ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 2 ਅਕਤੂਬਰ
ਇੱਥੇ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਵੱਖ-ਵੱਖ ਵਿੱਦਿਅਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਅਹੁਦੇਦਾਰਾਂ ਵਿਨੇ ਗੋਇਲ, ਸੁਰਿੰਦਰ ਪਾਲ ਸੋਫਤ, ਸੰਜੇ ਢੰਡ, ਬਿਪਨ ਸੇਠੀ, ਕੋਮਲ ਮਾਵੀ ਅਤੇ ਬਲਜੀਤ ਸਿੰਘ ਤੱਗੜ ਨੇ ਆਪਣੇ ਸਕੂਲਾਂ ਵਿੱਚ ਮਨਾਏ ਗਏ ਸਮਾਗਮਾਂ ਦੌਰਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਕੇ ਨਰੋਆ ਸਮਾਜ ਉਸਾਰਨ ਵਿੱਚ ਯੋਗਦਾਨ ਪਾਉਣ। ਐੱਸਡੀਐੱਮ ਹਰਬੰਸ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਉਹ ਮਹਾਤਮਾ ਗਾਂਧੀ ਦੀ ਯਾਦ ਨੂੰ ਸਮਰਪਿਤ ਸਵੱਛਤਾ ਅਭਿਆਨ ਨਾਲ ਜੁੜ ਕੇ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਪ੍ਰਸ਼ਾਸਨ ਦੀ ਮਦਦ ਕਰਨ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਗੁਰੂ ਨਾਨਕ ਖ਼ਾਲਸਾ ਕਾਲਜ ਫਾਰ ਵਿਮੈੱਨ ਦੇ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਯੂਥ ਅਤੇ ਰੈੱਡ ਰਬਿਨ ਕਲੱਬ, ਐੱਨਸੀਸੀ ਅਤੇ ਐੱਨਐੱਸਐੱਸ ਯੂਨਿਟਾਂ ਨੇ ਸਹੁੰ ਚੁੱਕ ਸਮਾਗਮ ਕਰਵਾਇਆ। ਇਸ ਵਿੱਚ ਗਾਂਧੀਵਾਦੀ ਸਿਧਾਂਤਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਨੇ ਨਿਯਮਿਤ ਤੌਰ ’ਤੇ ਖੂਨਦਾਨ ਕਰਨ, ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ, ਮਹਾਤਮਾ ਗਾਂਧੀ ਵੱਲੋਂ ਅਹਿੰਸਾ ਦੇ ਸੰਦੇਸ਼ ਨੂੰ ਅੱਗੇ ਵਧਾਉਣ ਅਤੇ ਪ੍ਰਸਾਰਿਤ ਕਰਨ ਦਾ ਪ੍ਰਣ ਲਿਆ। ਇਹ ਗਤੀਵਿਧੀ ਕਾਲਜ ਦੇ ਐੱਨਸੀਸੀ ਵਿੰਗ ਤੇ ਯੂਥ ਅਤੇ ਰੈੱਡ ਰਬਿਨ ਕਲੱਬ ਦੇ ਕੋਆਰਡੀਨੇਟਰ ਡਾ. ਨਿਧੀ ਸ਼ਰਮਾ ਅਤੇ ਡੇਜ਼ੀ ਵਧਵਾ, ਐੱਨਐੱਸਐੱਸ ਪ੍ਰੋਗਰਾਮ ਅਫਸਰ ਡਾ. ਨੀਤੂ ਪ੍ਰਕਾਸ਼ ਅਤੇ ਆਸ਼ਾ ਦੀ ਅਗਵਾਈ ਹੇਠ ਕਰਵਾਈ ਗਈ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ’ਤੇ ਚੱਲਣਾ ਸਮੇਂ ਦੀ ਲੋੜ ਹੈ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ (ਲੜਕੀਆਂ) ਕਮਾਲਪੁਰਾ ਵਿੱਚ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਵਿਸ਼ਵ ਅਹਿੰਸਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਦੇ ਪੋਸਟਰ, ਕਵਿਤਾ ਅਤੇ ਭਾਸ਼ਣ ਮੁਕਬਾਲੇ ਕਰਵਾਏ ਗਏ। ਜਸ਼ਨਦੀਪ ਕੌਰ, ਅਣਮੋਲਪ੍ਰੀਤ ਕੌਰ, ਸ਼ੈਲਜਾ ਕੁਮਾਰੀ ਅਤੇ ਹਰਲੀਨ ਕੌਰ ਨੇ ਮਹਾਤਮਾ ਗਾਂਧੀ ਦੇ ਵਿਸ਼ਵ ਸ਼ਾਂਤੀ ਅਤੇ ਅਧਿਕਾਰਾਂ ਨੂੰ ਪ੍ਰਗਟਾਉਣ ਦਾ ਸੰਦੇਸ਼ ਦੇਣ ਵਾਲੇ ਪੋਸਟਰ ਬਣਾਏ।
ਇਨ੍ਹਾਂ ਤੋਂ ਇਲਾਵਾ ਕਿਰਨਪ੍ਰੀਤ ਕੌਰ, ਜਸਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਦਿਲਪ੍ਰੀਤ ਕੌਰ, ਮਨਵੀਰ ਕੌਰ, ਸ਼ੈਲਜਾ ਕੁਮਾਰੀ, ਰਮਨਦੀਪ ਕੌਰ ਅਤੇ ਗਗਨਜੋਤ ਕੌਰ ਨੇ ਮਹਾਤਮਾ ਗਾਂਧੀ ਦੇ ਜੀਵਨ ਨਾਲ ਸਬੰਧਤ ਕਵਿਤਾਵਾਂ ਅਤੇ ਭਾਸ਼ਣਾਂ ‘ਚ ਭਾਗ ਲਿਆ। ਮੈਨੇਜਮੈਂਟ ਮੈਂਬਰ ਅਵਤਾਰ ਸਿੰਘ ਚੀਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਭਾਰਤ ਦੀ ਆਜ਼ਾਦੀ ’ਚ ਵੱਡੀ ਭੂਮਿਕਾ ਨਿਭਾਈ ਹੈ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਪ੍ਰਿਅੰਕਾ ਦੁੱਗਲ ਨੇ ਨਿਭਾਈ।
ਵਿਦਿਆਰਥੀ ਨੇ ਜੇਬ ਖਰਚ ’ਚੋਂ ਪੈਸੇ ਬਚਾ ਕੇ ਬਾਪੂ ਪਾਰਕ ਦੀ ਸਜਾਵਟ ਕੀਤੀ
ਮੰਡੀ ਅਹਿਮਦਗੜ੍ਹ: ਇੱਥੋਂ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਅਨਮੋਲ ਨੇ ਆਪਣੇ ਜੇਬ ਖਰਚੇ ਵਿੱਚੋਂ ਪੈਸੇ ਬਚਾ ਕੇ ਗਾਂਧੀ ਜਯੰਤੀ ਮੌਕੇ ਬਾਪੂ ਪਾਰਕ ਤੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਸਜਾ ਕੇ ਨਿਵੇਕਲੀ ਮਿਸਾਲ ਪੈਦਾ ਕੀਤੀ ਹੈ। ਇੱਕ ਦਿਨ ਪਹਿਲਾਂ ਖ਼ਰੀਦ ਕੇ ਰੱਖੇ ਗੁਬਾਰਿਆਂ ਅਤੇ ਰਬਿਨਾਂ ਨਾਲ ਆਪਣੀ ਉਮਰ ਨਾਲੋਂ ਵਧੀਆ ਸਜਾਵਟ ਕਰਨ ਤੋਂ ਇਲਾਵਾ ਅਨਮੋਲ ਨੇ ਆਪਣੇ ਹੱਥ ਨਾਲ ਕਾਰਡ ਬਣਾ ਕੇ ਵੀ ਪਾਰਕ ਦੇ ਮੁੱਖ ਗੇਟ ਉੱਪਰ ਚਿਪਕਾਇਆ ਹੈ। ਸਕੂਲ ਵਿੱਚ ਰਹਿੰਦੇ ਮੁਲਾਜ਼ਮ ਰਾਮ ਸ਼ਕਲ ਨੇ ਦੱਸਿਆ ਕਿ ਅਨਮੋਲ ਨੇ ਪਤਾ ਨਹੀਂ ਕਦੋਂ ਸੈਰ ਕਰਨ ਆਉਣ ਵਾਲੇ ਕਿਸੇ ਸੱਜਣ ਦੀ ਮਦਦ ਨਾਲ ਬਾਪੂ ਪਾਰਕ ਅਤੇ ਗਾਂਧੀ ਦੇ ਬੁੱਤ ਨੂੰ ਗੁਬਾਰਿਆਂ ਆਦਿ ਨਾਲ ਸਜਾ ਦਿੱਤਾ। ਰਾਮ ਸ਼ਕਲ ਨੇ ਮੰਨਿਆ ਕਿ ਕੁੱਝ ਹਫ਼ਤਿਆਂ ਤੋਂ ਅਨਮੋਲ ਆਪਣਾ ਜੇਬ ਖਰਚ ਬਚਾ ਰਿਹਾ ਸੀ ਪਰ ਉਨ੍ਹਾਂ ਨੂੰ ਇਸ ਪਿੱਛੇ ਉਸਦੇ ਮਕਸਦ ਬਾਰੇ ਨਹੀਂ ਪਤਾ ਸੀ। -ਪੱਤਰ ਪ੍ਰੇਰਕ