ਨਿਊਜ਼ੀਲੈਂਡ ’ਚ ਨੌਜਵਾਨ ਦੀ ਝੀਲ ਦੇ ਪਾਣੀ ਵਿੱਚ ਡੁੱਬਣ ਨਾਲ ਮੌਤ
ਪਰਿਵਾਰ ਨੇ ਸਰਕਾਰ ਨੂੰ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਕੀਤੀ ਅਪੀਲ
ਬਟਾਲਾ ਦੇ ਪਿੰਡ ਜਲਾਲਪੁਰ ਸੋਰੋ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਦੀ ਨਿਊਜ਼ੀਲੈਂਡ ਵਿੱਚ ਝੀਲ ’ਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ । ਸਿਮਰਨਜੀਤ ਤਿੰਨ ਸਾਲ ਪਹਿਲਾਂ ਸੁਪਨੇ ਲੈ ਕੇ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ, 9 ਜਨਵਰੀ ਨੂੰ ਟੌਰੰਗੇ (Tauranga) ਇਲਾਕੇ ਵਿੱਚ ਦੋ ਨੌਜਵਾਨਾਂ ਦਾ ਝੀਲ ਕਿਨਾਰੇ ਪੈਰ ਫਿਸਲ ਗਿਆ, ਜਿਸ ਕਾਰਨ ਉਹ ਪਾਣੀ ਵਿੱਚ ਡਿੱਗ ਪਏ।
ਰੈਸਕਿਊ ਟੀਮ ਨੇ ਇੱਕ ਨੌਜਵਾਨ ਨੂੰ ਤਾਂ ਬਚਾ ਲਿਆ ਪਰ ਸਿਮਰਨਜੀਤ ਗਹਿਰੇ ਪਾਣੀ ਵਿੱਚ ਡੁੱਬ ਗਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ।ਸਿਮਰਨਜੀਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ-ਪਿਤਾ ਅਤੇ ਇੱਕ ਛੋਟਾ ਭਰਾ ਛੱਡ ਗਿਆ ਹੈ। ਗਰੀਬ ਪਰਿਵਾਰ ਨੇ ਭਾਵੁਕ ਹੁੰਦਿਆਂ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਐਨ.ਆਰ.ਆਈ (NRI) ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਅਸਮਰੱਥ ਹਨ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਮਰਨਜੀਤ ਦੀ ਲਾਸ਼ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

