
ਜਗਮੋਹਨ ਸਿੰਘ
ਰੂਪਨਗਰ, 24 ਮਾਰਚ
ਇਥੇ 20 ਮਾਰਚ ਨੂੰ ਉਦਯੋਗਿਕ ਸਿਖਲਾਈ ਸੰਸਥਾ(ਆਈਟੀਆਈ) ਨੰਗਲ ਵਿੱਚ ਕੁੱਤੇ ਦਾ ਸ਼ਿਕਾਰ ਕਰਨ ਵਾਲੇ ਚੀਤੇ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਕਾਬੂ ਕਰ ਲਿਆ। ਜ਼ਿਲ੍ਹਾ ਜੰਗਲੀ ਜੀਵ ਸੁਰੱਖਿਆ ਅਫਸਰ ਰੂਪਨਗਰ ਕੁਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੇ ਪ੍ਰਿੰਸੀਪਲ ਦੁਆਰਾ 21 ਮਾਰਚ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਸੰਸਥਾ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਵਿੱਚ 20 ਮਾਰਚ ਨੂੰ ਸ਼ਾਮ 7.30 ਵਜੇ ਚੀਤਾ ਕੁੱਤੇ ਦਾ ਸ਼ਿਕਾਰ ਕਰਦਾ ਹੋਇਆ ਨਜ਼ਰ ਆਇਆ ਹੈ ਅਤੇ ਇਹ ਚੀਤਾ ਸੰਸਥਾ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਹੋਰ ਸਟਾਫ ਮੈਂਬਰਾਂ ਦਾ ਵੀ ਜਾਨੀ ਨੁਕਸਾਨ ਕਰ ਸਕਦਾ ਹੈ। ਸ਼ਿਕਾਇਤ ਦੇ ਆਧਾਰ ’ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰਦਿਆਂ ਹੋਇਆਂ ਪਿੰਜਰਾ ਲਗਾ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ 4 ਵਜੇ ਚੀਤਾ ਪਿੰਜਰੇ ਵਿੱਚ ਫਸ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਜਾਨਵਰ ਪੂਰੀ ਤਰ੍ਹਾਂ ਵਧਿਆ ਹੋਇਆ ਨਰ ਚੀਤਾ ਹੈ, ਜਿਸ ਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ ਹੈ ਅਤੇ ਇਸ ਦੀ ਸਿਹਤ ਦੀ ਜਾਂਚ ਕਰਵਾਉਣ ਉਪਰੰਤ ਸੁਰੱਖਿਅਤ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ