ਚਿਤਕਾਰਾ ਯੂਨੀਵਰਸਿਟੀ ਵਿੱਚ 25-26 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਿਦਿਆਰਥੀਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਘਟਨਾ ਸਬੰਧੀ ਬਨੂੜ ਪੁਲੀਸ ਨੇ ਸੋਸ਼ਲ ਮੀਡੀਆ ਰਾਹੀਂ ਅਫ਼ਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਿਮਾਂਸ਼ੂ ਵਾਸੀ ਨੰਗਲ ਅਤੇ ਆਰੀਅਨ ਵਾਸੀ ਅੰਬਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਿਮਾਂਸ਼ੂ ਚਿਤਕਾਰਾ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ ਅਤੇ ਅੱਜ-ਕੱਲ੍ਹ ਬੰਗਲੂਰੂ ਵਿੱਚ ਨੌਕਰੀ ਕਰ ਰਿਹਾ ਹੈ। ਆਰੀਅਨ ਚਿਤਕਾਰਾ ਯੂਨੀਵਰਸਿਟੀ ਤੋਂ ਡੇਢ ਸਾਲ ਪਹਿਲਾਂ ਕਿਸੇ ਕਾਰਨ ਹਟ ਗਿਆ ਸੀ ਅਤੇ ਅੱਜ-ਕੱਲ੍ਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਪੜ੍ਹਾਈ ਕਰ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਆਪਸ ਵਿੱਚ ਦੋਸਤ ਹਨ ਅਤੇ ਇਨ੍ਹਾਂ ਨੇ ਯੂਨੀਵਰਸਿਟੀ ਵਿੱਚ ਅਜਿਹੀ ਕਾਰਵਾਈ ਕਰਵਾਉਣ ਲਈ ਉੱਥੇ ਹੋਸਟਲ ਵਿੱਚ ਰਹਿੰਦੇ ਆਪਣੇ ਸੰਪਰਕ ਵਾਲੇ ਸਾਥੀਆਂ ਨੂੰ ਭੜਕਾਊ ਸੰਦੇਸ਼ ਭੇਜੇ ਜਿਸ ਨਾਲ ਉੱਥੇ ਅਜਿਹੀ ਹਿੰਸਾ ਫੈਲ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇੰਨੇ ਜ਼ਿਆਦਾ ਭੜਕ ਗਏ ਸਨ ਕਿ ਕਈ ਥਾਣਿਆਂ ਦੀ ਪੁਲੀਸ ਨੇ ਬੜੀ ਮੁਸ਼ਕਿਲ ਨਾਲ ਕਈਂ ਘੰਟਿਆਂ ਮਗਰੋਂ ਮਾਹੌਲ ਨੂੰ ਸ਼ਾਂਤ ਕੀਤਾ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਗਰੁੱਪਾਂ ਰਾਹੀਂ ਗੁਮਰਾਹਕੁਨ ਸੰਦੇਸ਼ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਇਆ ਅਤੇ ਉਕਸਾਇਆ, ਜਿਸ ਕਾਰਨ ਯੂਨੀਵਰਸਿਟੀ ਕੈਂਪਸ ਵਿੱਚ ਸਥਿਤੀ ਤਣਾਅਪੂਰਨ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਹੋਰ ਜਾਂਚ ਜਾਰੀ ਹੈ ਅਤੇ ਦਸ ਦੇ ਕਰੀਬ ਹੋਰ ਵਿਅਕਤੀ ਨਾਮਜ਼ਦ ਕੀਤੇ ਗਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਦਾ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ।

