Golden Forest Land, Village Jarot: ਜੜੋਤ ’ਚ ਕਣਕ ਵੱਢਣ ਦਾ ਮਾਮਲਾ ਭਖ਼ਿਆ
ਬੋਲੀਕਾਰਾਂ ਵੱਲੋਂ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼; ਸੰਘਰਸ਼ ਮਘਾਉਣ ਦੀ ਚਿਤਾਵਨੀ
ਪਿੰਡ ਜੜੋਤ ਵਿੱਚ ਪੰਜਾਬ ਸਰਕਾਰ ਦੀ ਮਲਕੀਅਤ ਹੇਠ ਆਉਂਦੀ ‘ਗੋਲਡਨ ਫਾਰੈਸਟ’ ਦੀ ਜ਼ਮੀਨ ’ਤੇ 25 ਏਕੜ ਕਣਕ ਦੀ ਫ਼ਸਲ ਗ਼ੈਰ-ਕਾਨੂੰਨੀ ਤਰੀਕੇ ਨਾਲ ਵੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਬੋਲੀਕਾਰਾਂ ਨੇ ਪੁਲੀਸ ’ਤੇ ਵੀ ਲਾਪ੍ਰਵਾਹੀ ਅਤੇ ਪੱਖਪਾਤ ਦੇ ਗੰਭੀਰ ਦੋਸ਼ ਲਾਏ ਹਨ।
ਬੋਲੀਕਾਰ ਲਵਪ੍ਰੀਤ ਸਿੰਘ, ਨਸੀਬ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 6 ਜਨਵਰੀ 2026 ਨੂੰ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਹੋਈ ਸਰਕਾਰੀ ਬੋਲੀ ਦੌਰਾਨ 10,200 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ’ਤੇ ਲਈ ਸੀ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਫ਼ਸਲ ਦੀ ਕਟਾਈ ਸਰਕਾਰੀ ਨਿਗਰਾਨੀ ਹੇਠ ਹੋਵੇਗੀ ਪਰ ਇਸ ਦੇ ਬਾਵਜੂਦ ਕਬਜ਼ਾਧਾਰੀਆਂ ਨੇ ਬਾਹਰਲੇ ਵਿਅਕਤੀਆਂ ਨੂੰ ਬੁਲਾ ਕੇ ਜ਼ਬਰਦਸਤੀ ਫ਼ਸਲ ਕੱਟ ਲਈ, ਜਿਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ।
ਪੀੜਤਾਂ ਨੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਫ਼ਸਲ ਦੀ ਕਟਾਈ ਕਰਵਾ ਲਈ। ਉਨ੍ਹਾਂ ਦਾ ਕਹਿਣਾ ਹੈ ਕਿ 112 ਨੰਬਰ ’ਤੇ ਸੂਚਨਾ ਦੇਣ ਮਗਰੋਂ ਮੌਕੇ ’ਤੇ ਪਹੁੰਚੇ ਏ ਐੱਸ ਆਈ ਵੱਲੋਂ ਕਾਰਵਾਈ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਹੀ ਧਮਕਾਇਆ ਗਿਆ ਅਤੇ ਉੱਚ ਅਧਿਕਾਰੀਆਂ ਨੂੰ ਗਲਤ ਰਿਪੋਰਟ ਭੇਜੀ ਗਈ ਕਿ ਮੌਕੇ ‘ਤੇ ਕੋਈ ਕਟਾਈ ਨਹੀਂ ਹੋਈ।
ਇਸ ਤੋਂ ਇਲਾਵਾ, ਬੋਲੀਕਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 4 ਅਪਰੈਲ ਦੀ ਰਾਤ ਥਾਣਾ ਲਾਲੜੂ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਗਈ ਪਰ ਹੁਣ ਤੱਕ ਨਾ ਤਾਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਨੂੰ ਪੁੱਛ-ਪੜਤਾਲ ਲਈ ਬੁਲਾਇਆ ਗਿਆ ਹੈ।
ਪੀੜਤਾਂ ਨੇ ਪੰਜਾਬ ਸਰਕਾਰ ਅਤੇ ਉੱਚ ਪੁਲੀਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਬਾਕੀ ਰਹਿੰਦੀ ਫ਼ਸਲ ਦੀ ਕਟਾਈ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।
ਦੂਜੇ ਪਾਸੇ ਥਾਣਾ ਮੁਖੀ ਲਾਲੜੂ ਯੋਗੇਸ਼ ਕੁਮਾਰ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੇ ਉਕਤ ਮਾਮਲੇ ਦੇ ਸਬੰਧ ਵਿੱਚ ਦਰਖਾਸਤ ਦਿੱਤੀ ਹੈ, ਜਿਸ ਦੀ ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

