ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜਨਵਰੀ
ਨਵੇਂ ਟੈਂਡਰ ਹੋਣ ਤੱਕ ਸ਼ਹਿਰ ਦੀਆਂ 89 ਪੇਡ ਪਾਰਕਿੰਗਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਹੁਣ ਨਗਰ ਨਿਗਮ ਸੰਭਾਲੇਗੀ। ਨਿਗਮ ਸਦਨ ਦੀ ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਸ਼ਹਿਰ ਦੀ ਜ਼ੋਨ-2 ਦੀਆਂ 57 ਪਾਰਕਿੰਗਾਂ ਨੂੰ ਜ਼ੋਨ-1 ਦੀ ਕੰਪਨੀ ਨੂੰ ਸੌਂਪਣ ਦੀ ਤਜਵੀਜ਼ ਸਬੰਧੀ ਪੇਸ਼ ਕੀਤੇ ਗਏ ਖਰੜੇ ਨੂੰ ਸਮੂਹ ਕੌਂਸਲਰਾਂ ਦੇ ਵਿਰੋਧ ਅਤੇ ਇਤਰਾਜ਼ ਮਗਰੋਂ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਮੰਗਲਵਾਰ ਨੂੰ ਖਤਮ ਹੋਣ ਜਾ ਰਹੇ ਜ਼ੋਨ-1 ਦੇ ਠੇਕੇ ਨੂੰ ਵੀ ਹੋਰ ਅੱਗੇ ਨਾ ਵਧਾਉਣ ਦਾ ਸਰਬਸੰਮਤੀ ਨਾਲ ਫੈਸਲਾ ਹੋਇਆ। ਨਵੇਂ ਟੈਂਡਰ ਅਲਾਟ ਹੋਣ ਤੱਕ ਇਨ੍ਹਾਂ ਦੋਵੇਂ ਜ਼ੋਨਾਂ ਦੀਆਂ ਕੁੱਲ 89 ਪਾਰਕਿੰਗ ਦੇ ਸੰਚਾਲਨ ਦਾ ਜ਼ਿੰਮਾ ਨਗਰ ਨਿਗਮ ਸੰਭਾਲੇਗੀ। ਜ਼ਿਕਰਯੋਗ ਹੈ ਕਿ ਜ਼ੋਨ-1 ਕੰਪਨੀ ਦਾ ਠੇਕਾ 31 ਜਨਵਰੀ ਨੂੰ ਖਤਮ ਹੋਣ ਜਾ ਰਿਹਾ ਹੈ ਅਤੇ ਜ਼ੋਨ-2 ਦਾ ਠੇਕਾ 23 ਜਨਵਰੀ ਨੂੰ ਹੀ ਖਤਮ ਹੋ ਗਿਆ ਸੀ। ਜ਼ੋਨ 2 ਦੇ ਸੰਚਾਲਨ ਕੰਪਨੀ ‘ਤੇ ਨਗਰ ਨਿਗਮ ਦੀ ਲਗਪਗ 7 ਕਰੋੜ ਰੁਪਏ ਦੀ ਦੇਣਦਾਰੀ ਹੈ। ਕੰਪਨੀ ਤੋਂ ਦੇਣਦਾਰੀ ਵਸੂਲਣ ਲਈ ਵੀ ਨਿਗਮ ਹਾਊਸ ਵਿੱਚ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਗੁਰਬਖਸ਼ ਰਾਵਤ ਤੋਂ ਲੈ ਕੇ ਭਾਜਪਾ ਕੌਂਸਲਰ ਸੌਰਭ ਜੋਸ਼ੀ, ਕੰਵਰਜੀਤ ਸਿੰਘ, ‘ਆਪ’ ਦੇ ਦਮਨਪ੍ਰੀਤ ਸਿੰਘ ਬਾਦਲ ਤੇ ਪ੍ਰੇਮ ਲਤਾ ਨੇ ਪੇਡ ਪਾਰਕਿੰਗਾਂ ਵਿੱਚ ਸਹੂਲਤਾਂ ਸਬੰਧੀ ਕਈ ਸਵਾਲ ਚੁੱਕੇ। ਕੌਂਸਲਰਾਂ ਨੇ ਕਿਹਾ ਕਿ ਪਾਰਕਿੰਗ ਸਬੰਧੀ ਪੇਸ਼ ਖਰੜੇ ਨਾਲ ਠੇਕੇ ਦੀਆਂ ਸ਼ਰਤਾਂ ਅਤੇ ਨਿਯਮਾਂ ਨੂੰ ਲੈ ਕੇ ਦਸਤਾਵੇਜ਼ ਵੀ ਨੱਥੀ ਨਹੀਂ ਕੀਤੇ ਗਏ। ਕੌਂਸਲਰਾਂ ਨੇ ਸੁਝਾਅ ਦਿੱਤਾ ਗਿਆ ਕਿ ਭਵਿੱਖ ਦੇ ਟੈਂਡਰਾਂ ਵਿੱਚ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਜਾਵੇ ਅਤੇ ਪਾਰਕਿੰਗ ਫੀਸ ਵਿੱਚ ਕੋਈ ਵਾਧਾ ਨਾ ਕੀਤਾ ਜਾਵੇ।
ਨਿਗਮ ਕਮਿਸ਼ਨਰ ਆਨਿੰਦਿਤਾ ਮਿਤਰਾ ਨੇ ਕਿਹਾ ਪੇਡ ਪਾਰਕਿੰਗ ਨੂੰ ਲੈ ਕੇ ਜੇਕਰ ਕੋਈ ਨਿਗਮ ਅਧਿਕਾਰ ਦੋਸ਼ੀ ਹੈ ਤਾਂ ਨਿਗਮ ਕੌਂਸਲਰ ਉਸ ਸਬੰਧਤ ਅਧਿਕਾਰੀ ਦਾ ਨਾਂ ਨਸ਼ਰ ਕਰਨ। ਉਨ੍ਹਾਂ ਕਿਹਾ ਕਿ ਜ਼ੋਨ-2 ਦੀ ਕੰਪਨੀ ਤੋਂ ਵਸੂਲੀ ਲਈ ਬੈਂਕ ਗਾਰੰਟੀ ਜ਼ਬਤ ਕਰ ਲਈ ਜਾਵੇਗੀ। ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਨਿਗਮ ਨਾਲ ਜੁੜੀਆਂ ਕੰਪਨੀਆਂ ਦੀ ਅਣਗਹਿਲੀ ਬਾਰੇ ਨਿਗਮ ਹਾਊਸ ‘ਚ ਚਰਚਾ ਕੀਤੀ ਜਾਵੇਗੀ। ਹਾਊਸ ਤੈਅ ਕਰੇਗਾ ਕਿ ਸਬੰਧਤ ਕੰਪਨੀ ਖਿਲਾਫ ਕੀ ਕਾਰਵਾਈ ਕਰਨੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਮੀਟਿੰਗ ਦੌਰਾਨ ਮੇਅਰ ਨੂੰ ਖਰੜਿਆਂ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਦੇ ਖਰੜਿਆਂ ਨੂੰ ਸਿਫ਼ਰ ਇੱਕ ਇੱਕ ਪੇਜ ਵਿੱਚ ਪੇਸ਼ ਕੀਤਾ ਗਿਆ, ਜੋ ਸਮਝ ਤੋਂ ਪਰੇ ਹੈ। ਇਸੇ ਤਰ੍ਹਾਂ ਕਾਂਗਰਸ ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਅਤੇ ਭਾਜਪਾ ਦੇ ਕੌਂਸਲਰਨ ਸੌਰਭ ਜੋਸ਼ੀ ਨੇ ਵੀ ਇਤਰਾਜ਼ ਦਰਜ ਕਰਵਾਇਆ। ਇਸ ਕਾਰਨ ਸਪਲੀਮੈਂਟਰੀ ਖਰੜਿਆਂ ਵਿੱਚ ਪੇਸ਼ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਮਤਿਆਂ ਨੂੰ ਅਗਲੀ ਮੀਟਿੰਗ ਲਈ ਮੁਅੱਤਲ ਕਰ ਦਿੱਤਾ ਗਿਆ। ਕੌਂਸਲਰਾਂ ਦੇ ਇਤਰਾਜ਼ ਅਤੇ ਮੰਗ ਨੂੰ ਲੈਕੇ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਅੱਗੇ ਤੋਂ ਖਰੜਿਆਂ ਵਿੱਚ ਕਾਰਜਾਂ ਦੀ ਪੂਰੀ ਜਾਣਕਾਰੀ ਦੇਣ ਲਈ ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
ਇਸ ਦੌਰਾਨ ਹਾਊਸ ਮੀਟਿੰਗ ਵਿੱਚ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਪੰਜ ਮੈਂਬਰਾਂ ਲਈ ਕੌਂਸਲਰਾਂ ਦੀ ਚੋਣ ਕੀਤੀ ਗਈ। ਕਮੇਟੀ ਦੇ ਮੈਂਬਰਾਂ ਲਈ ਕਾਂਗਰਸ ਵੱਲੋਂ ਗੁਰਪ੍ਰੀਤ ਸਿੰਘ ਗਾਬੀ, ਭਾਜਪਾ ਵੱਲੋਂ ਹਰਪ੍ਰੀਤ ਕੌਰ ਬਬਲਾ ‘ਤੇ ਦਲੀਪ ਕੁਮਾਰ ਸ਼ਰਮਾ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਨੇਹਾ ਮੁਸਾਵਤ ਤੇ ਪ੍ਰੇਮ ਲਤਾ ਨੂੰ ਨਾਮਜ਼ਦ ਕੀਤਾ ਗਿਆ।
ਪ੍ਰਸ਼ਾਸਕ ਨੇ ਕੌਂਸਲਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਦਿੱਤੀ ਸਲਾਹ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਸ਼ਹਿਰ ਦੇ ਨਵੇਂ ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਦੀ ਇਸ ਸਾਲ ਦੀ ਪਹਿਲੀ ਹਾਊਸ ਮੀਟਿੰਗ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਭਾਸ਼ਨ ਦੌਰਾਨ ਨਗਰ ਨਿਗਮ ਦੇ ਸਾਰੇ 35 ਕੌਂਸਲਰਾਂ ਨੂੰ ਮਿਲ ਕੇ ਕੰਮ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨਿਗਮ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਨਤਾ ਦਰਬਾਰ ਲਗਾਉਣ ਲਈ ਵੀ ਕਿਹਾ। ਉਨ੍ਹਾਂ ਨਿਗਮ ਕੌਂਸਲਰਾਂ ਨੂੰ ਨਸੀਹਤ ਦਿੱਤੀ ਕਿ ਚੋਣਾਂ ਤੋਂ ਪਹਿਲਾਂ ਪਾਰਟੀਬਾਜ਼ੀ ਹੁੰਦੀ ਹੈ, ਪਰ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਦਿੱਲੀ ਵਿੱਤ ਕਮਿਸ਼ਨ ਲਾਗੂ ਕਰਨ ਸਮੇਤ ਪ੍ਰਸ਼ਾਸਨ ਨੂੰ ਹੋਣ ਵਾਲੀ ਮਾਲੀਆ ਕਮਾਈ ਦਾ ਹਿੱਸਾ ਵੀ ਨਗਰ ਨਿਗਮ ਨੂੰ ਦੇਣ ਦੀ ਮੰਗ ਕੀਤੀ। ਪ੍ਰਸ਼ਾਸਨ ਨੇ ਮੇਅਰ ਵੱਲੋਂ ਕੀਤੀਆਂ ਮੰਗਾਂ ਨੂੰ ਲੈ ਕੇ ਆਪਣੇ ਭਾਸਣ ਵਿੱਚ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਗ੍ਰਹਿ ਮੰਤਰਾਲੇ ਕੋਲ ਉਠਾਇਆ ਜਾਵੇਗਾ। ਪ੍ਰਸ਼ਾਸਨ ਨੇ ਆਪਣੇ ਭਾਸ਼ਨ ਦੇ ਅਖੀਰ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ।