Bikram Majithia ਦੀ ਰਿਹਾਈ ਦਾ ਪੰਜਾਬ ਦੀ ਸਿਆਸਤ ’ਤੇ ਕੀ ਅਸਰ ਪਵੇਗਾ?
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚਨਾਭਾ ਜੇਲ੍ਹ ਤੋਂ ਬਿਕਰਮ ਮਜੀਠੀਆ ਦੀ ਰਿਹਾਈ ਅਤੇ ਇਸ ਬਾਰੇ ਆਏ ਸਿਆਸੀ ਬਿਆਨਾਂ ਨੇ ਉਨ੍ਹਾਂ ਨੂੰ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ...
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚਨਾਭਾ ਜੇਲ੍ਹ ਤੋਂ ਬਿਕਰਮ ਮਜੀਠੀਆ ਦੀ ਰਿਹਾਈ ਅਤੇ ਇਸ ਬਾਰੇ ਆਏ ਸਿਆਸੀ ਬਿਆਨਾਂ ਨੇ ਉਨ੍ਹਾਂ ਨੂੰ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਦੇ ਮੱਦੇਨਜ਼ਰ, ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਮਜੀਠੀਆ ਪਾਰਟੀ ਨੂੰ ਮੁੜ ਸੁਰਜੀਤ ਕਰਨ ਵਿੱਚ ਇੱਕ ਧੁਰੇ ਵਜੋਂ ਉੱਭਰ ਸਕਦੇ ਹਨ ਅਤੇ ਭਾਜਪਾ ਨਾਲ ਪਾਰਟੀ ਦੇ ਗਠਜੋੜ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਇੱਕ ਮੁੱਖ ਕਾਰਕ ਜਿਸ ਦੀ ਚਰਚਾ ਹੋ ਰਹੀ ਹੈ, ਉਹ ਹੈ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਨਾਲ ਉਨ੍ਹਾਂ ਦੀ ਨੇੜਤਾ, ਜੋ ਉਨ੍ਹਾਂ ਦੀ ਰਿਹਾਈ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਮਿਲਣ ਆਏ ਸਨ। ਢਿੱਲੋਂ ਨੇ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਝੂਠੇ ਸਨ। ਢਿੱਲੋਂ ਦਾ ਸਮਰਥਨ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਨੇ ਚੋਣਾਂ ਵਿੱਚ ਵੱਖ-ਵੱਖ ਡੇਰਿਆਂ ਦੇ ਪ੍ਰਭਾਵ ਨੂੰ ਲੈ ਕੇ ਖਿੱਚੋਤਾਣ ਦੇਖੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਗੁਰੂ ਰਵਿਦਾਸ ਜਯੰਤੀ ’ਤੇ ਦੋਆਬਾ ਦੇ ਡੇਰਾ ਬੱਲਾਂ ਦਾ ਦੌਰਾ ਕੀਤਾ ਸੀ ਅਤੇ ਡੇਰਾ ਮੁਖੀ ਦੇ ਚਰਨ ਛੂਹੇ ਸਨ। ਕਿਹਾ ਜਾਂਦਾ ਹੈ ਕਿ ਡੇਰੇ ਨੇ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਡੇਰਾ ਬਿਆਸ ਵਿੱਚ ਆਰ ਐਸ ਐਸ ਮੁਖੀ ਮੋਹਨ ਭਾਗਵਤ 2012, 2014, 2018 ਅਤੇ ਹਾਲ ਹੀ ਵਿੱਚ 2023 ਵਿੱਚ ਕਈ ਵਾਰ ਜਾ ਚੁੱਕੇ ਹਨ, ਜੋ ਕਿ ਭਾਜਪਾ ਦੇ ਹਿੱਤਾਂ ਨਾਲ ਮੇਲ ਖਾਂਦੇ ਵਿਆਪਕ ਹਿੰਦੂ ਰਾਸ਼ਟਰਵਾਦੀ ਨੈੱਟਵਰਕਾਂ ਨਾਲ ਇਸਦੇ ਸਬੰਧਾਂ ਨੂੰ ਉਜਾਗਰ ਕਰਦੇ ਹਨ। ਡੇਰਾ ਮੁਖੀ ਦੇ ਮਜੀਠੀਆ ਦੀ ਪਤਨੀ ਗਨੀਵ ਕੌਰ ਨਾਲ ਪਰਿਵਾਰਕ ਸਬੰਧ ਹਨ।ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਦੀ ਸਰਕਾਰ ਨੇ ਮਜੀਠੀਆ ਨੂੰ ਜੇਲ੍ਹ ਭੇਜਿਆ ਸੀ, ਨੇ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਐਕਸ (X) 'ਤੇ ਇੱਕ ਪੋਸਟ ਪਾਈ, "ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਉੱਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।" ਉਨ੍ਹਾਂ ਨੇ ਡੇਰਾ ਮੁਖੀ ਦੇ ਮਜੀਠੀਆ ਨੂੰ ਕਲੀਨ ਚਿੱਟ ਦੇਣ ਵਾਲੇ ਬਿਆਨ ਦਾ ਹਵਾਲਾ ਦਿੱਤਾ।
ਇਸ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਆਇਆ ਜਿਸ ਨੇ ਮਜੀਠੀਆ ਪ੍ਰਤੀ ਭਾਜਪਾ ਦੇ ਨਰਮ ਰੁਖ਼ ਦਾ ਸੰਕੇਤ ਦਿੱਤਾ। ਜਾਖੜ ਨੇ ਕਿਹਾ ਕਿ ਸੰਤਾਂ ਦੇ ਦਿੱਤੇ ਬਿਆਨ ਵਿਅਰਥ ਨਹੀਂ ਜਾਂਦੇ। ਇਸ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਉਸ ਹਰ ਵਿਅਕਤੀ ਨੂੰ ਜੇਲ੍ਹ ਵਿੱਚ ਡੱਕਣ ਲਈ ਬਦਨਾਮ ਹੈ ਜੋ ਇਸਦੇ ਵਿਰੁੱਧ ਬੋਲਣ ਦੀ ਹਿੰਮਤ ਕਰਦਾ ਹੈ। "ਮਜੀਠੀਆ ਕੀਮਤ ਚੁਕਾ ਰਹੇ ਹਨ ਅਤੇ ਕਈ ਹੋਰ ਨਿਰਦੋਸ਼ਾਂ ਵਾਂਗ ਉਹ ਵੀ ਜੇਲ੍ਹ ਤੋਂ ਬਾਹਰ ਆ ਗਏ ਹਨ।"
ਹਾਲਾਂਕਿ ਜਾਖੜ ਨੇ 'ਟ੍ਰਿਬਿਊਨ ਸਮੂਹ' ਨੂੰ ਦੱਸਿਆ ਕਿ ਮਜੀਠੀਆ ਬਾਰੇ ਉਨ੍ਹਾਂ ਦੇ ਬਿਆਨ ਨੂੰ ਅਕਾਲੀ-ਭਾਜਪਾ ਗਠਜੋੜ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਝੂਠੇ ਕੇਸਾਂ ਅਤੇ 'ਆਪ' ਸਰਕਾਰ ਵੱਲੋਂ ਪੁਲੀਸ ਦੀ ਦੁਰਵਰਤੋਂ ਬਾਰੇ ਹੈ। ਜਾਖੜ ਦਾ ਬਿਆਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਹਾਲ ਹੀ ਵਿੱਚ ਅਕਾਲੀਆਂ ਨਾਲ ਕਿਸੇ ਵੀ ਗਠਜੋੜ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਸੀ ਕਿ ਨਸ਼ਾ ਤਸਕਰੀ ਦੇ ਦੋਸ਼ੀਆਂ ਨਾਲ ਭਾਈਵਾਲੀ ਕਰਨ ਨਾਲ ਪਾਰਟੀ ਦੇ ਭ੍ਰਿਸ਼ਟਾਚਾਰ ਵਿਰੋਧੀ ਸਟੈਂਡ ਨੂੰ ਨੁਕਸਾਨ ਪਹੁੰਚੇਗਾ।
ਮਜੀਠੀਆ ਪਹਿਲਾਂ ਵੀ ਚੋਣ ਹਾਰਾਂ ਅਤੇ ਜੇਲ੍ਹ ਯਾਤਰਾਵਾਂ ਤੋਂ ਬਾਅਦ ਵਾਪਸੀ ਕਰ ਚੁੱਕੇ ਹਨ। ਇਹ ਦੇਖਣਾ ਹੋਵੇਗਾ ਕਿ ਕੀ ਉਨ੍ਹਾਂ ਦੀ ਵਾਪਸੀ ਅਕਾਲੀ ਦਲ ਵਿੱਚ ਨਵੀਂ ਜਾਨ ਫੂਕੇਗੀ ਜਾਂ ਪੰਜਾਬ ਦੀ ਸਿਆਸਤ ਵਿੱਚ ਪੁਰਾਣੇ ਜ਼ਖ਼ਮਾਂ ਨੂੰ ਮੁੜ ਹਰਾ ਕਰੇਗੀ। ਮਜੀਠੀਆ ਦਾ ਉਭਾਰ 2012 ਦੀਆਂ ਵਿਧਾਨ ਸਭਾ ਚੋਣਾਂ ਨਾਲ ਸ਼ੁਰੂ ਹੋਇਆ ਸੀ, ਜਦੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਉਨ੍ਹਾਂ ਨੇ ਨੌਜਵਾਨ ਵੋਟਰਾਂ ਨੂੰ ਲਾਮਬੰਦ ਕੀਤਾ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੂੰ ਲਗਾਤਾਰ ਦੂਜੀ ਵਾਰ ਜਿੱਤ ਦਿਵਾਈ।
ਉਨ੍ਹਾਂ ਦੇ ਹਮਲਾਵਰ ਅੰਦਾਜ਼ ਨੇ ਉਨ੍ਹਾਂ ਨੂੰ ਪ੍ਰਸ਼ੰਸਾ ਅਤੇ ਆਲੋਚਨਾ ਦੋਵੇਂ ਦਿੱਤੀਆਂ, ਜਿੱਥੇ ਵਿਰੋਧੀਆਂ ਨੇ ਉਨ੍ਹਾਂ 'ਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ, ਉੱਥੇ ਹੀ ਪਾਰਟੀ ਦੇ ਅੰਦਰੂਨੀ ਲੋਕਾਂ ਨੇ ਉਨ੍ਹਾਂ ਨੂੰ ਇੱਕ ਮਜ਼ਬੂਤ ਆਗੂ ਵਜੋਂ ਦੇਖਿਆ। ਪਰਿਵਾਰਕ ਤਣਾਅ ਵੀ ਸਾਹਮਣੇ ਆਇਆ, ਖਾਸ ਤੌਰ 'ਤੇ 2014 ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੀਆਂ ਨਾਮਜ਼ਦਗੀਆਂ ਦੌਰਾਨ ਜਨਤਕ ਤੌਰ 'ਤੇ ਉਨ੍ਹਾਂ ਨੂੰ ਝਿੜਕਿਆ ਸੀ।
ਮਜੀਠੀਆ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਦਾ ਪ੍ਰਬੰਧ ਸੰਭਾਲਣ ਦਾ ਕੰਮ ਸੌਂਪਿਆ ਗਿਆ ਸੀ ਜਿੱਥੇ ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਉਸ ਸਮੇਂ ਦੇ ਕਾਂਗਰਸੀ ਦਿੱਗਜ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਚੋਣ ਲੜ ਰਹੇ ਸਨ। ਹਾਲਾਂਕਿ, ਜਦੋਂ ਬਾਦਲ ਨੇ ਮਜੀਠੀਆ ਨੂੰ ਆਪਣੀ ਭੈਣ ਹਰਸਿਮਰਤ ਕੌਰ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਬਠਿੰਡਾ ਵਿੱਚ ਦੇਖਿਆ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸਖ਼ਤ ਟੋਕਿਆ।
2017 ਵਿੱਚ ਅਕਾਲੀ ਦਲ ਦੀ ਗਿਰਾਵਟ ਦੇ ਬਾਵਜੂਦ ਮਜੀਠੀਆ ਨੇ ਆਪਣੀ ਮਜੀਠਾ ਸੀਟ ਬਰਕਰਾਰ ਰੱਖੀ। ਪਰ ਉਨ੍ਹਾਂ ਦਾ ਸਿਆਸੀ ਕਰੀਅਰ ਨਸ਼ਿਆਂ ਦੇ ਦੋਸ਼ਾਂ ਹੇਠ ਦਬਿਆ ਰਿਹਾ, ਜਿਸ ਦੀ ਸ਼ੁਰੂਆਤ 2013 ਵਿੱਚ ਹੋਈ ਜਦੋਂ ਕਥਿਤ ਤਸਕਰ ਜਗਦੀਸ਼ ਭੋਲਾ ਨੇ ਸਿੰਥੈਟਿਕ ਡਰੱਗ ਰੈਕੇਟ ਵਿੱਚ ਉਨ੍ਹਾਂ ਦਾ ਨਾਮ ਲਿਆ। ਉਦੋਂ ਵਿਰੋਧੀ ਪਾਰਟੀਆਂ, ਖਾਸ ਕਰਕੇ 'ਆਪ' ਨੇ ਉਨ੍ਹਾਂ ਨੂੰ ਪੰਜਾਬ ਦੇ ਨਸ਼ਾ ਸੰਕਟ ਦਾ ਚਿਹਰਾ ਬਣਾਇਆ।
2021 ਵਿੱਚ ਐੱਨ ਡੀ ਪੀ ਐੱਸ ਐਕਟ ਦੇ ਤਹਿਤ ਇੱਕ ਐੱਫ ਆਈ ਆਰ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਵਾਈ, ਅਤੇ 2022 ਵਿੱਚ ਜ਼ਮਾਨਤ ਮਿਲਣ ਤੋਂ ਪਹਿਲਾਂ ਉਨ੍ਹਾਂ ਨੇ ਮਹੀਨੇ ਜੇਲ੍ਹ ਵਿੱਚ ਬਿਤਾਏ। 2022 ਵਿੱਚ 'ਆਪ' ਦੇ ਉਭਾਰ ਨੇ ਨਵੀਆਂ ਮੁਸ਼ਕਲਾਂ ਪੈਦਾ ਕੀਤੀਆਂ। 2025 ਵਿੱਚ ਮਜੀਠੀਆ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਦੌਲਤ ਇਕੱਠੀ ਕਰਨ ਦੇ ਦੋਸ਼ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 40,000 ਪੰਨਿਆਂ ਦੀ ਚਾਰਜਸ਼ੀਟ ਵਿੱਚ ਬੇਨਾਮੀ ਸੌਦਿਆਂ ਅਤੇ ਵਿਦੇਸ਼ੀ ਨਿਵੇਸ਼ਾਂ ਰਾਹੀਂ ਕਥਿਤ ਲਾਂਡਰਿੰਗ ਦਾ ਵੇਰਵਾ ਦਿੱਤਾ ਗਿਆ ਸੀ। ਉਨ੍ਹਾਂ ਦੀ ਰਿਹਾਈ ਨੇ ਅਕਾਲੀ ਦਲ ਨੂੰ ਉਤਸ਼ਾਹਿਤ ਕੀਤਾ ਹੈ, ਜੋ ਦਾਅਵਾ ਕਰਦਾ ਹੈ ਕਿ ਕੇਸ ਸਿਆਸਤ ਤੋਂ ਪ੍ਰੇਰਿਤ ਸਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ 'ਆਪ' ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ, ਜਦਕਿ ਆਲੋਚਕਾਂ ਦਾ ਕਹਿਣਾ ਹੈ ਕਿ ਮਜੀਠੀਆ ਦੇ ਵਿਵਾਦ ਅਜੇ ਵੀ ਅਣਸੁਲਝੇ ਹਨ। ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਹੁਣ ਪਾਰਟੀ ਵੱਲੋਂ ਭਖਵੀਂ ਚੋਣ ਮੁਹਿੰਮ ਦੀ ਦਾ ਐਲਾਨ ਕਰਦਿਆਂ ਕਿਹਾ,‘‘ਮਜੀਠੀਆ 'ਆਪ' ਸਰਕਾਰ ਵਿਰੁੱਧ ਹੋਰ ਹਮਲਾਵਰ ਹੋ ਕੇ ਬਾਹਰ ਆਉਣਗੇ। ਪੰਜਾਬੀ 'ਆਪ' ਸਰਕਾਰ ਨੂੰ ਆਪਣੇ ਵਿਰੋਧੀਆਂ ਨੂੰ ਸਿਆਸਤ ਤੋਂ ਪ੍ਰੇਰਿਤ ਕੇਸਾਂ ਵਿੱਚ ਫਸਾਉਣ ਲਈ ਪੁਲੀਸ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਕਰਾਰਾ ਜਵਾਬ ਦੇਣਗੇ।’’

