Woman leaves NRI husband: ‘ਮੈਂ ਉੱਥੇ 24 ਘੰਟੇ ਦੀ ਬਿਨਾਂ ਤਨਖਾਹ ਵਾਲੀ ਨੌਕਰ ਸੀ’; ਪਤੀ ਦਾ ਘਰ ਛੱਡ ਭਾਰਤ ਪਰਤੀ NRI ਪਤਨੀ
NRI ‘ਡ੍ਰੀਮ ਲਾਈਫ’ ਦਾ ਦਰਦਨਾਕ ਸੱਚ: ਸੋਸ਼ਲ ਮੀਡੀਆ 'ਤੇ ਛਿੜੀ ਵੱਡੀ ਬਹਿਸ; ਵਿਦੇਸ਼ਾਂ ਵਿੱਚ ਭਾਰਤੀ ਲੜਕੀਆਂ ਦੀ ਇਕੱਲਤਾ
ਭਾਰਤੀ ਕੁੜੀਆਂ ਲਈ ‘ਐੱਨਆਰਆਈ ਲਾੜੇ’ (NRI Groom) ਅਤੇ ਵਿਦੇਸ਼ੀ ਜ਼ਿੰਦਗੀ ਦੇ ਸੁਪਨੇ ਦਾ ਇੱਕ ਅਜਿਹਾ ਕੌੜਾ ਸੱਚ ਸਾਹਮਣੇ ਆਇਆ ਹੈ, ਜਿਸ ਨੇ ਸੋਸ਼ਲ ਮੀਡੀਆ ’ਤੇ ਵਿਆਹ, ਪਰਵਾਸ (Migration) ਅਤੇ ਪਰਿਵਾਰਕ ਦਬਾਅ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਇਹ ਚਰਚਾ ਓਦੋਂ ਸ਼ੁਰੂ ਹੋਈ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ’ਤੇ ਇੱਕ ਮਹਿਲਾ ਯੂਜ਼ਰ ਨੇ ਆਪਣੀ ਚਚੇਰੀ ਭੈਣ ਦੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਉਸਦੀ ਭੈਣ ਆਪਣੀ ਐੱਨਆਰਆਈ ‘ਡ੍ਰੀਮ ਲਾਈਫ’ ਨੂੰ ਲੱਤ ਮਾਰ ਕੇ ਭਾਰਤ ਵਾਪਸ ਪਰਤ ਆਈ ਹੈ। ਮਹਿਲਾ ਯੂਜ਼ਰ ਮੁਤਾਬਕ, ਉਸਦੀ ਭੈਣ ਵਿਦੇਸ਼ ਵਿੱਚ ਬੇਹੱਦ ਇਕੱਲਤਾ, ਘਰ ਦੇ ਬੇਅੰਤ ਕੰਮਾਂ ਦੇ ਬੋਝ ਅਤੇ ਇੱਕ ਅਜਿਹੇ ਜ਼ਹਿਰੀਲੇ (Toxic) ਪਰਿਵਾਰਕ ਮਾਹੌਲ ਦਾ ਸਾਹਮਣਾ ਕਰ ਰਹੀ ਸੀ, ਜਿੱਥੇ ਸਹੁਰੇ ਪਰਿਵਾਰ ਵੱਲੋਂ ‘ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ’ ਦੇ ਨਾਂ ’ਤੇ ਉਸ ਤੋਂ ਵਾਧੂ ਕੰਮ ਕਰਵਾਇਆ ਜਾਂਦਾ ਸੀ।
ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਆਹ ਤੋਂ ਬਾਅਦ ਉਸ ਲੜਕੀ ਦੀ ਕੋਈ ਸਮਾਜਿਕ ਜ਼ਿੰਦਗੀ (Social Life) ਨਹੀਂ ਬਚੀ ਸੀ ਅਤੇ ਵਿਦੇਸ਼ ਰਹਿਣ ਦਾ ਚਾਅ ਓਦੋਂ ਮਿੰਟਾਂ ਵਿੱਚ ਉੱਡ ਗਿਆ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਉਸਨੂੰ ਸਿਰਫ਼ ਇੱਕ “ 24/7 ਬਿਨਾਂ ਤਨਖਾਹ ਵਾਲੀ ਮਜ਼ਦੂਰ” (24/7 unpaid labourer) ਵਜੋਂ ਵਰਤਿਆ ਜਾ ਰਿਹਾ ਹੈ।
ਪਰਿਵਾਰਕ ਦਬਾਅ ਅਤੇ ਸਮਾਜ ਦੇ ਡਰੋਂ ਘੁੱਟ ਰਹੀਆਂ ਨੇ ਧੀਆਂ
ਵਾਇਰਲ ਪੋਸਟ ਵਿੱਚ ਇਸ ਗੱਲ ’ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ ਕਿ ਭਾਰਤ ਵਿੱਚ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਵਿਦੇਸ਼ਾਂ ਵਿੱਚ ਅਜਿਹੇ ਦੁਖਦਾਈ ਵਿਆਹਾਂ ਵਿੱਚ ਫਸੀਆਂ ਹੋਈਆਂ ਹਨ। ਉਹ ਸਭ ਕੁਝ ਸਹਿ ਕੇ ਵੀ ਸਿਰਫ਼ ਇਸ ਲਈ ਉੱਥੋਂ ਨਿਕਲ ਨਹੀਂ ਪਾਉਂਦੀਆਂ ਕਿਉਂਕਿ ਭਾਰਤ ਵਿੱਚ ਬੈਠੇ ਉਨ੍ਹਾਂ ਦੇ ਆਪਣੇ ਪਰਿਵਾਰਾਂ ਦਾ ਦਬਾਅ ਹੁੰਦਾ ਹੈ ਅਤੇ ਉਨ੍ਹਾਂ ਨੂੰ ਸਮਾਜ ਦੇ ਤਾਹਨਿਆਂ (Social Judgment) ਦਾ ਡਰ ਸਤਾਉਂਦਾ ਰਹਿੰਦਾ ਹੈ।
ਇੰਟਰਨੈੱਟ ’ਤੇ ਦੋ ਧੜਿਆਂ ਵਿੱਚ ਵੰਡੇ ਲੋਕ
ਇਸ ਪੋਸਟ ’ਤੇ ਯੂਜ਼ਰਸ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਅਮਰੀਕਾ ਵਿੱਚ ਰਹਿਣ ਵਾਲੇ ਇੱਕ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ, “ ਇਹ ਮੁੱਦਾ ਐੱਨਆਰਆਈ ਲਾਈਫ ਦਾ ਨਹੀਂ ਹੈ, ਬਲਕਿ ਇੱਕ ਜ਼ਹਿਰੀਲੇ ਵਿਆਹ (Toxic Marriage) ਦਾ ਹੈ। ਅਜਿਹੀ ਇਕੱਲਤਾ ਅਤੇ ਦਬਾਅ ਭਾਰਤ ਵਿੱਚ ਰਹਿ ਕੇ ਵੀ ਔਰਤਾਂ ਨੂੰ ਝੱਲਣਾ ਪੈਂਦਾ ਹੈ।” ਇੱਕ ਹੋਰ ਯੂਜ਼ਰ ਨੇ ਕਿਹਾ ਕਿ ਲੜਕੀ ਦਾ ਵਿਆਹ ਇੱਕ ਪੁਰਸ਼ ਪ੍ਰਧਾਨ (Misogynistic) ਮਾਨਸਿਕਤਾ ਵਾਲੇ ਪਰਿਵਾਰ ਵਿੱਚ ਹੋਇਆ ਸੀ, ਜੋ ਕਿ ਦੇਸ਼ ਜਾਂ ਵਿਦੇਸ਼ ਕਿਤੇ ਵੀ ਹੋ ਸਕਦਾ ਸੀ।
ਦੂਜੇ ਪਾਸੇ, ਇੱਕ ਵੱਡੇ ਹਿੱਸੇ ਨੇ ਪੋਸਟ ਦਾ ਸਮਰਥਨ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਤੋਂ ਬਾਅਦ ਜਦੋਂ ਔਰਤਾਂ ਆਰਥਿਕ ਤੌਰ ’ਤੇ ਪਤੀ ’ਤੇ ਨਿਰਭਰ (Financially Dependent) ਹੋ ਜਾਂਦੀਆਂ ਹਨ, ਤਾਂ ਉਹ ਅਕਸਰ ਚੁੱਪਚਾਪ ਅਜਿਹੇ ਜ਼ੁਲਮ ਸਹਿੰਦੀਆਂ ਹਨ। ਇਸ ਵਾਇਰਲ ਬਹਿਸ ਨੇ ਇੱਕ ਵਾਰ ਫਿਰ ਅਰੇਂਜਡ ਮੈਰਿਜ (Arranged Marriages), ਵਿਦੇਸ਼ ਜਾਣ ਦਾ ਅੰਨ੍ਹਾ ਕ੍ਰੇਜ਼ ਅਤੇ ਪਰਵਾਸੀ ਭਾਰਤੀ ਔਰਤਾਂ ਦੀ ਮਾਨਸਿਕ ਇਕੱਲਤਾ ਦੇ ਗੰਭੀਰ ਮੁੱਦਿਆਂ ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ।

