DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੌਣ ਹਨ ‘ਗੋਹਲ ਬ੍ਰਦਰਜ਼’? ਸੀ ਬੀ ਆਈ ਦੇ ਸ਼ਿਕੰਜੇ ’ਚ ਆਏ ਭਰਾਵਾਂ ਦੀ ਸਿਆਸੀ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਬੋਲਦੀ ਸੀ ਤੂਤੀ

Gohal Brothers: ‘ਗੋਹਲ ਬ੍ਰਦਰਜ਼’ ਦਾ ਪਿਤਾ ਰਹੇ ਹਨ ਪ੍ਰਿੰਸੀਪਲ

  • fb
  • twitter
  • whatsapp
  • whatsapp
featured-img featured-img
ਗੋਹਲ ਬ੍ਰਦਰਜ਼।
Advertisement
ਪੰਜਾਬ ਦੀ ਸਿਆਸੀ ਤੇ ਜਨਤਕ ਚਰਚਾ ’ਚ ਅੱਜ ਕੱਲ੍ਹ ‘ਗੋਹਲ ਬ੍ਰਦਰਜ਼’ ਕੇਂਦਰ ਬਿੰਦੂ ਬਣੇ ਹੋਏ ਹਨ। ਸੀ ਬੀ ਆਈ ਵੱਲੋਂ 5 ਅਕਤੂਬਰ ਨੂੰ ਮੁੱਖ ਮੰਤਰੀ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਪੰਜ ਕਰੀਬੀਆਂ ’ਤੇ ਐੱਫ਼ ਆਈ ਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ’ਚ ‘ਗੋਹਲ ਬ੍ਰਦਰਜ਼’ ਵੀ ਸ਼ਾਮਲ ਹਨ। ਪਹਿਲੀ ਵਾਰ ‘ਗੋਹਲ ਬ੍ਰਦਰਜ਼’ ਦਾ ਨਾਂ ਉਸ ਵੇਲੇ ਉੱਭਰਵੇਂ ਰੂਪ ’ਚ ਸਾਹਮਣੇ ਆਇਆ ਜਦੋਂ ਈ ਡੀ ਨੇ 7 ਮਈ 2026 ਨੂੰ ਖਰੜ ਦੇ ਵੈਸਟਰਨ ਟਾਵਰ ’ਚ ਛਾਪੇਮਾਰੀ ਕੀਤੀ ਸੀ। ਨੌਵੀਂ ਮੰਜ਼ਿਲ ਤੋਂ ਹੇਠਾਂ ਸੁੱਟੇ ਨੋਟਾਂ ਦੇ ਬੈਗਾਂ ਨੇ ਇਸ ਮਾਮਲੇ ਦਾ ਮੁੱਢ ਬੰਨ੍ਹ ਦਿੱਤਾ ਸੀ।
ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਦਾ ਨਿਤਿਨ ਗੋਹਲ ਜਮਾਤੀ ਰਿਹਾ ਹੈ। ਨਿਤਿਨ ਗੋਹਲ ਅਤੇ ਜਿਤਿਨ ਗੋਹਲ ਦੋਵੇਂ ਸਕੇ ਭਰਾ ਹਨ। ਨਿਤਿਨ ਗੋਹਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਤੋਂ ਬੀ.ਟੈੱਕ ਦੀ ਡਿਗਰੀ 2004-08 ’ਚ ਕੀਤੀ ਅਤੇ ਐੱਮ.ਟੈੱਕ ਦੀ ਡਿਗਰੀ ਸ਼ਹੀਦ ਊਧਮ ਸਿੰਘ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਟੰਗੋਰੀ (ਮੁਹਾਲੀ)  ਤੋਂ 2010-2013 ’ਚ ਕੀਤੀ। ਉਹ ਅਗਸਤ 2008 ’ਚ ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਨਾਲ ਬਤੌਰ ਸਹਾਇਕ ਪ੍ਰੋਫੈਸਰ ਜੁੜਿਆ।
ਸਿਆਸੀ ਉਭਾਰ ਤੋਂ ਪਹਿਲਾਂ ਉਹ ਆਈ ਟੀ ਸੈਕਟਰ ’ਚ ਕੰਮ ਕਰਦਾ ਸੀ ਅਤੇ ਉਸ ਨੇ ਮੁਹਾਲੀ ’ਚ ‘ਟੈਕਲਾਈਵ ਸਲਿਊਸ਼ਨਜ਼’ ਨਾਮ ਦੀ ਕੰਪਨੀ ਜਨਵਰੀ 2015 ’ਚ ਸ਼ੁਰੂ ਕੀਤੀ ਜਿਸ ਦਾ ਸਾਫ਼ਟਵੇਅਰ ਡਿਵੈਲਪਮੈਂਟ ਦਾ ਖੇਤਰ ਸੀ। ਉਸ ਨੇ ਮਈ 2018 ’ਚ ‘ਫੋਰਟੈੱਕ ਵੈੱਬ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ’ ਨਾਮ ਦੀ ਕੰਪਨੀ ਬਣਾਈ। ਪੰਜਾਬ ਸਰਕਾਰ ਵੱਲੋਂ ਉਸ ਨੂੰ ਸਰਕਾਰੀ ਕੰਮ ਕਾਰ ਦਿੱਤਾ ਗਿਆ। ਉਹ ਪੰਜਾਬ ਸਰਕਾਰ ਦੇ ਪੋਰਟਲ ਬਣਾਉਣ ਲਈ ਸਹਾਇਕ ਮੈਨੇਜਰ ਵਜੋਂ ਕੰਮ ਕਰਦਾ ਸੀ।
ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਦੀਆਂ ਕਈ ਤਰ੍ਹਾਂ ਐਪਲੀਕੇਸ਼ਨਜ਼ ਦੀ ਟੈਸਟਿੰਗ ਦਾ ਕੰਮ ਵੀ ਕਰ ਰਿਹਾ ਸੀ। ‘ਆਪ’ ਸਰਕਾਰ ਬਣਨ ਮਗਰੋਂ ਜਮਾਤੀ ਹੋਣ ਦੇ ਨਾਤੇ ਰਾਜਬੀਰ ਘੁੰਮਣ ਨਾਲ ਨੇੜਤਾ ਬਣੀ। ਈ ਡੀ ਵੱਲੋਂ ਡੀ ਜੀ ਪੀ ਨੂੰ ਲਿਖੇ ਪੱਤਰਾਂ ’ਚ ਨਿਤਿਨ ਗੋਹਲ ਦੀ ਸਿਆਸੀ ਹੈਸੀਅਤ ਸਾਫ਼ ਝਲਕਦੀ ਹੈ ਕਿ ਕਿਵੇਂ ਉਹ ਪੋਸਟਿੰਗਾਂ ਅਤੇ ਤਾਇਨਾਤੀਆਂ ’ਚ ਭੂਮਿਕਾ ਨਿਭਾਉਂਦਾ ਰਿਹਾ ਹੈ।

ਨਿਤਿਨ ਗੋਹਲ ਨੂੰ ਵੀ ਵੱਜਦੇ ਸਨ ਸਲੂਟ

ਨਿਤਿਨ ਗੋਹਲ ਦਾ ਛੋਟਾ ਭਰਾ ਜਿਤਿਨ ਗੋਹਲ ਵੀ ਇਸ ਵੇਲੇ ਮੁੱਖ ਮੰਤਰੀ ਦਫ਼ਤਰ ’ਚ ਤਾਇਨਾਤ ਸੀ। ਜਿਤਿਨ ਗੋਹਲ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਤੋਂ ਡਿਗਰੀ ਕੀਤੀ ਹੋਈ ਹੈ। ਜਿਤਿਨ ਗੋਹਲ ਮਾਰਕਫੈੱਡ ਦੇ ਕਪੂਰਥਲਾ ਵਿਚਲੇ ਕੈਟਲ ਫੀਡ ਪਲਾਂਟ ’ਚ ਬਤੌਰ ਪ੍ਰੋਡਕਸ਼ਨ ਮੈਨੇਜਰ ਦਸੰਬਰ 2013 ਤੋਂ ਤਾਇਨਾਤ ਹੈ। ਮੌਜੂਦਾ ਸਰਕਾਰ ਦੌਰਾਨ ਮਾਰਕਫੈੱਡ ’ਚ ਜਿਤਿਨ ਗੋਹਲ ਨੂੰ ਹਰ ਪਾਸੇ ਸਲੂਟ ਵੱਜਦੇ ਸਨ। ਸੂਤਰਾਂ ਅਨੁਸਾਰ ‘ਆਪ’ ਸਰਕਾਰ ਨੇ ਜਿਤਿਨ ਗੋਹਲ ਨੂੰ ਤਨਖ਼ਾਹ ਦਾ ਸਭ ਤੋਂ ਉੱਚਾ ਜਨਰਲ ਮੈਨੇਜਰ ਦਾ ਗਰੇਡ ਦਿੱਤਾ ਜਦੋਂ ਕਿ ਉਹ ਪ੍ਰੋਡਕਸ਼ਨ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹੈ। ਮਾਰਕਫੈੱਡ ਦੇ ਕਪੂਰਥਲਾ ਪਲਾਂਟ ਨੂੰ ਛੱਡ ਕੇ ਬਾਕੀ ਪੰਜ ਪਲਾਂਟਾਂ ਦੇ ਕਿਸੇ ਵੀ ਪ੍ਰੋਡਕਸ਼ਨ ਮੈਨੇਜਰ ਨੂੰ ਜਨਰਲ ਮੈਨੇਜਰ ਵਾਲਾ ਪੇਅ ਗਰੇਡ ਨਹੀਂ ਮਿਲਿਆ ਹੈ।
ਮਾਰਕਫੈੱਡ ਦੇ ਹਰ ਪਲਾਂਟ ’ਚ ਜਨਰਲ ਮੈਨੇਜਰ ਨੂੰ ਹੀ ਗੱਡੀ ਦੀ ਸਹੂਲਤ ਹੈ ਪ੍ਰੰਤੂ ਕਪੂਰਥਲਾ ਪਲਾਂਟ ’ਚ ਪ੍ਰੋਡਕਸ਼ਨ ਮੈਨੇਜਰ ਜਿਤਿਨ ਗੋਹਲ ਨੂੰ ਵੀ ਕਾਰ ਦੀ ਸਹੂਲਤ ਦਿੱਤੀ ਗਈ। ਚੇਤੇ ਰਹੇ ਕਿ ਕਪੂਰਥਲਾ ’ਚ ਮਾਰਕਫੈੱਡ ਦੇ ਕੈਟਲ ਫੀਡ ਪਲਾਂਟ ’ਚ ਸਬਸਿਡੀ ਵਾਲੀ ਯੂਰੀਆ ਖਾਦ ਵਰਤਣ ਦਾ ਘਪਲਾ ਹੋਇਆ ਸੀ। ਖੇਤੀ ਮਹਿਕਮੇ ਦੀ ਟੀਮ ਨੇ 17 ਜੂਨ 2026 ਨੂੰ ਚੈਕਿੰਗ ਕਰਕੇ ਇਸ ਫ਼ੈਕਟਰੀ  ਚੋਂ 300 ਬੈਗ ਖੇਤੀ ਸਬਸਿਡੀ ਵਾਲਾ ਯੂਰੀਆ ਫੜਿਆ ਸੀ। ਪੰਜਾਬ ਸਰਕਾਰ ਨੇ ਇਸ ਘਪਲੇ ’ਚ ਕਪੂਰਥਲਾ ਪਲਾਂਟ ਦੇ ਕਮਰਸ਼ੀਅਲ ਮੈਨੇਜਰ ਨੂੰ ਚਾਰਜਸ਼ੀਟ ਕਰ ਦਿੱਤਾ ਸੀ ਜਦੋਂ ਕਿ ਇਸ ਪਲਾਂਟ ਦੇ ਪ੍ਰੋਡਕਸ਼ਨ ਮੈਨੇਜਰ ਜਿਤਿਨ ਗੋਹਲ ਦਾ ਵਾਲ ਵਿੰਗਾ ਨਹੀਂ ਹੋਇਆ ਸੀ।
ਬੇਸ਼ੱਕ ‘ਗੋਹਲ ਬ੍ਰਦਰਜ਼’ ਦੀ ਸਿਆਸੀ ਪੈਂਠ ਸਿਖ਼ਰਾਂ ’ਤੇ ਰਹੀ ਹੈ ਪ੍ਰੰਤੂ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਬੇਦਾਗ਼ ਰਿਹਾ ਹੈ। ‘ਗੋਹਲ ਬ੍ਰਦਰਜ਼’ ਦੀ ਪ੍ਰਸ਼ਾਸਨਿਕ ਤੇ ਸਿਆਸੀ ਹਲਕਿਆਂ ’ਚ ਪੂਰੀ ਤੂਤੀ ਬੋਲਦੀ ਰਹੀ ਹੈ ਅਤੇ ਵੱਡੇ ਵੱਡੇ ਅਫ਼ਸਰ ਉਨ੍ਹਾਂ ਦੇ ਸੰਪਰਕ ’ਚ ਸਨ। ਨੌਕਰਸ਼ਾਹੀ ’ਚ ਉਸ ਨੂੰ ਰਾਜਬੀਰ ਸਿੰਘ ਘੁੰਮਣ ਦੇ ਦੂਜੇ ਰੂਪ ਵਜੋਂ ਹੀ ਦੇਖਿਆ ਜਾਂਦਾ ਸੀ।

‘ਗੋਹਲ ਬ੍ਰਦਰਜ਼’ ਦਾ ਪਿਤਾ ਰਹੇ ਹਨ ਪ੍ਰਿੰਸੀਪਲ

ਨਿਤਿਨ ਤੇ ਜਿਤਿਨ ਗੋਹਲ ਦੇ ਪਿਤਾ ਬਿਹਾਰੀ ਲਾਲ ਗੋਹਲ ਪਹਿਲਾਂ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ’ਚ ਅਰਥ ਸ਼ਾਸਤਰ ਵਿਸ਼ੇ ਦੇ ਲੈਕਚਰਾਰ ਰਹੇ ਅਤੇ ਉਸ ਮਗਰੋਂ ਵਾਈਸ ਪ੍ਰਿੰਸੀਪਲ ਵਜੋਂ ਵੀ ਕੰਮ ਕੀਤਾ। ਸੇਵਾ ਮੁਕਤੀ ਤੋਂ ਪਹਿਲਾਂ ਉਹ ਮਲੇਰਕੋਟਲਾ ਦੇ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਸਨ। ਨਿਤਿਨ ਤੇ ਜਿਤਿਨ ਦੇ ਮਾਤਾ ਜੀ ਵੀ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ’ਚ ਕੈਮਿਸਟਰੀ ਲੈਕਚਰਾਰ ਸਨ।
 ਪ੍ਰੋ.ਬਿਹਾਰੀ ਲਾਲ ਗੋਹਲ ਪਹਿਲਾਂ ਨਾਭਾ ਕਾਲਜ ਦੇ ਸਰਕਾਰੀ ਘਰ ’ਚ ਰਹਿੰਦੇ ਰਹੇ ਅਤੇ ਮਗਰੋਂ ਉਨ੍ਹਾਂ ਨੇ ਨਾਭਾ ਦੇ ਹੀਰਾ ਮਹਿਲ ਇਲਾਕੇ ’ਚ ਇੱਕ ਜੱਟ ਸਿੱਖ ਢਿੱਲੋਂ ਪਰਿਵਾਰ ਤੋਂ ਕੋਠੀ ਖ਼ਰੀਦ ਲਈ ਸੀ। ‘ਗੋਹਲ ਬ੍ਰਦਰਜ਼’ ਦੇ ਮਾਪਿਆਂ ਦੀ ਸਮਾਜਿਕ ਛਵੀ ਤੇ ਰਸੂਖ਼ ਦੀ ਹਰ ਕੋਈ ਦਾਦ ਦਿੰਦਾ ਹੈ। ਹੁਣ ਆਤਮਾ ਰਾਮ ਗੋਹਲ ਦੇ ਪੋਤਿਆਂ ‘ਗੋਹਲ ਬ੍ਰਦਰਜ਼’ ’ਤੇ ਸੀ ਬੀ ਆਈ ਨੇ ਸ਼ਿਕੰਜਾ ਕੱਸਿਆ ਹੈ।
Advertisement
×