ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ/ਪੰਚਕੂਲਾ, 14 ਜੁਲਾਈ
ਸ਼ਹਿਰ ਵਿੱਚ ਅੱਜ ਕਰੋਨਾ ਪੀੜਤ ਦੋ ਮਰੀਜ਼ਾਂ ਦੀ ਮੌਤ ਹੋ ਗਈ। ਦੋਵੇਂ ਮਰੀਜ਼ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਸਨ। ਮਿ੍ਤਕਾਂ ਵਿੱਚ ਪਿੰਡ ਧਨਾਸ ਦਾ 50 ਸਾਲਾ ਵਿਅਕਤੀ ਵੀ ਸ਼ਾਮਲ ਸੀ ਜਿਸ ਨੂੰ 3 ਜੁਲਾਈ ਨੂੰ ਕਰੋਨਾ ਦੀ ਪੁਸ਼ਟੀ ਹੋਈ ਸੀ। ਇਹ ਵਿਅਕਤੀ ਕੈਂਸਰ ਦਾ ਮਰੀਜ਼ ਸੀ ਅਤੇ ਉਸ ਨੂੰ ਕੀਮੋਥੈਰੇਪੀ ਦਿੱਤੀ ਜਾ ਰਹੀ ਸੀ। ਦੂਸਰਾ ਮਰੀਜ਼ ਸੈਕਟਰ 46 ਦੀ ਵਸਨੀਕ 52 ਸਾਲਾ ਔਰਤ ਸੀ ਜਿਸ ਨੂੰ 11 ਜੁਲਾਈ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਊਹ ਸ਼ੱਕਰ ਰੋਗ ਦੀ ਮਰੀਜ਼ ਸੀ। ਦੋਵਾਂ ਦੀ ਅੱਜ ਪੀਜੀਆਈ ਵਿੱਚ ਮੌਤ ਹੋ ਗਈ। ਇਨ੍ਹਾਂ ਮੌਤਾਂ ਉਪਰੰਤ ਮਿ੍ਤਕਾਂ ਦੀ ਗਿਣਤੀ 10 ਹੋ ਗਈ ਹੈ। ਹਾਲ ਦੀ ਘੜੀ ਸ਼ਹਿਰ ਵਿੱਚ 144 ਐਕਟਿਵ ਕੇਸ ਹਨ। ਹੈ। ਯੂ.ਟੀ. ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਅੱਜ ਕਰੋਨਾ ਵਾਇਰਸ ਦੇ 12 ਨਵੇਂ ਕੇਸ ਆਏ ਹਨ। ਇਸੇ ਤਰ੍ਹਾਂ ਪੰਚਕੂਲਾ ਵਿੱਚ ਕਰੋਨਾ ਦੇ ਅੱਜ 10 ਨਵੇਂ ਕੇਸ ਆਏ ਹਨ। ਸੈਕਟਰ 25 ਅਤੇ 26 ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ ਮਿਲਣ ਮਗਰੋਂ ਪ੍ਰਸ਼ਾਸਨ ਨੇ ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।