ਚੰਡੀਗੜ੍ਹ ਦੇ ਸੈਕਟਰ 39 ’ਚ ਨਵੀਂ ਮੰਡੀ ਵਾਲੀ ਜਗ੍ਹਾ ਦਾ ਦੌਰਾ
ਸਕੱਤਰ ਨੇ ਸਾਈਟ ਦੇ ਬੁਨਿਆਦੀ ਢਾਂਚੇ ਦੀ ਸਮੀਖਿਅਾ ਕੀਤੀ; ਮੰਡੀ ਜਲਦੀ ਚਾਲੂ ਕਰਨ ਦੇ ਨਿਰਦੇਸ਼ ਦਿੱਤੇ
ਚੰਡੀਗੜ੍ਹ ਸਟੇਟ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਸਕੱਤਰ ਮਨਸੂਰ ਮੁਹੰਮਦ ਨੇ ਸੈਕਟਰ 39 ਸਥਿਤ ਨਵੀਂ ਮੰਡੀ ਸਾਈਟ ਦਾ ਦੌਰਾ ਕਰਕੇ ਉੱਥੇ ਉਪਲਬਧ ਬੁਨਿਆਦੀ ਢਾਂਚੇ ਦੀ ਸਮੀਖਿਆ ਕੀਤੀ ਅਤੇ ਨਵੀਂ ਮੰਡੀ ਨੂੰ ਜਲਦੀ ਸੰਚਾਲਿਤ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ।
ਸਕੱਤਰ ਮਨਸੂਰ ਮੁਹੰਮਦ ਨੇ ਬੋਰਡ ਦੇ ਤਕਨੀਕੀ ਸਟਾਫ਼ ਨਾਲ ਗੱਲਬਾਤ ਕਰਕੇ ਵਰਤਮਾਨ ਸਥਿਤੀ ਅਤੇ ਜ਼ਰੂਰਤਾਂ ਦੀ ਜਾਣਕਾਰੀ ਲਈ। ਫਲ ਅਤੇ ਸਬਜ਼ੀ ਮੰਡੀ ਦੇ ਤਹਿਤ ਐੱਸ ਸੀ ਓ ਸਾਈਟਾਂ ਅਤੇ ਨਾਲ ਹੀ ਮੰਡੀ ਦੇ ਦੂਜੇ ਪੜਾਅ ਦੇ ਰੂਪ ਵਿੱਚ ਵਿਕਸਿਤ ਹੋ ਰਹੇ ਅਨਾਜ ਮੰਡੀ ਖੇਤਰ ਦਾ ਵੀ ਨਿਰੀਖਣ ਕੀਤਾ ਗਿਆ।
ਸਕੱਤਰ ਨੇ ਮੌਜੂਦਾ ਸ਼ੈੱਡਾਂ ਦੀ ਪੇਂਟਿੰਗ ਕਰਵਾਉਣ ਅਤੇ ਈ-ਨਿਲਾਮੀ ਪ੍ਰਕਿਰਿਆ ਦੇ ਤਹਿਤ ਆਉਣ ਵਾਲੇ ਫਲ ਅਤੇ ਸਬਜ਼ੀ ਮੰਡੀ ਦੇ ਐੱਸ ਸੀ ਓ ਸਾਈਟਾਂ ਨੂੰ ਪੱਧਰਾ ਕਰਨ ਦੇ ਨਿਰਦੇਸ਼ ਦਿੱਤੇ। ਕੂੜਾ ਸੁੱਟਣ ਅਤੇ ਕਬਜ਼ੇ ਨੂੰ ਰੋਕਣ ਲਈ ਸਾਈਟ ਦੇ ਸੰਵੇਦਨਸ਼ੀਲ ਅਤੇ ਅਸਾਨੀ ਨਾਲ ਪਹੁੰਚਯੋਗ ਸਥਾਨਾਂ ‘ਤੇ ਚੇਨ-ਲਿੰਕ ਫੈਂਸਿੰਗ ਲਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਚਾਰਦੀਵਾਰੀ ਦੇ ਨੁਕਸਾਨੇ ਗਏ ਹਿੱਸਿਆਂ ਦੇ ਪੁਨਰ-ਨਿਰਮਾਣ ਅਤੇ ਅਨਾਜ ਨਿਲਾਮੀ ਸ਼ੈੱਡ ਖੇਤਰ ਤੋਂ ਝਾੜੀਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ, ਤਾਂ ਕਿ ਮੰਡੀ ਦੇ ਦਾਇਰੇ ਦੀ ਸਵੱਛਤਾ ਅਤੇ ਉਪਯੋਗਤਾ ਯਕੀਨੀ ਬਣਾਈ ਜਾ ਸਕੇ।
ਸਾਈਟ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਕੱਤਰ ਨੇ ਨਵੀਂ ਮੰਡੀ ਵਾਲੇ ਸਥਾਨ ’ਤੇ ਮੰਡੀ ਬੋਰਡ ਦਾ ਅਸਥਾਈ ਦਫ਼ਤਰ ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ, ਤਾਂ ਕਿ ਕਾਰਜਾਂ ਦਾ ਤਾਲਮੇਲ ਅਤੇ ਨਿਗਰਾਨੀ ਸੁਖਾਲੀ ਹੋ ਸਕੇ।

