ਸਰਬਜੀਤ ਸਿੰਘ ਭੱਟੀ
ਲਾਲੜੂ, 28 ਨਵੰਬਰ
ਕਿਸਾਨ ਅੰਦੋਲਨ ਅੱਜ ਹਲਕੇ ਦੇ ਬੱਚੇ-ਬੱਚੇ ਦੇ ਦਿਲ ਤੇ ਦਿਮਾਗ ਵਿੱਚ ਘਰ ਕਰ ਚੁੱਕਿਆ ਹੈ, ਜਿਸ ਦੀ ਮਿਸਾਲ ਅੱਜ ਇੱਥੇ ਦੱਪਰ ਟੌਲ ਪਲਾਜ਼ਾ ’ਤੇ ਦੇਖਣ ਨੂੰ ਮਿਲੀ। ਇੱਥੋ ਨੇੜਲੇ ਪਿੰਡ ਝਰਮੜੀ ਦਾ ਇਕ ਨੌਜਵਾਨ ਇੰਦਰਪ੍ਰੀਤ ਸਿੰਘ ਆਪਣੀ ਬਰਾਤ ਚੰਡੀਗੜ੍ਹ ਲੈ ਕੇ ਜਾਂਦੇ ਹੋਏ ਆਪਣੇ ਰਿਸਤੇਦਾਰਾਂ ਅਤੇ ਦੋਸਤਾਂ ਸਮੇਤ ਟੌਲ ਪਲਾਜ਼ਾ ਦੱਪਰ ਵਿਖੇ ਧਰਨੇ ’ਤੇ ਬੈਠੇ ਕਿਸਾਨਾਂ ਕੋਲ ਰੁਕਿਆ ਅਤੇ ਉਸ ਨੇ ਕਿਸਾਨਾਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਕਾਰਜਕਾਰਨੀ ਦੇ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਜਦੋਂ ਬਰਾਤ ਟੌਲ ਪਲਾਜ਼ਾ ਵਿਖੇ ਪੁੱਜੀ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਲਾੜੇ ਅਤੇ ਬਰਾਤੀਆਂ ਨੂੰ ਕਿਸਾਨੀ ਝੰਡੇ ਦਿੱਤੇ ਗਏ ਅਤੇ ਇਸ ਮੌਕੇ ਲਾੜੇ ਨੂੰ ਧਰਨੇ ’ਤੇ ਬੈਠੇ ਕਿਸਾਨਾਂ ਨੇ ਬੈਜ ਲਗਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਇਹ ਮਹਿਸੂਸ ਹੋ ਰਿਹਾ ਸੀ ਕਿ ਕਿਸਾਨੀ ਅੰਦੋਲਨ ਪ੍ਰਤੀ ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਦਾ ਝੁਕਾਓ ਲਗਾਤਾਰ ਵਧ ਰਿਹਾ ਹੈ ਜੋ ਆਉਣ ਵਾਲੇ ਚੰਗੇ ਤੇ ਉੱਜਵਲ ਭਵਿੱਖ ਦਾ ਸੰਕੇਤ ਹੈ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਨੇ ਇਕੱਠੇ ਹੋ ਕੇ ਲਾੜੇ ਤੇ ਬਰਾਤੀਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਖੁਸ਼ੀਆਂ ਵੀ ਮਨਾਈਆਂ।