ਆਤਿਸ਼ ਗੁਪਤਾ
ਚੰਡੀਗੜ੍ਹ, 28 ਅਗਸਤ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅੱਜ ਸਵੇਰ ਸਮੇਂ ਮੌਸਮ ਅਚਾਨਕ ਬਦਲ ਗਿਆ। ਝੱਖੜ ਤੋਂ ਬਾਅਦ ਪਏ ਮੀਂਹ ਨੇ ਲੋਕਾਂ ਲਈ ਦਿਕਤਾਂ ਖੜ੍ਹੀਆਂ ਕਰ ਦਿੱਤੀਆਂ। ਸ਼ਹਿਰ ਵਿੱਚ ਮੀਂਹ ਤੇ ਝੱਖੜ ਕਰ ਕੇ ਕਈ ਥਾਵਾਂ ’ਤੇ ਦਰੱਖਤ ਡਿੱਗ ਗਏ ਅਤੇ ਕਈ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਟੁੱਟ ਕੇ ਸੜਕਾਂ ’ਤੇ ਡਿੱਗ ਗਏ। ਇਸ ਕਾਰਨ ਕਿਸੇ ਕਿਸਮ ਦਾ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਪਰ ਆਵਾਜਾਈ ਪ੍ਰਭਾਵਿਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਧੁੱਪ ਨਿਕਲੀ ਸੀ ਪਰ 9.30 ਵਜੇ ਦੇ ਕਰੀਬ ਅਸਮਾਨ ਇੱਕਦਮ ਕਾਲੇ ਬੱਦਲਾਂ ਨਾਲ ਘਿਰ ਗਿਆ। ਇਸ ਮਗਰੋਂ ਝੱਖੜ ਚੱਲਿਆ ਤੇ ਮੀਂਹ ਵੀ ਪਿਆ। ਇਸ ਦੌਰਾਨ ਚੰਡੀਗੜ੍ਹ ਤੋਂ ਜ਼ੀਰਕਪੁਰ ਰੋਡ ’ਤੇ ਸਥਿਤ ਏਅਰਪੋਰਟ ਚੌਕ ਵਿੱਚ ਦਰੱਖਤ ਡਿੱਗ ਗਿਆ। ਰੌਕ ਗਾਰਡਨ ਤੋਂ ਕੁਝ ਦੂਰੀ ’ਤੇ ਸੜਕ ਵਿਚਕਾਰ ਦਰੱਖਤ ਡਿੱਗ ਗਿਆ। ਇਸ ਤੋਂ ਇਲਾਵਾ ਸੈਕਟਰ-15/16 ਵਾਲੇ ਲਾਈਟ ਪੁਆਇੰਟ, ਸੈਕਟਰ-19/27 ਵਾਲੇ ਚੌਕ ਸਣੇ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਦਰੱਖਤ ਸੜਕਾਂ ਦੇ ਵਿਚਕਾਰ ਡਿੱਗ ਗਏ। ਇਸ ਤੋਂ ਇਲਾਵਾ ਵੀ ਸ਼ਹਿਰ ’ਚ ਕਈ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਟੁੱਟ ਗਏ ਹਨ। ਇਸ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਤੁਰੰਤ ਸ਼ਹਿਰ ਵਿੱਚ ਮੋਰਚਾ ਸਾਂਭਿਆ। ਉਨ੍ਹਾਂ ਨੇ ਦਰੱਖਤਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਤੁਰੰਤ ਮੁੜ ਚਾਲੂ ਕੀਤਾ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ 7 ਐੱਮਐੱਮ ਮੀਂਹ ਪਿਆ ਹੈ। ਇਸ ਮੌਕੇ ਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ ਵੀ 32.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ ਘੱਟ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 25.9 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਸਿਟੀ ਬਿਊਟੀਫੁੱਲ ’ਚ ਅਗਲੇ 4 ਦਨਿ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿੱਚ ਤਬਦੀਲੀ ਕਰ ਕੇ ਸ਼ਹਿਰ ਦੀ ਸੁਖਨਾ ਝੀਲ ’ਤੇ ਘੁੰਮਣ ਵਾਲਿਆਂ ਦੀ ਭੀੜ ਲੱਗ ਗਈ। ਪਰ ਦੁਪਹਿਰ ਸਮੇਂ ਮੁੜ ਧੁੱਪ ਨਿਕਲਣ ਕਰ ਕੇ ਮੌਸਮ ਵਿੱਚ ਹੁੰਮਸ ਹੋ ਗਈ।
ਝੱਖੜ ਕਾਰਨ ਦੋ ਜਣੇ ਜ਼ਖ਼ਮੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਸਵੇਰੇ ਕਰੀਬ 10 ਵਜੇ ਆਏ ਤੂਫ਼ਾਨ ਦੇ ਨਾਲ ਭਾਰੀ ਬਰਸਾਤ ਹੋਈ। ਇਸ ਕਰ ਕੇ ਜ਼ਿਲ੍ਹੇ ਵਿਚ ਕਈ ਥਾਵਾਂ ’ਤੇ ਦਰੱਖਤ ਸੜਕਾਂ ’ਤੇ ਡਿੱਗ ਗਏ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਅੰਬਾਲਾ ਛਾਉਣੀ ਬੱਸ ਅੱਡੇ ਦੇ ਲਾਗੇ ਇੱਕ ਸ਼ੈੱਡ ਸੜਕ ’ਤੇ ਡਿੱਗ ਗਿਆ ਜਿਸ ਨਾਲ ਉੱਥੇ ਖੜ੍ਹਾ ਚਿੜੀ ਮਾਰ ਮੁਹੱਲੇ ਦਾ ਨੌਜਵਾਨ ਅਤੇ ਉਸ ਦਾ ਸਾਥੀ ਬਹਾਦਰ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਕੈਪੀਟਲ ਸਨਿੇਮਾ ਵਾਲੀ ਸੜਕ ’ਤੇ ਇੱਕ ਵੱਡਾ ਰੁੱਖ ਡਿੱਗਣ ਨਾਲ ਆਵਾਜਾਈ ਬੰਦ ਹੋ ਗਈ। ਅੰਬਾਲਾ ਕੈਂਟ-ਪੰਜੋਖਰਾ ਸੜਕ ’ਤੇ ਵੀ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਮਗਰੋਂ ਟਰੈਕਟਰ ਦੀ ਮਦਦ ਨਾਲ ਦਰੱਖਤ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਚਾਲੂ ਕੀਤੀ ਗਈ। ਤੂਫ਼ਾਨ ਇੰਨਾ ਤੇਜ਼ ਸੀ ਕਿ ਕੁਝ ਸਮੇਂ ਲਈ ਹਨੇਰਾ ਛਾ ਗਿਆ ਜਿਸ ਤੋਂ ਬਾਅਦ ਅੰਬਾਲਾ ਵਿੱਚ ਭਰਵਾਂ ਮੀਂਹ ਪਿਆ ਅਤੇ ਕਈ ਥਾਵਾਂ ’ਤੇ ਪਾਣੀ ਭਰ ਗਿਆ।