪ ਸਿੰਘ ਵਾਸੀ ਪਿੰਡ ਅਬਰਾਵਾਂ ਤੱਕ ਪਹੁੰਚ ਕੀਤੀ ਗਈ। ਊਸ ਨੇ ਦੱਸਿਆ ਕਿ ਉਸ ਦੀ ਕਾਰ ਸੇਵਕ ਨਾਂ ਦਾ ਜਾਣਕਾਰ ਮੰਗ ਕੇ ਲੈ ਗਿਆ ਸੀ। ਪੁਲੀਸ ਨੇ ਇਸ ਤੋਂ ਇਲਾਵਾ ਸੇਵਕ ਬਾਰੇ ਹੋਰ ਸੂਚਨਾ ਇਕੱਠੀ ਕੀਤੀ ਅਤੇ ਊਸ ਨੂੰ ਅਪਰਾਧ ਸ਼ਾਖਾ ਦੀ ਟੀਮ ਨੇ ਆਈਟੀ ਪਾਰਕ ਸਥਿਤ ਡੀਟੀ ਮਾਲ ਨੇੜਿਓਂ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਦੇਸੀ ਪਿਸਤੌਲ ਤੇ 8 ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲੀਸ ਵਲੋਂ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ ਤਾਂਕਿ ਮਾਮਲੇ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਤੇ ਉਸ ਦੇ ਸਾਥੀਆਂ ਬਾਰੇ ਪਤਾ ਲਗਾਇਆ ਜਾ ਸਕੇ। ਪੁਲੀਸ ਨੇ ਕੇਸ ਦੇ ਹੋਰਨਾਂ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਪੰਜਾਬ ਅਤੇ ਹਰਿਆਣਾ ਵਿੱਚ ਭੇਜੀਆਂ ਹਨ।