ਬੇਮੌਸਮੇ ਮੀਂਹ ਨੇ ਚੰਡੀਗੜ੍ਹੀਆਂ ਦੀ ਬੱਸ ਕਰਵਾਈ

ਬਾਅਦ ਦੁਪਹਿਰ ਧੁੱਪ ਨਿਕਲਣ ਨਾਲ ਮਿਲੀ ਰਾਹਤ; ਅਗਲੇ ਦਿਨਾਂ ’ਚ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ

ਬੇਮੌਸਮੇ ਮੀਂਹ ਨੇ ਚੰਡੀਗੜ੍ਹੀਆਂ ਦੀ ਬੱਸ ਕਰਵਾਈ

ਚੰਡੀਗੜ੍ਹ ਵਿਚ ਸੋਮਵਾਰ ਨੂੰ ਇਕ ਸੜਕ ’ਤੇ ਜਮ੍ਹਾਂ ਹੋਏ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ

ਚੰਡੀਗੜ੍ਹ, 24 ਜਨਵਰੀ

ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਬਾਅਦ ਅੱਜ ਵੀ ਸ਼ਹਿਰ ਵਿਚ ਦੁਪਹਿਰ ਤੱਕ ਪਏ ਮੀਂਹ ਨੇ ਚੰਡੀਗੜ੍ਹੀਆਂ ਦੀ ਬੱਸ ਕਰਵਾ ਦਿੱਤੀ। ਉਪਰੰਤ ਬਾਅਦ ਦੁਪਹਿਰ ਨਿਕਲੀ ਧੁੱਪ ਨਾਲ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ। ਚੰਡੀਗੜ੍ਹ ਦੇ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਚ ਹੋਈ ਤਾਜ਼ਾ ਬਰਫ਼ਬਾਰੀ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ, ਜਿਸ ਨਾਲ ਸ਼ਹਿਰ ਦਾ ਤਾਪਮਾਨ ਆਮ ਨਾਲੋਂ 6 ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਅਗਾਮੀ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉੱਥੇ ਹੀ ਅਗਲੇ ਹਫ਼ਤੇ ਹੱਡ ਚੀਰਵੀਆਂ ਠੰਢੀਆਂ ਹਵਾਵਾਂ ਚੱਲਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਬਾਅਦ ਦੁਪਹਿਰ ਨਿਕਲੀ ਧੁੱਪ ਦਾ ਲੋਕ ਆਨੰਦ ਮਾਣਦੇ ਦੇਖੇ ਗੲੇ। ਇਸ ਦੌਰਾਨ ਲੋਕ ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਧੁੱਪ ਸੇਕਦੇ ਦੇਖੇ ਗੲੇ। ਮੀਂਹ ਰੁਕਣ ਤੋਂ ਬਾਅਦ ਹੀ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਜਨਵਰੀ ਮਹੀਨੇ ਦੇ ਸ਼ੁਰੂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ’ਚ 39.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਸਾਲ ਜਨਵਰੀ ਮਹੀਨੇ ਵਿਚ 203.9 ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿਚ ਐਨਾ ਮੀਂਹ ਕਦੇ ਨਹੀਂ ਪਿਆ। ਸਾਲ 2017 ’ਚ ਸ਼ਹਿਰ ਵਿਚ 145.4 ਮਿਲੀਮੀਟਰ ਅਤੇ ਉਸ ਤੋਂ ਪਹਿਲਾਂ ਸਾਲ 1983 ’ਚ 166.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 6 ਡਿਗਰੀ ਘੱਟ ਸੀ, ਜਦੋਂ ਕਿ ਘੱਟੋ-ਘੱਟ ਤਾਪਮਾਨ 10.7 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਵੱਧ ਹੈ।

ਪੰਚਕੂਲਾ ਵਿੱਚ ਅੱਜ ਵੀ ਪਿਆ ਭਰਵਾਂ ਮੀਂਹ

ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਦੇ ਸ਼ਹਿਰੀ ਖੇਤਰ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਅੱਜ ਵੀ ਭਰਵੀਂ ਬਾਰਿਸ਼ ਹੋਈ, ਜਿਸ ਕਾਰਨ ਅੱਜ ਵੀ ਜਨ-ਜੀਵਨ ਪ੍ਰਭਾਵਿਤ ਰਿਹਾ। ਇਸ ਦੌਰਾਨ ਜਿੱਥੇ ਰੇਹੜੀ-ਫੜ੍ਹੀ ਵਾਲਿਆਂ ਦਾ ਕੰਮ ਠੱਪ ਰਿਹਾ ਉੱਥੇ ਹੀ ਗਲੀ-ਮੁਹੱਲੇ ਅਤੇ ਸੈਕਟਰਾਂ ਵਿੱਚ ਸਬਜ਼ੀਆਂ ਵੇਚਣ ਵਾਲੇ ਵੀ ਨਹੀਂ ਆਏ। ਪੰਚਕੂਲਾ ਵਿੱਚ ਅੱਜ ਮੌਸਮ ਵਿਭਾਗ ਵੱਲੋਂ 45.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਲੰਘੀ ਰਾਤ ਸ਼ਹਿਰ ਦਾ ਤਾਪਤਾਨ 8 ਡਿਗਰੀ ਹੇਠਾਂ ਚਲਾ ਗਿਆ। ਉੱਧਰ, ਬਾਰਿਸ਼ ਕਾਰਨ ਬਰਵਾਲਾ ਇਲਾਕੇ ਦੇ ਕਿਸਾਨਾਂ ਦੀਆਂ ਆਲੂ, ਕਣਕ, ਮਟਰ ਅਤੇ ਸਰ੍ਹੋਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ। ਵੱਖ-ਵੱਖ ਸੈਕਟਰਾਂ, ਖ਼ਾਸ ਕਰ ਕੇ ਸੈਕਟਰ-19 ਹਾਊਸਿੰਗ ਬੋਰਡ ਦੇ ਮਕਾਨਾਂ ਦੇ ਸੀਵਰੇਜ ਓਵਰਫਲੋਅ ਹੋ ਗਏ ਅਤੇ ਲੋਕਾਂ ਵਿੱਚ ਅੰਤੜੀ ਰੋਗ ਫੈਲਣ ਦਾ ਡਰ ਹੈ। ਮੌਸਮ ਵਿਭਾਗ ਅਨੁਸਾਰ ਬੀਤੇ 12 ਦਿਨਾਂ ਵਿਚ ਸਿਰਫ਼ ਇੱਕ ਦਿਨ ਹੀ ਧੁੱਪ ਨਿਕਲੀ ਸੀ। ਮੌਸਮ ਵਿਭਾਗ ਅਨੁਸਾਰ ਅਜੇ ਇੱਕ ਦਿਨ ਹੋਰ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਬਰਸਾਤ ਦਾ ਸਭ ਤੋਂ ਵੱਧ ਅਸਰ ਪਹਾੜੀ ਇਲਾਕੇ ਮੋਰਨੀ ਵਿੱਚ ਪਿਆ ਹੈ, ਜਿੱਥੇ ਬਰਸਾਤ ਕਾਰਨ ਕਈ ਦਿਨਾਂ ਤੋਂ ਸੈਲਾਨੀ ਨਹੀਂ ਜਾ ਰਹੇ ਅਤੇ ਟਿੱਕਰ ਤਾਲ ਦੇ ਐਡਵੈਂਚਰ ਖੇਡਾਂ ਵਾਲੇ ਮੈਦਾਨ ਵਿੱਚ ਵੀ ਸੁੰਨ ਪਸਰੀ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All