ਬਨੂੜ ਮੰਡੀ ’ਚ ਕਣਕ ਭਿੱਜੀ
ਬਨੂੜ ਮੰਡੀ ਵਿੱਚ ਪਨਗਰੇਨ ਅਤੇ ਮਾਰਕਫੈੱਡ ਵੱਲੋਂ ਖ਼ਰੀਦੀ ਗਈ ਕਣਕ ਦੀਆਂ ਸੈਂਕੜੇ ਬੋਰੀਆਂ ਅੱਜ ਸਵੇਰੇ ਪਏ ਮੀਂਹ ਕਾਰਨ ਭਿੱਜ ਗਈਆਂ। ਮੰਡੀ ਵਿੱਚ ਕਣਕ ਦੀਆਂ ਬੋਰੀਆਂ ਦੇ ਢੇਰਾਂ ਥੱਲਿਓਂ ਵੀ ਮੀਂਹ ਦਾ ਪਾਣੀ ਲੰਘਿਆ। ਮੀਂਹ ਤੋਂ ਪਹਿਲਾਂ ਆਈ ਤੇਜ਼ ਹਨੇਰੀ ਕਾਰਨ...
ਬਨੂੜ ਮੰਡੀ ਵਿੱਚ ਪਨਗਰੇਨ ਅਤੇ ਮਾਰਕਫੈੱਡ ਵੱਲੋਂ ਖ਼ਰੀਦੀ ਗਈ ਕਣਕ ਦੀਆਂ ਸੈਂਕੜੇ ਬੋਰੀਆਂ ਅੱਜ ਸਵੇਰੇ ਪਏ ਮੀਂਹ ਕਾਰਨ ਭਿੱਜ ਗਈਆਂ। ਮੰਡੀ ਵਿੱਚ ਕਣਕ ਦੀਆਂ ਬੋਰੀਆਂ ਦੇ ਢੇਰਾਂ ਥੱਲਿਓਂ ਵੀ ਮੀਂਹ ਦਾ ਪਾਣੀ ਲੰਘਿਆ। ਮੀਂਹ ਤੋਂ ਪਹਿਲਾਂ ਆਈ ਤੇਜ਼ ਹਨੇਰੀ ਕਾਰਨ ਕਣਕ ਦੀਆਂ ਬੋਰੀਆਂ ਤੋਂ ਤਰਪਾਲਾਂ ਉਡ ਗਈਆਂ। ਇਸ ਮਗਰੋਂ ਤੇਜ਼ ਮੀਂਹ ਨੇ ਕਣਕ ਦੀਆਂ ਬੋਰੀਆਂ ਦੇ ਉੱਪਰਲੇ ਹਿੱਸਿਆਂ ਅਤੇ ਸਾਇਡਾਂ ਤੋਂ ਬੋਰੀਆਂ ਭਿਉਂ ਦਿੱਤੀਆਂ। ਮੀਂਹ ਹਟਣ ਮਗਰੋਂ ਮੰਡੀ ਵਿਚ ਮੌਜੂਦ ਮਜ਼ਦੂਰਾਂ ਨੇ ਤੁਰੰਤ ਕਣਕ ਦੀਆਂ ਬੋਰੀਆਂ ’ਤੇ ਤਰਪਾਲਾਂ ਦਿੱਤੀਆਂ। ਮੰਡੀ ਵਿੱਚ ਦੋਵੇਂ ਏਜੰਸੀਆਂ ਦੀ ਕਣਕ ਦੀ ਲਿਫ਼ਟਿੰਗ ਬਹੁਤ ਸੁਸਤ ਰਫ਼ਤਾਰ ਨਾਲ ਚੱਲ ਰਹੀ ਹੈ, ਜਿਸ ਕਾਰਨ ਪਿਛਲੇ ਕਈਂ ਦਿਨਾਂ ਤੋਂ ਖਰੀਦੀ ਹੋਈ ਕਣਕ ਦੀਆਂ ਢੇਰੀਆਂ ਇਵੇਂ ਹੀ ਪਈਆਂ ਹਨ। ਆੜ੍ਹਤੀਆਂ ਵੱਲੋਂ ਪਿਛਲੇ ਦਿਨੀਂ ਮੰਡੀ ਵਿਚ ਆਈ ਐੱਫ ਸੀ ਆਈ ਦੀ ਟੀਮ ਨੂੰ ਵੀ ਲਿਫ਼ਟਿੰਗ ਤੇਜ਼ ਕਰਾਉਣ ਦੀ ਗੁਹਾਰ ਲਗਾਈ ਸੀ। ਇਸੇ ਤਰ੍ਹਾਂ ਬਨੂੜ ਖੇਤਰ ਵਿਚ ਵੱਡੀ ਪੱਧਰ ’ਤੇ ਹੁੰਦੀ ਖਰਬੂਜ਼ਿਆਂ ਦੀ ਕਾਸ਼ਤ ਵਾਲੇ ਪਿੰਡਾਂ ਵਿੱਚ ਝੱਖੜ ਕਾਰਨ ਖਰਬੂਜ਼ਿਆਂ ਦੀਆਂ ਵੇਲਾਂ ਨੂੰ ਵੀ ਨੁਕਸਾਨ ਪਹੁੰਚਾਇਆ।

