
ਨਗਰ ਕੌਸਲ ਦੀ ਮੀਟਿੰਗ ਵਿੱਚ ਮੰਗਾਂ ਸਬੰਧੀ ਪ੍ਰਧਾਨ ਨਾਲ ਬਹਿਸਦੇ ਹੋਏ ਲੋਕ।
ਸ਼ਸ਼ੀ ਪਾਲ ਜੈਨ
ਖਰੜ 26 ਮਈ
ਸਥਾਨਕ ਨਗਰ ਕੌਸਲ ਦੀ ਮੀਟਿੰਗ ਅੱਜ ਪ੍ਰਧਾਨ ਜਸਪ੍ਰੀਤ ਕੌਰ ਲੋਗੀਆਂ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਜਿੱਥੇ ਮੈਂਬਰਾਂ ਨੇ ਜਬਰਦਸਤ ਬਹਿਸ ਕੀਤੀ, ਉਥੇ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਨੇ ਆਪਣੀਆਂ ਮੰਗਾਂ ਸਬੰਧੀ ਹੰਗਾਮਾ ਕੀਤਾ। ਮੀਟਿੰਗ ਮਗਰੋਂ ਪੱਤਰਕਾਰਾਂ ਨੇ ਵੀ ਕਾਰਜਸਾਧਕ ਅਫ਼ਸਰ ਦੀ ਕਥਿਤ ਟਿੱਪਣੀ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਮੀਟਿੰਗ ਦਾ ਬਾਈਕਾਟ ਕੀਤਾ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ 11.30 ਵਜੇ ਸੱਦੀ ਗਈ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਰਡ ਨੰਬਰ 12 ਦੇ ਓਮ ਇਨਕਲੇਵ ਅਤੇ ਮਾਡਲ ਟਾਊਨ ਦੇ ਵਾਸੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਅਤੇ ਦੂਜੇ ਪਾਸੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ।
ਇਹ ਪ੍ਰਦਰਸ਼ਨ ਲਗਭਗ ਦੋ ਤੋਂ ਢਾਈ ਘੰਟੇ ਤੱਕ ਚੱਲਿਆ ਅਤੇ ਮਾਮਲੇ ਨੂੰ ਸ਼ਾਂਤ ਕਰਨ ਲਈ ਪੁਲੀਸ ਨੂੰ ਬੁਲਾਇਆ ਗਿਆ ਅਤੇ ਮੀਟਿੰਗ ਮੁਲਤਵੀ ਕਰ ਦਿੱਤੀ ਗਈ।
ਇਸ ਉਪਰੰਤ ਬਾਅਦ ਦੁਪਹਿਰ ਤਿੰਨ ਵਜੇ ਮੁੜ ਮੀਟਿੰਗ ਸੱਦੀ ਗਈ। ਇਸ ਦੌਰਾਨ ਕਰਮਚਾਰੀਆਂ ਨਾਲ ਸਬੰਧਤ ਏਜੰਡੇ ਪਾਸ ਕੀਤੇ ਗਏ। ਮੀਟਿੰਗ ਵਿੱਚ ਨਾਲਿਆਂ ਦੀ ਸਫ਼ਾਈ ਅਤੇ ਖਰੜ ਵਿੱਚ ਬਿਜਲੀ ਗਰਿੱਡ ਬਣਾਉਣ ਲਈ ਥਾਂ ਦੀ ਅਲਾਟਮੈਂਟ ਦਾ ਮਤਾ ਪਾਸ ਕੀਤਾ ਗਿਆ। ਇਸੇ ਦੌਰਾਨ ਵਾਰਡ ਨੰਬਰ 14 ਦੇ ਮੈਂਬਰ ਸੋਹਣ ਸਿੰਘ ਨੇ ਫਰਸ਼ ’ਤੇ ਧਰਨਾ ਲਾਉਂਦਿਆਂ ਦੋਸ਼ ਲਾਇਆ ਕਿ ਕੌਂਸਲ ਪ੍ਰਧਾਨ ਉਨ੍ਹਾਂ ਦੇ ਕੰਮ ਨਹੀਂ ਕਰਦੀ, ਜਿਸ ਨੂੰ ਲੈ ਕੇ ਮੈਂਬਰਾਂ ਵਿਚਾਲੇ ਕਾਫ਼ੀ ਬਹਿਸਬਾਜ਼ੀ ਹੋਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ