ਸਰਬਜੀਤ ਸਿੰਘ ਭੱਟੀ
ਲਾਲੜੂ, 25 ਅਗਸਤ
ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦੇ ਹੋਏ ਜਿਥੇ ਪ੍ਰਸ਼ਾਸਨ ਵਲੋਂ ਸਰਕਾਰ ਦੇ ਹੁਕਮਾਂ ਦੀ ਸ਼ਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਸ਼ਾਮੀ 6.30 ਵਜੇ ਮਾਰਕੀਟਾਂ ਬੰਦ ਕਰਵਾਈਆ ਜਾ ਰਹੀਆਂ ਹਨ ਪਰ ਇਸ ਦੇ ਉਲਟ ਸ਼ਰਾਬ ਦੇ ਠੇਕੇ ਸਰਕਾਰ ਦੀਆਂ ਹਦਾਇਤਾਂ ਦੀ ਸ਼ਰ੍ਹੇਆਮ ਉਲੰਘਣਾ ਕਰਕੇ ਦੇਰ ਸ਼ਾਮ ਤੱਕ ਖੁੱਲ੍ਹੇ ਰਹਿੰਦੇ ਹਨ। ਚੋਰ ਮੋਰੀਆਂ ਰਾਹੀਂ 10 ਵਜੇ ਤੱਕ ਵੀ ਸ਼ਰਾਬ ਵੇਚੀ ਜਾ ਰਹੀ ਹੈ। ਇਸ ਤੋਂ ਇਲਾਵਾ ਠੇਕਿਆਂ ਦੇ ਨਾਲ ਖੁੱਲ੍ਹੇ ਅਹਾਤਿਆਂ ਵਿੱਚ ਵੀ ਭੀੜ ਵੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲਾਲੜੂ ਜ਼ੋਨ ਨੰਬਰ 1 ਦੇ ਠੇਕਿਆਂ ਅੰਦਰ ਬੈਠੇ ਕਰਿੰਦੇ ਦੇਰ ਰਾਤ ਤੱਕ ਸ਼ਰਾਬ ਵੇਚ ਰਹੇ ਹਨ। ਇਸ ਤੋਂ ਇਲਾਵਾ ਕੁੱਝ ਠੇਕੇ ਮਨਜ਼ੂਰਸ਼ੁਦਾ ਹਨ ਅਤੇ ਕੁੱਝ ਬਿਨਾਂ ਕਿਸੇ ਮਨਜ਼ੂਰੀ ਤੋਂ ਚੱਲ ਰਹੇ ਹਨ। ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।