ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸ਼ੇਸ਼ ਪਾਠਕ੍ਰਮ ਰਾਹੀਂ ਜਾਗਰੂਕ ਕਰਾਂਗੇ: ਬੈਂਸ
‘ਸਕੂਲ ਅਤੇ ਅਧਿਆਪਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਪਹਿਲੀ ਕਤਾਰ ਦਾ ਸੁਰੱਖਿਆ ਕਵਚ ਹੋਣਗੇ’
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਮੁਹਾਲੀ ਦੇ ਫੇਜ਼ 3ਬੀ-1 ਵਿੱਚ ਸਕੂਲ ਆਫ ਐਮੀਨੈਂਸ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਚੱਲ ਰਹੇ ਸਮਰੱਥਾ ਵਿਕਾਸ ਸਿਖਲਾਈ ਸੈਸ਼ਨ ਦੌਰਾਨ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨਾਲ ਸੰਵਾਦ ਕਰਨ ਪੁੱਜੇ ਸਨ। ਸੂਬੇ ਵਿੱਚ ਜਾਰੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ, ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਿੱਖਿਆ ਅਤੇ ਰੋਕਥਾਮ ’ਤੇ ਕੇਂਦਰਿਤ ਇੱਕ ਵਿਸਤ੍ਰਿਤ ਸਕੂਲ-ਅਧਾਰਿਤ ਐਕਸ਼ਨ ਪ੍ਰੋਗਰਾਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਪ੍ਰੋਗਰਾਮ ਦਾ ਮਕਸਦ ਨਾਜ਼ੁਕ ਨੌਜਵਾਨ ਮਨਾਂ ਨੂੰ ਸੁਰੱਖਿਅਤ ਕਰਨਾ ਹੈ। ਇਸ ਪਹਿਲ ਵਿੱਚ ਸਕੂਲਾਂ ਅਤੇ ਅਧਿਆਪਕਾਂ ਨੂੰ ਨਸ਼ਿਆਂ ਵਿਰੁੱਧ ਲੰਬੇ ਸਮੇਂ ਦੀ ਲੜਾਈ ਵਿੱਚ ਪਹਿਲੀ ਕਤਾਰ ਦੇ ਸੁਰੱਖਿਆ ਕਵਚ ਵਜੋਂ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਦੋਵੇਂ ਨੇਤਾਵਾਂ ਨੇ ਪ੍ਰੋਗਰਾਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਮੌਜੂਦ ਅਧਿਆਪਕਾਂ ਨਾਲ ਆਉਣ ਵਾਲੇ ਸਮੇਂ ਦੀ ਰਣਨੀਤੀ ਸਾਂਝੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਜਾਗਰੂਕਤਾ, ਨੈਤਿਕਤਾ ਅਤੇ ਅਨੁਸ਼ਾਸਨ ਰਾਹੀਂ ਨੌਜਵਾਨ ਕੋਮਲ ਮਨਾਂ ਦੀ ਅਜਿਹੀਆਂ ਅਲਾਮਤਾਂ ਤੋਂ ਸੁਰੱਖਿਆ ਕਰਨਾ ਹੀ ਪੰਜਾਬ ਤੋਂ ਨਸ਼ਿਆਂ ਨੂੰ ਖਤਮ ਕਰਨ ਦਾ ਟਿਕਾਊ ਰਾਹ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬ ਭਰ ਦੀਆਂ ਸੀਨੀਅਰ ਸਕੈਂਡਰੀ (ਗਿਆਰ੍ਹਵੀਂ ਤੇ ਬਾਰਵੀਂ) ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਇੱਕ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਪਾਠਕ੍ਰਮ ਰਾਹੀਂ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁਹਾਲੀ ਜ਼ਿਲ੍ਹੇ ਤੋਂ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਰੋਜ਼ਾਨਾ ਧਿਆਨ (ਮੈਡੀਟੇਸ਼ਨ) ਸੈਸ਼ਨ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਹਰ ਸਕੂਲ ਵਿੱਚ ਸ਼ਿਕਾਇਤ-ਕਮ-ਸੁਝਾਅ ਬਾਕਸ ਲਗਾਇਆ ਗਿਆ ਹੈ, ਜਿਸ ਰਾਹੀਂ ਵਿਦਿਆਰਥੀ ਬਿਨਾਂ ਆਪਣੀ ਪਛਾਣ ਜ਼ਾਹਿਰ ਕੀਤੇ ਬਿਨਾਂ ਆਪਣੇ ਨੇੜੇ ਤੇੜੇ ਨਸ਼ਾ ਵੇਚਣ ਵਾਲਿਆਂ ਜਾਂ ਉਨ੍ਹਾਂ ਨੂੰ ਬਚਣ ਦਾ ਰਾਹ ਦੇ ਰਹੀਆਂ ਭ੍ਰਿਸ਼ਟ ਪ੍ਰਥਾਵਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਣਗੇ। ਮਨੀਸ਼ ਸਿਸੋਦੀਆ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਲਾਘਾ ਕੀਤੀ।

