Water Shortage: ਜਲ ਸੰਕਟ: ਨਵਾਂ ਗਰਾਉਂ ਵਾਸੀ ਕੌਂਸਲ ਦਫ਼ਤਰ ਅੱਗੇ ਡਟੇ
ਨਗਰ ਕੌਂਸਲ ਨਵਾਂ ਗਰਾਉਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਜੂਝਣਾ ਪੈ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਸੰਘਰਸ਼ ਕਰ ਰਹੇ ਕੌਂਸਲਰ ਰਵੀ ਬਿਸ਼ਟ ਨੇ ਦੱਸਿਆ ਕਿ ਅੱਜ ਉੁਨ੍ਹਾਂ ਸਾਥੀਆਂ ਸਣੇ ਕੌਂਸਲ ਦਫ਼ਤਰ ਅੱਗੇ ਇਕੱਤਰ ਹੋਣ...
ਨਗਰ ਕੌਂਸਲ ਨਵਾਂ ਗਰਾਉਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਜੂਝਣਾ ਪੈ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਸੰਘਰਸ਼ ਕਰ ਰਹੇ ਕੌਂਸਲਰ ਰਵੀ ਬਿਸ਼ਟ ਨੇ ਦੱਸਿਆ ਕਿ ਅੱਜ ਉੁਨ੍ਹਾਂ ਸਾਥੀਆਂ ਸਣੇ ਕੌਂਸਲ ਦਫ਼ਤਰ ਅੱਗੇ ਇਕੱਤਰ ਹੋਣ ਤੋਂ ਬਾਅਦ ਦਸ ਵਜੇ ਮੁੱਖ ਮੰਤਰੀ ਦੀ ਚੰਡੀਗੜ੍ਹ ਵਾਲੀ ਕੋਠੀ ਦਾ ਘਿਰਾਓ ਕਰਨ ਜਾਣਾ ਸੀ। ਪੁਲੀਸ ਨੇ ਉਨ੍ਹਾਂ ਨੂੰ ਅੱਜ ਸਵੇਰੇ ਸੱਤ ਵਜੇ ਹੀ ਘਰੋਂ ਹਿਰਾਸਤ ’ਚ ਲੈ ਲਿਆ। ਇਸ ਬਾਰੇ ਪਤਾ ਲੱਗਣ ’ਤੇ ਵੱਡੀ ਗਿਣਤੀ ਲੋਕ ਕੌਂਸਲ ਦਫ਼ਤਰ ਨਵਾਂ ਗਰਾਉਂ ਵਿੱਚ ਇਕੱਠੇ ਹੋ ਗਏ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਪੁਲੀਸ ਨੇ ਕਰੀਬ ਚਾਰ ਘੰਟਿਆਂ ਮਗਰੋਂ ਉਨ੍ਹਾਂ ਨੂੰ ਕੌਂਸਲ ਦਫ਼ਤਰ ਵਿੱਚ ਛੱਡ ਦਿੱਤਾ।
ਧਰਨਾਕਾਰੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨਵਾਂ ਗਰਾਉਂ ਵਿੱਚ ਟਿਊਬਵੈੱਲਾਂ ਨਾਲ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਇਸ ਲਈ ਕਜੌਲੀ ਤੋਂ ਸਿੱਧੀ ਪਾਈਪਲਾਈਨ ਪਾ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇ। ਲੋਕਾਂ ਨੇ ਕਿਹਾ ਕਿ ਇੱਥੇ ਕਈ-ਕਈ ਦਿਨ ਪਾਣੀ ਨਹੀਂ ਆਉਂਦਾ। ਸਥਾਨਕ ਕੌਂਸਲ ਦਫ਼ਤਰ ਵਿੱਚ ਲੋਕਾਂ ਦੀ ਪਾਣੀ ਸਬੰਧੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਲੋਕਾਂ ਨੂੰ ਆਪਣੇ ਖ਼ਰਚੇ ਉੱਤੇ ਪਾਣੀ ਦੇ ਟੈਂਕਰ ਮੰਗਵਾਉਣੇ ਪੈਂਦੇ ਹਨ। ਜਲ ਸਪਲਾਈ ਵਿਭਾਗ ਦੀ ਟੀਮ ਨੇ ਕੌਂਸਲਰ ਰਵੀ ਬਿਸ਼ਟ ਸਣੇ ਰਾਜੂ ਆਦਿ ਨੂੰ ਲਿਖਤੀ ਭਰੋਸਾ ਦਿੱਤਾ ਕਿ ਫ਼ਿਲਹਾਲ ਟਿਊਬਵੈੱਲਾਂ ਜਾਂ ਟੈਂਕਰਾਂ ਨਾਲ ਜਲ ਸਪਲਾਈ ਕੀਤੀ ਜਾਵੇਗੀ। ਕਜੌਲੀ ਤੋਂ ਪਾਈਪਲਾਈਨ ਦਾ ਕੰਮ ਵਿਚਾਰ ਅਧੀਨ ਹੈ।
ਦੂਜੇ ਪਾਸੇ, ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਜੇ ਕੁਮਾਰ ਜਿੰਦਲ ਨੇ ਕਿਹਾ ਕਿ ਪਾਣੀ ਦੀ ਕਿੱਲਤ ਦੀ ਸਮੱਸਿਆ ਦੇ ਹੱਲ ਕਰਨ ਲਈ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਕੋਠੀ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।

