ਚੰਡੀਗੜ੍ਹ ਟ੍ਰਾਈਸਿਟੀ ਵਿੱਚ ਪਿਛਲੇ 48 ਘੰਟਿਆਂ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਕਿਸੇ ਲਈ ਰਾਹਤ ਤੇ ਕਿਸੇ ਲਈ ਆਫਤ ਬਣ ਗਿਆ ਹੈ। ਇਸ ਵਰ੍ਹੇ ਮਾਰਚ ਮਹੀਨੇ ਵਿੱਚ ਪੈਣ ਵਾਲੀ ਅਤਿ ਦੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ ਪਰ ਅਪਰੈਲ ਦੇ ਪਹਿਲੇ ਹਫ਼ਤੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਮੁੜ ਤੋਂ ਕੰਬਣੀ ਛੇੜ ਦਿੱਤੀ ਹੈ। ਦਿਨ ਸਮੇਂ ਲੋਕ ਮੁੜ ਤੋਂ ਗਰਮ ਕਪੜਿਆਂ ਦੀ ਵਰਤੋਂ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ ਬੇਮਸੌਮੀ ਮੀਂਹ ਕਿਸਾਨਾਂ ਲਈ ਆਫ਼ਤ ਬਣ ਕੇ ਵਰ੍ਹ ਰਿਹਾ ਹੈ। ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਖੇਤਾਂ ਵਿੱਚ ਵਿਛ ਗਈਆਂ ਹਨ, ਜਿਸ ਕਰਕੇ ਫ਼ਸਲ ਦੇ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਲੰਘੀ ਸਾਰੀ ਰਾਤ ਲਗਾਤਾਰ ਮੀਂਹ ਪੈਣ ਕਰਕੇ ਅੱਜ ਦਿਨ ਸਮੇਂ ਦੇ ਤਾਪਮਾਨ ਵਿੱਚ ਆਮ ਨਾਲੋਂ 8.8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੇ 24 ਘੰਟੇ ਦੌਰਾਨ 38.3 ਐੱਮ ਐੱਮ ਮੀਂਹ ਪਿਆ। ਮੀਂਹ ਤੋਂ ਬਾਅਦ ਅੱਜ ਦਿਨ ਸਮੇਂ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਦਰਜ ਕੀਤਾ। ਇਹ ਵੀ ਆਮ ਨਾਲੋਂ 5.3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ।
ਸਿਟੀ ਬਿਊਟੀਫੁੱਲ ਵਿੱਚ ਮੌਸਮ ਖੁਸ਼ਗਵਾਰ ਹੋਣ ਨਾਲ ਵੱਡੀ ਗਿਣਤੀ ਸੈਲਾਨੀ ਪਹੁੰਚੇ, ਜਿਸ ਕਰਕੇ ਸੁਖਨਾ ਝੀਲ ਤੇ ਰੌਕ ਗਾਰਡਨ ’ਤੇ ਸਾਰਾ ਦਿਨ ਲੋਕਾਂ ਦੀ ਭੀੜ ਲੱਗੀ ਰਹੀ ਹੈ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ। ਇਸ ਦੌਰਾਨ ਦਿਨ ਸਮੇਂ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ।

