ਅੰਡੇਮਾਨ ਅਤੇ ਨਿਕੋਬਾਰ ਵਿੱਚ ਹਨੀਮੂਨ ਮਨਾਉਣ ਗਈ ਇੱਕ ਔਰਤ ਨਾਲ ਉਸ ਦੇ ਹੀ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਅਨੁਸਾਰ ਹਨੀਮੂਨ ਦੌਰਾਨ ਮਾਹਵਾਰੀ (Periods) ਆਉਣ ਤੋਂ ਗੁੱਸੇ ਵਿੱਚ ਆਏ ਪਤੀ ਨੇ ਉਸ ਨਾਲ ਗੰਭੀਰ ਕੁੱਟਮਾਰ ਕੀਤੀ ਅਤੇ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਪਤੀ, ਸੱਸ ਅਤੇ ਨਣਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਰਾਮਗੜ੍ਹਤਾਲ ਇਲਾਕੇ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 30 ਮਈ 2023 ਨੂੰ ਦਿੱਲੀ ਦੇ ਰਹਿਣ ਵਾਲੇ ਨਿਖਿਲ ਮਿਸ਼ਰਾ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਹੀ ਸੁਹਰੇ ਪਰਿਵਾਰ ਵਲੋਂ Branded ਸਮਾਨ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਉਸ ਦੇ ਪਿਤਾ ਨੇ ਲਗਭਗ 20 ਲੱਖ ਰੁਪਏ ਨਕਦ, ਇੱਕ ਕਾਰ ਅਤੇ 40 ਲੱਖ ਰੁਪਏ ਦਾ ਹੋਰ ਸਮਾਨ ਦਾਜ ਵਜੋਂ ਦਿੱਤਾ ਸੀ। 4 ਜੁਲਾਈ ਨੂੰ ਜਦੋਂ ਇਹ ਜੋੜਾ ਹਨੀਮੂਨ ਲਈ ਅੰਡੇਮਾਨ ਗਿਆ ਤਾਂ ਉੱਥੇ ਔਰਤ ਨੂੰ ਮਾਹਵਾਰੀ ਸ਼ੁਰੂ ਹੋ ਗਈ। ਦੋਸ਼ ਹੈ ਕਿ ਇਸ ਗੱਲ ਤੋਂ ਭੜਕੇ ਪਤੀ ਨੇ ਉਸ ’ਤੇ ਹੱਥ ਚੁੱਕਿਆ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹੋਟਲ ਸਟਾਫ਼ ਨੇ ਔਰਤ ਦੀਆਂ ਚੀਕਾਂ ਸੁਣ ਕੇ ਵਿੱਚ-ਬਚਾਅ ਕਰਕੇ ਉਸ ਦੀ ਜਾਨ ਬਚਾਈ।
ਹਨੀਮੂਨ ਤੋਂ ਬਾਅਦ ਜਦੋਂ ਔਰਤ ਆਪਣੇ ਸਹੁਰੇ ਘਰ ਦਿੱਲੀ ਪਹੁੰਚੀ ਤਾਂ ਉਸ ਦੀ ਸੱਸ ਅਤੇ ਨਣਦ ਨੇ ਵੀ ਪਤੀ ਦਾ ਸਾਥ ਦਿੰਦਿਆਂ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ। ਵਿਆਹ ਦੇ ਮਹਿਜ਼ 45 ਦਿਨਾਂ ਬਾਅਦ 14 ਜੁਲਾਈ 2023 ਨੂੰ ਔਰਤ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਰਾਮਗੜ੍ਹਤਾਲ ਥਾਣਾ ਮੁੱਖੀ ਸ਼ਿਆਮਾ ਨੰਦ ਰਾਏ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ’ਤੇ 15 ਅਗਸਤ ਨੂੰ ਨਿਖਿਲ ਮਿਸ਼ਰਾ, ਉਸ ਦੀ ਮਾਂ ਸੰਜੂ ਮਿਸ਼ਰਾ ਅਤੇ ਭੈਣ ਨੇਹਾ ਪਾਂਡੇ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।

