ਸੂਬੇਦਾਰ ਸੁਰਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ
ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਨਗਲੀਆਂ ਦੇ ਸੂਬੇਦਾਰ ਸੁਰਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰਦੁਆਰੇ ’ਚ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਸ਼ਹੀਦ ਸੂਬੇਦਾਰ ਸੁਰਿੰਦਰ ਸਿੰਘ ਨਗਲੀਆਂ ਨੂੰ...
ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਨਗਲੀਆਂ ਦੇ ਸੂਬੇਦਾਰ ਸੁਰਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰਦੁਆਰੇ ’ਚ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਸ਼ਹੀਦ ਸੂਬੇਦਾਰ ਸੁਰਿੰਦਰ ਸਿੰਘ ਨਗਲੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਸਰਕਾਰ ਅਤੇ ਆਪਣੇ ਵੱਲੋਂ ਪਰਿਵਾਰ ਦੀ ਹਰ ਪੱਖ ਤੋਂ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਮੁੱਖ ਮੰਤਰੀ ਨਾਲ ਮਲਾਕਾਤ ਕਰਕੇ ਸਰਕਾਰ ਵੱਲੋਂ ਸ਼ਹੀਦ ਫੌਜੀਆਂ ਨੂੰ ਦਿੱਤੀ ਜਾਂਦੀ ਮਾਇਕ ਮਦਦ, ਸਹੂਲਤਾਂ ਅਤੇ ਮਾਣ ਸਨਮਾਨ ਦਿਵਾਉਣ ਲਈ ਚਾਰਾਜੋਈ ਕਰਨ ਦਾ ਭਰੋਸਾ ਦਿੱਤਾ। ਭਾਜਪਾ ਦੇ ਸੀਨੀਅਰ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਸ਼ਰਧਾਂਜਲੀ ਦਿੰਦਿਆਂ ਸਰਹੱਦਾਂ ’ਤੇ ਰਾਖੀ ਕਰਨ ਵਾਲੇ ਸੈਨਿਕਾਂ ’ਤੇ ਸ਼ਹੀਦਾਂ ਨੂੰ ਕੌਮ ਦਾ ਸਰਮਾਇਆ ਦੱਸਿਆ।
ਇਸ ਮੌਕੇ ਰਾਣਾ ਗਿੱਲ ਵੱਲੋਂ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਮਦਦ ਵੀ ਦਿੱਤੀ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਸੂਬੇਦਾਰ ਸੁਰਿੰਦਰ ਸਿੰਘ ਦੇ ਪੁੱਤਰ ਨੂੰ ਸ਼੍ਰੋਮਣੀ ਕਮੇਟੀ ਦੇ ਕਿਸੇ ਅਦਾਰੇ ਵਿੱਚ ਗਰੈਜੂਏਸ਼ਨ ਤੱਕ ਮੁਫ਼ਤ ਸਿੱਖਿਆ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਲੋਂ 31 ਹਜ਼ਾਰ ਦੀ ਮਾਲੀ ਮਦਦ ਵੀ ਦਿੱਤੀ। ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਸ਼ਰਧਾਂਜਲੀ ਦਿੰਦਿਆਂ ਪਰਿਵਾਰ ਦੀ ਇੱਕ ਲੱਖ ਰੁਪਏ ਦੀ ਮਦਦ ਵੀ ਕੀਤੀ।
ਇਸ ਦੇ ਨਾਲ ਹੀ ਸਾਹਿਬ ਸਿੰਘ ਬਡਾਲੀ, ਰਵਿੰਦਰ ਸਿੰਘ ਖੇੜਾ, ਬਸਪਾ ਆਗੂ ਰਾਜਿੰਦਰ ਸਿੰਘ ਰਾਜਾ ਨਨਹੇੜੀਆ, ਸੈਨਿਕ ਬੋਰਡ ਦੇ ਡਾਇਰੈਕਟਰ ਕੈਪਟਨ ਦਵਿੰਦਰ ਸਿੰਘ ਢਿੱਲੋਂ, ਪੰਜਾਬ ਯੂਥ ਤੇ ਸਪੋਰਟਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਐੱਸ ਡੀ ਐੱਮ (ਖਰੜ) ਗੁਰਮੀਤ ਸਿੰਘ ਮਾਨ, ਤਹਿਸੀਲਦਾਰ ਹਰਵਿੰਦਰ ਸਿੰਘ ਘੋਲੀਆਂ ਅਤੇ ਡੀ ਐੱਸ ਪੀ ਹਰਕੀਰਤ ਸਿੰਘ ਮੁੱਲਾਂਪੁਰ ਨੇ ਵੀ ਸ਼ਰਧਾਂਜਲੀ ਦਿੱਤੀ। ਸੈਨਿਕ ਭਲਾਈ ਬੋਰਡ ਵੱਲੋਂ ਵੀ ਸ਼ਹੀਦ ਪਰਿਵਾਰ ਨੂੰ ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ।
ਅੰਤ ਵਿੱਚ ਪਰਿਵਾਰ ਵੱਲੋਂ ਸੂਬੇਦਾਰ ਹਰਦੇਵ ਸਿੰਘ ਅਤੇ ਮਾਸਟਰ ਰਵਿੰਦਰ ਸਿੰਘ ਪੱਖੀ ਰਕੌਲੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।

