ਵੜਿੰਗ ਵੱਲੋਂ ਬਲਾਕ ਪੱਧਰੀ ਮੀਟਿੰਗ ਸ਼ਲਾਘਾਯੋਗ ਕਦਮ: ਕੰਗ
ਪੱਤਰ ਪ੍ਰੇਰਕ
ਕੁਰਾਲੀ, 25 ਜੂਨ
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਲਕਾ ਖਰੜ ਦੀਆਂ ਬਲਾਕ ਕਾਂਗਰਸ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ ਦੀ ਸ਼ਲਾਘਾ ਕੀਤੀ ਹੈ। ਸ੍ਰੀ ਕੰਗ ਨੇ ਕਿਹਾ ਕਿ ਇਸ ਮੀਟਿੰਗ ਨਾਲ ਹਲਕੇ ਦੀ ਅਸਲ ਸਥਿਤੀ ਪਾਰਟੀ ਹਾਈਕਮਾਂਡ ਤੱਕ ਪੁੱਜ ਸਕੇਗੀ ਅਤੇ ਪਾਰਟੀ ਅਹੁਦੇਦਾਰਾਂ ਨੂੰ ਪਾਰਟੀ ਦੀਆਂ ਨੀਤੀਆਂ ਸਬੰਧੀ ਸੇਧ ਮਿਲ ਸਕੇਗੀ। ਸ੍ਰੀ ਕੰਗ ਨੇ ਕਿਹਾ ਕਿ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਤੇ ਹਲਕਾ ਕੋਆਰਡੀਨੇਟਰ ਨੇ ਪਾਰਟੀ ਦੇ ਹੇਠਲੇ ਪੱਧਰ ਤੇ ਹਰ ਅਹੁਦੇਦਾਰ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ। ਸ੍ਰੀ ਕੰਗ ਨੇ ਕਿਹਾ ਕਿ ਪਾਰਟੀ ਨੂੰ ਅਗਲੀਆਂ ਚੁਣੌਤੀਆਂ ਤੇ ਚੋਣਾਂ ਲਈ ਤਿਆਰ ਕਰਨ ਲਈ ਇਹ ਮੀਟਿੰਗਾਂ ਰਾਮ ਬਾਣ ਸਾਬਤ ਹੋਣਗੀਆਂ। ਇਸੇ ਦੌਰਾਨ ਸ੍ਰੀ ਕੰਗ ਨੇ ਕਿਹਾ ਕਿ ਰਾਜਾ ਵੜਿੰਗ ਵੱਲੋਂ ਕੀਤੀ ਇਹ ਮੀਟਿੰਗ ਉਨ੍ਹਾਂ ਦੀ ਉਸਾਰੂ ਸੋਚ ਅਤੇ ਤਜਰਬੇ ਵਿੱਚੋਂ ਉਪਜੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਧਰਤੀ ਨਾਲ ਜੁੜੇ ਹੋਏ ਲੀਡਰ ਹਨ ਜਿਨ੍ਹਾਂ ਨੇ ਬਲਾਕ ਪੱਧਰ ਦੇ ਅਹੁਦੇਦਾਰਾਂ ਨੂੰ ਮਾਣ ਦਿੱਤਾ ਹੈ।
ਕੰਗ ਨੇ ਕਿਹਾ ਕਿ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਜੋੜੀ ਕਾਂਗਰਸ ਨੂੰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ ਜਿਸਦੇ ਸਾਰਥਕ ਸਿੱਟੇ ਨਿਕਲਣਗੇ।