ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ‘ਕੌਮੀ ਬੇਰੁਜ਼ਗਾਰੀ ਦਿਵਸ’ ਵਜੋਂ ਮਨਾਇਆ। ਇਸ ਮੌਕੇ ਯੂਥ ਕਾਂਗਰਸੀਆਂ ਨੇ ਸਿਹਰੇ ਬੰਨ੍ਹ ਕੇ ‘ਬੇਰੁਜ਼ਗਾਰੀ ਯਾਤਰਾ’ ਕੱਢੀ ਹੈ। ਇਹ ਯਾਤਰਾ ਸੁਖਨਾ ਝੀਲ ਤੋਂ ਸ਼ੁਰੂ ਹੁੰਦੇ ਹੋਏ ਕਿਸ਼ਨਗੜ੍ਹ ਵਿੱਚ ਕੱਢੀ ਗਈ ਹੈ। ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਤੋਂ ਭਾਜਪਾ ਆਈ ਹੈ, ਉਸ ਦਿਨ ਤੋਂ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ’ਚ ਸਭ ਤੋਂ ਵੱਧ ਨੌਜਵਾਨ ਭਾਰਤ ਵਿੱਚ ਹਨ ਪਰ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 40 ਸਾਲਾਂ ਦਾ ਰਿਕਾਰਡ ਤੋੜ ਚੁੱਕੀ ਹੈ।
ਯੂਥ ਕਾਂਗਰਸ ਦੇ ਪ੍ਰਭਾਰੀ ਸਤਿਆਵਾਨ ਗਹਿਲੋਤ ਨੇ ਕਿਹਾ ਕਿ ਅੱਜ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਕਰਕੇ ਨੌਜਵਾਨ ਵਰਗ ਨਿਰਾਸ਼ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਜੋ ਕਿ ਨੌਜਵਾਨਾਂ ਨੂੰ ਨਹੀਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਕੋਈ ਚਿੰਤਾ ਨਹੀਂ ਹੈ ਬਲਕਿ ਉਹ ਆਪਣੇ ਪੂੰਜੀਪਤੀ ਦੋਸਤਾਂ ਦੀਆਂ ਜੇਬ੍ਹਾਂ ਭਰਨ ਲੱਗੀ ਹੋਈ ਹੈ।
ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ ਵੱਧਦੀ ਜਾ ਰਹੀ ਹੈ, ਪਰ ਕੇਂਦਰ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸਿਲੰਡਰ 400 ਰੁਪਏ ਵਿੱਚ ਮਿਲਦਾ ਸੀ, ਜਦੋਂ ਕਿ ਅੱਜ ਉਸ ਦੀ ਕੀਮਤ ਦੁਗਣੀ ਹੋ ਚੁਕੀ ਹੈ। ਯੂਥ ਕਾਂਗਰਸੀਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਘਰ-ਘਰ ਜਾਵੇਗੀ।