ਜਨਤਕ ਵਿਵਸਥਾ ਬਣਾਈ ਰੱਖਣ ਅਤੇ ਰੁਕਾਵਟ ਰਹਿਤ ਜਨਤਕ ਥਾਵਾਂ ਨੂੰ ਆਮ ਲੋਕਾਂ ਦੀ ਵਰਤੋਂ ਲਈ ਯਕੀਨੀ ਬਣਾਉਣ ਵਾਸਤੇ ਸਖ਼ਤ ਕਾਰਵਾਈ ਕਰਦਿਆਂ ਨਗਰ ਨਿਗਮ ਚੰਡੀਗੜ੍ਹ ਨੇ ਅੱਜ ਸੈਕਟਰ 17 ਦੇ ਬੈਂਕ ਸਕੁਏਅਰ ਤੋਂ ਛੇ ਅਜਿਹੀਆਂ ਕਾਰਾਂ ਜ਼ਬਤ ਕੀਤੀਆਂ, ਜਿਹੜੀਆਂ ਕਿ ਵਰਤੋਂ ਵਿੱਚ ਨਹੀਂ ਸਨ, ਪਰ ਪਾਰਕਿੰਗ ਵਿੱਚ ਥਾਂ ਘੇਰੀ ਹੋਈ ਸੀ। ਇਹ ਕਾਰਾਂ ਇੰਡੀਅਨ ਬੈਂਕ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ।
ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਬਾਜ਼ਾਰਾਂ ਅਤੇ ਜਨਤਕ ਖੇਤਰਾਂ ਨੂੰ ਕਬਜ਼ੇ ਅਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਰੱਖਣ ਲਈ ਲਗਾਤਾਰ ਯਤਨਾਂ ਦੇ ਹਿੱਸੇ ਵਜੋਂ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈ ਏ ਐੱਸ ਦੇ ਨਿਰਦੇਸ਼ਾਂ ਹੇਠ ਇਹ ਕਾਰਵਾਈ ਕੀਤੀ ਗਈ।
ਵਾਹਨਾਂ ਨੂੰ ਜ਼ਬਤ ਕਰਨ ਤੋਂ ਇਲਾਵਾ ਨਿਗਮ ਦੀ ਐਨਫੋਰਸਮੈਂਟ ਟੀਮ ਨੇ ਜਨਤਕ ਥਾਂ ’ਤੇ ਅਣ-ਅਧਿਕਾਰਤ ਕਬਜ਼ਿਆਂ ਲਈ ਉਕਤ ਬੈਂਕ ਵਿਰੁੱਧ ਚਲਾਨ ਵੀ ਜਾਰੀ ਕੀਤਾ। ਨਿਗਮ ਕਮਿਸ਼ਨਰ ਨੇ ਕਿਹਾ ਕਿ ਜਨਤਕ ਥਾਵਾਂ ਨੂੰ ਕਾਰਜਸ਼ੀਲ ਅਤੇ ਸੁਰੱਖਿਅਤ ਰੱਖਣ ਲਈ ਕਿਸੇ ਨੂੰ ਵੀ ਜਨਤਕ ਥਾਵਾਂ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੀ ਕਿਸੇ ਵੀ ਸੰਸਥਾ ਜਾਂ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਸੈਕਟਰ 17 ਦੇ ਦੁਕਾਨਦਾਰਾਂ ਅਤੇ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੇ ਨਿਗਮ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ, ਜਿਸਨੇ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰਾਂ ਵਿੱਚੋਂ ਇੱਕ ਵਿੱਚ ਕੀਮਤੀ ਪਾਰਕਿੰਗ ਜਗ੍ਹਾ ਨੂੰ ਸਾਫ਼ ਕਰਨ ਵਿੱਚ ਮੱਦਦ ਕੀਤੀ ਹੈ।

