Water Shortage: ਨਵਾਂ ਗਰਾਉਂ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ
ਨਗਰ ਕੌਂਸਲ ਨਵਾਂ ਗਰਾਉਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਕਈ ਲੋਕਾਂ ਵੱਲੋਂ ਆਪਣੇ ਖ਼ਰਚੇ ਉੱਤੇ ਪਾਣੀ ਦੇ ਟੈਂਕਰ ਮੰਗਵਾ ਕੇ ਗੁਜ਼ਾਰਾ ਕੀਤਾ ਜਾ ਰਿਹਾ ਹੈ। ਵਾਰਡ ਨੰਬਰ 14 ਤੋਂ ਭਾਜਪਾ ਕੌਂਸਲਰ ਭੁਪਿੰਦਰ...
ਨਗਰ ਕੌਂਸਲ ਨਵਾਂ ਗਰਾਉਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਕਈ ਲੋਕਾਂ ਵੱਲੋਂ ਆਪਣੇ ਖ਼ਰਚੇ ਉੱਤੇ ਪਾਣੀ ਦੇ ਟੈਂਕਰ ਮੰਗਵਾ ਕੇ ਗੁਜ਼ਾਰਾ ਕੀਤਾ ਜਾ ਰਿਹਾ ਹੈ। ਵਾਰਡ ਨੰਬਰ 14 ਤੋਂ ਭਾਜਪਾ ਕੌਂਸਲਰ ਭੁਪਿੰਦਰ ਭੂਪੀ ਨੇ ਅੱਜ ਸਾਥੀਆਂ ਸਣੇ ਕੌਂਸਲ ਦਫਤਰ ਅੱਗੇ ਜਲ ਸਪਲਾਈ ਦੀਆਂ ਦਿੱਕਤਾਂ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਨਵਾਂ ਗਰਾਉਂ ਵਿੱਚ ਟਿਊਬਵੈੱਲਾਂ ਨਾਲ ਲੋਕਾਂ ਨੂੰ ਢੁੱਕਵੀਂ ਮਾਤਰਾ ਵਿੱਚ ਜਲ ਸਪਲਾਈ ਨਹੀਂ ਹੁੰਦੀ। ਇਸ ਲਈ ਕਜੌਲੀ ਤੋਂ ਸਿੱਧੀ ਜਲ ਸਪਲਾਈ ਲਾਈਨ ਪਾਈ ਜਾਵੇ। ਅਮਰਜੀਤ ਸਿੰਘ, ਸੁਰਜੀਤ ਰਾਏ, ਪ੍ਰਮੋਦ ਕੁਮਾਰ, ਨੈਬ ਚੌਧਰੀ, ਗੁਰਵਿੰਦਰ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਹਰ ਸਾਲ ਗਰਮੀ ਦੇ ਦਿਨਾਂ ਵਿੱਚ ਸਰਕਾਰੀ ਟਿਊਬਵੈੱਲਾਂ ਤੋਂ ਪਾਣੀ ਦੀ ਸਪਲਾਈ ਸਬੰਧੀ ਦਿੱਕਤਾਂ ਆਉਂਦੀਆਂ ਹਨ। ਇੱਥੇ ਕਈ-ਕਈ ਦਿਨ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਘਰੇਲੂ ਲੋੜਾਂ ਪੂਰੀਆਂ ਕਰਨ ਲਈ ਲੋਕਾਂ ਨੂੰ ਹਜ਼ਾਰ ਰੁਪਏ ਤੋਂ ਲੈ ਕੇ ਦੋ ਹਜ਼ਾਰ ਰੁਪਏ ਤੱਕ ਖ਼ਰਚ ਕੇ ਪਾਣੀ ਦੇ ਟੈਂਕਰ ਮੰਗਵਾਉਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਨਵਾਂ ਗਰਾਉਂ ਇਲਾਕੇ ਵਿੱਚ ਦਰਜਨ ਦੇ ਕਰੀਬ ਸਰਕਾਰੀ ਟਿਊਬਵੈੱਲ ਲੱਗੇ ਹੋਏ ਹਨ ਪਰ ਇਨ੍ਹਾਂ ਤੋਂ ਪਾਣੀ ਛੱਡਣ ਦਾ ਵੀ ਕੋਈ ਪੱਕਾ ਸਮਾਂ ਨਿਸ਼ਚਿਤ ਨਹੀਂ ਹੈ।
ਦੂਜੇ ਪਾਸੇ, ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਜੇ ਕੁਮਾਰ ਜਿੰਦਲ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਦਾ ਹੱਲ ਜਲਦੀ ਹੀ ਕੱਢਿਆ ਜਾ ਰਿਹਾ ਹੈ।

