ਦਿੱਲੀ ਧਮਾਕੇ ਤੋਂ ਬਾਅਦ ਚੰਡੀਗੜ੍ਹ ’ਚ ਚੌਕਸੀ ਵਧਾਈ
ਕੌਮੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲੇ ਨੇੜੇ ਬੰਬ ਧਮਾਕੇ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰੈੱਡ ਅਲਰਟ ਦੇ ਚੱਲਦਿਆਂ ਪੁਲੀਸ ਨੇ ਟ੍ਰਾਈਸਿਟੀ ਵਿੱਚ ਚੌਕਸੀ ਵਧਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦੀਆਂ ਹੱਦਾਂ ’ਤੇ ਨਾਕਾਬੰਦੀ ਕਰ ਕੇ ਪੁਲੀਸ ਵੱਲੋਂ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਗਈ। ਇਸ ਦੇ ਨਾਲ ਹੀ ਪੁਲੀਸ ਨੇ ਸ਼ਹਿਰ ਵਿੱਚ ਸਥਿਤ ਬੱਸ ਅੱਡਿਆਂ, ਰੇਲਵੇ ਸਟੇਸ਼ਨ ਅਤੇ ਹੋਰ ਭੀੜ ਵਾਲੀਆਂ ਇਲਾਕੇ ਵਿੱਚ ਚੈਕਿੰਗ ਕੀਤੀ। ਚੰਡੀਗੜ੍ਹ ਅਤੇ ਮੁਹਾਲੀ ਵਿੱਚ ਪੁਲੀਸ ਲੰਘੀ ਰਾਤ ਤੋਂ ਹੀ ਵਧੇਰੇ ਚੌਕਸ ਵਿਖਾਈ ਦਿੱਤੀ ਅਤੇ ਅੱਜ ਸਾਰਾ ਦਿਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਗਈ। ਚੰਡੀਗੜ੍ਹ ਪੁਲੀਸ ਨੇ ਰੈੱਡ ਅਲਰਟ ਦੇ ਚੱਲਦਿਆਂ ਰੇਲਵੇ ਸਟੇਸ਼ਨ, ਸੈਕਟਰ-43 ਤੇ 17 ਸਥਿਤ ਬੱਸ ਅੱਡੇ ਅਤੇ ਹੋਰ ਭੀੜ ਵਾਲੀਆਂ ਥਾਵਾਂ ’ਤੇ ਚੈਕਿੰਗ ਕੀਤੀ। ਇਸ ਦੌਰਾਨ ਪੁਲੀਸ ਦੇ ਨਾਲ ਬੰਬ ਨਕਾਰਾ ਕਰਨ ਵਾਲਾ ਦਸਤਾ ਅਤੇ ਡੌਗ ਸੁਕਾਇਡ ਦੀਆਂ ਟੀਮਾਂ ਵੀ ਮੌਜੂਦ ਸਨ। ਪੁਲੀਸ ਨੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਮੌਜੂਦ ਲੋਕਾਂ ਦੇ ਸਾਮਾਨ ਦੀ ਤਲਾਸ਼ੀ ਲਈ ਅਤੇ ਸ਼ੱਕੀ ਵਿਅਕਤੀਆਂ ਦੀ ਵੀ ਜਾਂਚ ਕੀਤੀ ਗਈ ਹੈ। ਇਸੇ ਤਰ੍ਹਾਂ ਪੰਚਕੂਲਾ ਵਿੱਚ ਵੀ ਪੁਲੀਸ ਮੁਸਤੈਦ ਰਹੀ।
ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੈੱਡ ਅਲਰਟ ਦੇ ਚੱਲਦਿਆਂ ਸ਼ਹਿਰ ਵਿੱਚ ਚੌਕਸੀ ਵਧਾਈ ਗਈ ਹੈ। ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਮੁੱਖ ਸੜਕਾਂ ’ਤੇ ਚੌਕਸੀ ਵਧਾ ਦਿੱਤੀ ਹੈ ਤਾਂ ਜੋ ਅਣਸੁਖਾਵੀਂ ਘਟਨਾ ਰੋਕੀ ਜਾ ਸਕੇ। ਇਸ ਦੇ ਨਾਲ ਹੀ ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਬਾਹਰੀ ਗੱਡੀਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 24 ਘੰਟੇ ਸ਼ਹਿਰ ਵਿੱਚ ਚੌਕਸੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੀ ਐੱਸ ਐੱਸ ਪੀ ਕੰਵਰਦੀਪ ਕੌਰ ਵੱਲੋਂ ਸ਼ਹਿਰ ਵਿੱਚ ਪੁਲੀਸ ਨਾਕਿਆਂ ਦੀ ਚੈਕਿੰਗ ਕੀਤੀ ਗਈ। ਚੰਡੀਗੜ੍ਹ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦੇਵੇ ਤਾਂ ਉਸ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ।
