ਤਿੰਨ ਨੌਜਵਾਨਾਂ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਵਾਲੇ ਦੋ ਕਾਬੂ

ਤਿੰਨ ਨੌਜਵਾਨਾਂ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਵਾਲੇ ਦੋ ਕਾਬੂ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੁਲੀਸ ਹਿਰਾਸਤ ’ਚ। -ਫੋਟੋ: ਰੂਬਲ

ਹਰਜੀਤ ਸਿੰਘ

ਜ਼ੀਰਕਪੁਰ, 17 ਅਕਤੂਬਰ

ਇੱਥੋਂ ਦੀ ਪਟਿਆਲਾ ਰੋਡ ’ਤੇ ਤਿੰਨ ਨੌਜਵਾਨਾਂ ਵੱਲੋਂ ਸ਼ਿਮਲਾ ਘੁੰਮ ਕੇ ਵਾਪਸ ਆ ਰਹੇ ਤਿੰਨ ਨੌਜਵਾਨਾਂ ਨੂੰ ਅਗਵਾ ਕਰ ਕੇ ਉਨ੍ਹਾਂ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ। ਪਰਿਵਾਰ ਵੱਲੋਂ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਚੌਕਸੀ ਵਰਤਦਿਆਂ ਅਗਵਾ ਕੀਤੇ ਗਏ ਤਿੰਨੋਂ ਨੌਜਵਾਨਾਂ ਨੂੰ ਰਿਹਾਅ ਕਰਵਾ ਲਿਆ ਅਤੇ ਤਿੰਨ ’ਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇਕ ਫ਼ਰਾਰ ਹੋਣ ਵਿੱਚ ਸਫ਼ਰ ਰਿਹਾ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਉਕਤ ਤਿੰਨੋਂ ਨੌਜਵਾਨਾਂ ਨੂੰ ਪੈਸੇ ਦੇ ਲੈਣ- ਦੇਣ ਕਰ ਕੇ ਅਗਵਾ ਕੀਤਾ ਸੀ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਊਨ੍ਹਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਪੁਲ ਜਲੇਕ ਵਾਸੀ ਮਹਿਲੀ, ਕਸੁਮਟੀ ਜ਼ਿਲ੍ਹਾ ਸ਼ਿਮਲਾ ਨੇ ਦੱਸਿਆ ਕਿ 16 ਅਕਤੂਬਰ ਨੂੰ ਸਵੇਰੇ ਕਰੀਬ 11:30 ਵਜੇ ਉਹ ਆਪਣੇ ਦੋਸਤ ਰੰਜੀਤ ਠਾਕੁਰ ਅਤੇ ਸਾਹਿਲ ਵਾਸੀ ਸ਼ਿਮਲਾ ਨਾਲ ਕਾਰ ਵਿੱਚ ਆਪਣੇ ਦੋਸਤ ਮੁਕੂਲ ਨੂੰ ਮਿਲਣ ਆਏ ਸਨ। ਇਸ ਦੌਰਾਨ ਜਦੋਂ ਉਹ ਪਟਿਆਲਾ ਰੋਡ ’ਤੇ ਪਹੁੰਚੇ ਤਾਂ ਊੱਥੇ ਉਨ੍ਹਾਂ ਨੂੰ ਪਹਿਲਾਂ ਤੋਂ ਖੜ੍ਹੇ ਗੁਰਦੀਪ ਸਿੰਘ ਉਰਫ਼ ਦੀਪੀ, ਗੁਰਪ੍ਰੀਤ ਸਿੰਘ ਵਾਸੀਆਨ ਤੰਗਰਾਲਾ, ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਸੰਜੀਵ ਵਾਸੀ ਬਰਵਾਲਾ ਨੇ ਘੇਰ ਕੇ ਅਗਵਾ ਕਰ ਲਿਆ। ਮੁਲਜ਼ਮਾਂ ਵੱਲੋਂ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਤੇ ਕਾਰ ਕਬਜ਼ੇ ਵਿੱਚ ਲੈ ਕੇ ਧੱਕੇ ਨਾਲ ਊਨ੍ਹਾਂ ਨੂੰ ਆਪਣੀ ਪੋਲੋ ਕਾਰ ਵਿੱਚ ਸੁੱਟ ਲਿਆ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਨੂੰ ਛੱਡਣ ਬਦਲੇ ਉਸ ਦੇ ਪਰਿਵਾਰ ਵਾਲਿਆਂ ਤੋਂ ਫਿਰੌਤੀ ਦੀ ਮੰਗ ਕਰਨ ਲੱਗੇ। ਇਸ ਦੌਰਾਨ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜ਼ੀਰਕਪੁਰ ਪੁਲੀਸ ਨਾਲ ਸੰਪਰਕ ਕੀਤਾ ਗਿਆ। ਪਰਿਵਾਰ ਵੱਲੋਂ ਮੁਲਜ਼ਮਾਂ ਨੂੰ ਪੈਸੇ ਦੇਣ ਲਈ ਇੱਥੋਂ ਦੀ ਮੋਤੀਆ ਰਾਇਲ ਸਿਟੀ ਵਿੱਚ ਸੱਦਿਆ ਗਿਆ। ਇੱਥੇ ਪੁਲੀਸ ਪਾਰਟੀ ਨੇ ਪਹਿਲਾਂ ਹੀ ਘੇਰਾਬੰਦੀ ਕੀਤੀ ਹੋਈ ਸੀ ਤੇ ਤਿੰਨੋਂ ਨੌਜਵਾਨਾਂ ਨੂੰ ਲੈ ਕੇ ਆਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂਕਿ ਉਨ੍ਹਾਂ ਦਾ ਇਕ ਸਾਥੀ ਸੰਜੀਵ ਅਜੇ ਫ਼ਰਾਰ ਚੱਲ ਰਿਹਾ ਹੈ। ਮਾਮਲੇ ਦੇ ਪੜਤਾਲੀਆ ਅਫ਼ਸਰ ਏਐੱਸਆਈ ਬੂਟਾ ਸਿੰਘ ਨੇ ਦੱਸਿਆ ਕਿ ਵਿਪੁਲ ਜਲੇਕ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 365, 384, 506 ਅਤੇ 34 ਆਈਪੀਸੀ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All