ਚੰਡੀਗੜ੍ਹ ਵਿੱਚ ਵਾਕਾਥੌਨ ਨਾਲ ਜੰਗਲੀ ਜੀਵ ਹਫ਼ਤੇ ਦੀ ਸ਼ੁਰੂਆਤ
ਵਣ ਅਤੇ ਵਣ ਜੀਵ ਵਿਭਾਗ ਯੂ ਟੀ ਚੰਡੀਗੜ੍ਹ ਵੱਲੋਂ ਹਫ਼ਤਾ ਭਰ ਚੱਲਣ ਵਾਲੇ ਜੰਗਲੀ ਜੀਵ ਹਫਤੇ ਦੀ ਸ਼ੁਰੂਆਤ ‘ਕਨੈਕਟਿੰਗ ਹੈਬਿਟੈਟਸ, ਥ੍ਰਾਇਵਿੰਗ ਵਾਇਲਡ ਲਾਈਫ’ ਵਿਸ਼ੇ ਉੱਤੇ ਕਰਵਾਏ ਵਾਕਾਥੌਨ ਨਾਲ ਕੀਤੀ ਗਈ। ਵਾਕਾਥੌਨ ਦੀ ਸ਼ੁਰੂਆਤ ਸੁਖਨਾ ਝੀਲ ਦੇ ਰੈਗੂਲੇਟਰੀ ਕੋਨੇ ਤੋਂ ਹੋਈ।...
ਵਣ ਅਤੇ ਵਣ ਜੀਵ ਵਿਭਾਗ ਯੂ ਟੀ ਚੰਡੀਗੜ੍ਹ ਵੱਲੋਂ ਹਫ਼ਤਾ ਭਰ ਚੱਲਣ ਵਾਲੇ ਜੰਗਲੀ ਜੀਵ ਹਫਤੇ ਦੀ ਸ਼ੁਰੂਆਤ ‘ਕਨੈਕਟਿੰਗ ਹੈਬਿਟੈਟਸ, ਥ੍ਰਾਇਵਿੰਗ ਵਾਇਲਡ ਲਾਈਫ’ ਵਿਸ਼ੇ ਉੱਤੇ ਕਰਵਾਏ ਵਾਕਾਥੌਨ ਨਾਲ ਕੀਤੀ ਗਈ। ਵਾਕਾਥੌਨ ਦੀ ਸ਼ੁਰੂਆਤ ਸੁਖਨਾ ਝੀਲ ਦੇ ਰੈਗੂਲੇਟਰੀ ਕੋਨੇ ਤੋਂ ਹੋਈ। ਇਹ ਲੇਕ ਰਿਜ਼ਰਵ ਫੋਰੈਸਟ ਤੋਂ ਹੁੰਦੇ ਹੋਏ ਚੰਡੀਗੜ੍ਹ ਬਰਡ ਪਾਰਕ ਦੇ ਨੇੜੇ ਸਮਾਪਤ ਹੋਈ। ਸਮਾਗਮ ਵਿੱਚ ਸੈਂਕੜੇ ਐੱਨ ਐੱਸ ਐੱਸ ਵਾਲੰਟੀਅਰਾਂ, ਵਿਦਿਆਰਥੀਆਂ, ਕੁਦਰਤ ਪ੍ਰੇਮੀਆਂ, ਗ਼ੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧੀਆਂ, ਸਿਵਲ ਸੁਸਾਇਟੀ ਦੇ ਮੈਂਬਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਸਕੱਤਰ (ਯੂ ਟੀ ਚੰਡੀਗੜ੍ਹ) ਐੱਚ ਰਾਜੇਸ਼ ਪ੍ਰਸਾਦ ਨੇ ਕਿਹਾ ਕਿ ਚੰਡੀਗੜ੍ਹ ਦੀ ਕੁਦਰਤੀ ਵਿਰਾਸਤ ਨਿਰੰਤਰ ਯਤਨਾਂ ਕਾਰਨ ਵਧ-ਫੁੱਲ ਰਹੀ ਹੈ। ਉਦਘਾਟਨੀ ਪ੍ਰੋਗਰਾਮ ਦੌਰਾਨ ‘ਸਰਵੇ ਰਿਪੋਰਟ ਆਫ ਵਾਇਲਡ ਲਾਇਫ ਆਫ ਯੂ ਟੀ ਚੰਡੀਗੜ੍ਹ’ ਜਾਰੀ ਕੀਤੀ ਗਈ। ਇਹ ਰਿਪੋਰਟ ਵਿਗਿਆਨਿਕ ਸੰਭਾਲ਼ ਯੋਜਨਾ, ਕੁਦਰਤੀ ਆਵਾਸ ਪ੍ਰਬੰਧਨ ਅਤੇ ਭਵਿੱਖ ਵਿੱਚ ਵਣਜੀਵਾਂ ਦੀ ਨਿਗਰਾਨੀ ਲਈ ਇੱਕ ਮਹੱਤਵਪੂਰਨ ਸੰਦਰਭ ਦੇ ਰੂਪ ਵਿੱਚ ਉਪਯੋਗੀ ਸਿੱਧ ਹੋਵੇਗੀ। ਵਿਭਾਗ ਵੱਲੋਂ ‘ਪਹਿਲ’ ਨਾਮੀ ਮੈਗਜ਼ੀਨ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦਾ ਬੁਲੇਟਿਨ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਵਾਤਾਵਰਨ ਦੀ ਸੰਭਾਲ਼ ਅਤੇ ਪ੍ਰਦੂਸ਼ਣ ਕੰਟਰੋਲ ਦੇ ਖੇਤਰ ਵਿੱਚ ਕਮੇਟੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦਾ ਵੇਰਵਾ ਦਿੱਤਾ ਗਿਆ ਹੈ। ਵਿਭਾਗ ਨੇ ਜੰਗਲੀ ਜੀਵ ਸੰਭਾਲ ਅਤੇ ਵਾਤਾਵਰਨ ਜਾਗਰੂਕਤਾ ਦੇ ਖੇਤਰ ਵਿੱਚ ਨਿਰੰਤਰ ਅਤੇ ਜ਼ਿਕਰਯੋਗ ਯੋਗਦਾਨ ਲਈ ਗੀਤਾਂਜਲੀ ਕੰਵਰ, ਸੀਨੀਅਰ ਕੋਆਰਡੀਨੇਟਰ, ਡਬਲਿਊ ਡਬਲਿਊ ਐੱਫ ਕੁਲਭੂਸ਼ਣ ਕੰਵਰ ਅਤੇ ਵਿਕਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਵਣ ਅਤੇ ਵਣ ਜੀਵ ਵਿਭਾਗ ਵੱਲੋਂ ਹਫ਼ਤਾ ਭਰ ਵਿਦਿਆਰਥੀਆਂ, ਨਾਗਰਿਕਾਂ, ਕੁਦਰਤ ਪ੍ਰੇਮੀਆਂ ਅਤੇ ਹੋਰ ਹਿਤਧਾਰਕਾਂ ਨੂੰ ਵਣ ਜੀਵ ਸੰਭਾਲ਼ ਨਾਲ ਜੋੜਨ ਲਈ ਵਿਭਿੰਨ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ। ਸਮਾਰੋਹ ਪੂਰਾ ਹਫਤਾ ਜਾਰੀ ਰਹੇਗਾ। ਪ੍ਰੋਗਰਾਮ ਵਿੱਚ ਐੱਚ ਰਾਜੇਸ਼ ਪ੍ਰਸਾਦ, ਮੁੱਖ ਸਕੱਤਰ, ਯੂ ਟੀ ਚੰਡੀਗੜ੍ਹ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਰਹੇ, ਜਦਕਿ ਕੇ ਏ ਪੀ ਸਿਨਹਾ ਮੁੱਖ ਸਕੱਤਰ ਪੰਜਾਬ ਨੇ ਵਿਸ਼ੇਸ਼ ਮਹਿਮਾਨ ਅਤੇ ਮਨਦੀਪ ਸਿੰਘ ਬਰਾੜ ਸਕੱਤਰ ਵਣ ਨੇ ਮਹਿਮਾਨ ਦੇ ਰੂਪ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲਿਆ।

