ਨਗਰ ਕੌਂਸਲ ਬਨੂੜ ਦੇ ਦਫ਼ਤਰ ਨੂੰ ਜਾਂਦੀ ਸੜਕ ’ਤੇ ਸੀਵਰੇਜ ਦੀ ਲਾਈਨ ਬੰਦ ਹੋਣ ਕਾਰਨ ਦੂਸ਼ਿਤ ਪਾਣੀ ਭਰ ਗਿਆ ਹੈ, ਜਿਸ ਕਾਰਨ ਦੁਕਾਨਦਾਰ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਸੜਕ ’ਤੇ ਘੁੰਮ ਰਿਹਾ ਹੈ। ਦੂਸ਼ਿਤ ਪਾਣੀ ਵਿੱਚੋਂ ਆਉਂਦੀ ਬਦਬੂ ਕਾਰਨ ਉਨ੍ਹਾਂ ਨੂੰ ਦੁਕਾਨਾਂ ਵਿੱਚ ਬੈਠਣਾ ਵੀ ਮੁਸ਼ਕਲ ਹੋਇਆ ਪਿਆ ਹੈ।
ਦੁਕਾਨਾਂ ਵਿੱਚ ਗਾਹਕ ਆਉਣੇ ਵੀ ਬੰਦ ਹੋ ਗਏ ਹਨ। ਉਹ ਇਸ ਬਾਰੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹੋਰਨਾਂ ਕਈ ਖੇਤਰਾਂ ਵਿੱਚ ਵੀ ਸੀਵਰੇਜ ਲਾਇਨਾਂ ਬੰਦ ਹੋਣ ਕਾਰਨ ਦੂਸ਼ਿਤ ਪਾਣੀ ਓਵਰਫ਼ਲੋਅ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇ ਬਰਸਾਤ ਤੋਂ ਪਹਿਲਾਂ ਹੀ ਇਹ ਹਾਲ ਹੋ ਗਿਆ ਹੈ, ਫ਼ਿਰ ਬਰਸਾਤਾਂ ਵਿਚ ਹੋਰ ਵੀ ਵੱਧ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਉਨ੍ਹਾਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੋਂ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਤੁਰੰਤ ਸੀਵਰੇਜ ਲਾਈਨਾਂ ਦੀ ਸਫ਼ਾਈ ਕਰਵਾ ਕੇ ਪਾਣੀ ਦੀ ਨਿਕਾਸੀ ਕਰਾਉਣ ਦੀ ਮੰਗ ਕੀਤੀ ਹੈ।
ਐੱਸ ਟੀ ਪੀ ਦਾ ਪੰਪ ਖ਼ਰਾਬ ਹੋਣ ਕਾਰਨ ਦਿੱਕਤ ਆਈ: ਐੱਸ ਡੀ ਓ
ਸੀਵਰੇਜ ਬੋਰਡ ਦੇ ਬਨੂੜ ਦੇ ਐੱਸ ਡੀ ਓ ਲਵਕੇਸ਼ ਕੁਮਾਰ ਨੇ ਦੱਸਿਆ ਕਿ ਸੀਵਰੇਜ ਟਰੀਟਮੈਂਟ ਪਲਾਂਟ ਦਾ ਪੰਪ ਦੇ ਖਰਾਬ ਹੋ ਜਾਣ ਕਾਰਨ ਇਹ ਸਮਸਿਆ ਆਈ ਹੈ। ਉਨ੍ਹਾਂ ਦੱਸਿਆ ਕਿ ਪਲਾਂਟ ਵਿਖੇ ਪੰਪ ਨੂੰ ਠੀਕ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

