ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਸਖ਼ਤ ਸੁਰੱਖਿਆ ਪ੍ਰਬੰਧ
ਮੁਹਾਲੀ ਦੇ ਫੇਜ਼ ਨੌਂ ਦੇ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ 4 ਅਤੇ 5 ਨਵੰਬਰ ਨੂੰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਹੋ ਰਹੇ ਫਾਈਨਲ, ਸੈਮੀਫਾਈਨਲ ਅਤੇ ਹੋਰ ਮੁਕਾਬਲਿਆਂ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਖਿਡਾਰੀਆਂ, ਦਰਸ਼ਕਾਂ, ਪਤਵੰਤਿਆਂ ਅਤੇ...
ਮੁਹਾਲੀ ਦੇ ਫੇਜ਼ ਨੌਂ ਦੇ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ 4 ਅਤੇ 5 ਨਵੰਬਰ ਨੂੰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਹੋ ਰਹੇ ਫਾਈਨਲ, ਸੈਮੀਫਾਈਨਲ ਅਤੇ ਹੋਰ ਮੁਕਾਬਲਿਆਂ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਖਿਡਾਰੀਆਂ, ਦਰਸ਼ਕਾਂ, ਪਤਵੰਤਿਆਂ ਅਤੇ ਮੀਡੀਆ ਕਰਮੀਆਂ ਦੀ ਸਹੂਲਤ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ, ਖੇਡ ਨਿਰਦੇਸ਼ਕ ਅਭਿਜੀਤ ਕਪਲਿਸ਼, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸ ਐੱਸ ਪੀ ਵਰੁਣ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਨੇ ਅੱਜ ਸ਼ਾਮੀਂ ਸਟੇਡੀਅਮ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹਾਕੀ ਇੰਡੀਆ ਦੇ ਡਾਇਰੈਕਟਰ ਵਿਕਰਮਪਾਲ ਸਿੰਘ ਅਤੇ ਬੀ ਐੱਨ ਭੂਸ਼ਣ ਵੀ ਮੌਜੂਦ ਸਨ। ਹਾਕੀ ਮੈਚਾਂ ਵਿੱਚ ਦਾਖਲਾ ਮੁਫ਼ਤ ਹੈ ਅਤੇ ਦਰਸ਼ਕ ਅਧਿਕਾਰਤ ਸਮਾਗਮ ਦੇ ਪੋਸਟਰ ’ਤੇ ਦਿੱਤੇ ਕਿਊ ਆਰ ਕੋਡ ਨੂੰ ਸਕੈਨ ਕਰ ਕੇ ਮੁਫ਼ਤ ਡਿਜੀਟਲ ਐਂਟਰੀ ਪਾਸ ਪ੍ਰਾਪਤ ਕਰ ਸਕਦੇ ਹਨ। ਦਰਸ਼ਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਭੀੜ ਤੋਂ ਬਚਣ ਲਈ ਵੱਖੋ-ਵੱਖਰੇ ਗੇਟ ਨਿਰਧਾਰਿਤ ਕੀਤੇ ਗਏ ਹਨ। ਇੱਕ ਨੰਬਰ ਗੇਟ ਖਿਡਾਰੀਆਂ ਅਤੇ ਵਿਸ਼ੇਸ਼ ਮਹਿਮਾਨਾਂ ਲਈ, ਦੋ ਨੰਬਰ ਪੂਰਬੀ, ਉੱਤਰੀ ਅਤੇ ਦੱਖਣੀ ਬਲਾਕਾਂ ਵਿੱਚ ਦਰਸ਼ਕਾਂ ਦੀ ਪੈਦਲ ਐਂਟਰੀ ਲਈ, ਤਿੰਨ ਨੰਬਰ ਗੇਟ ਵੈਧ ਕਾਰ ਪਾਸ ਵਾਲੇ ਮਹਿਮਾਨਾਂ ਲਈ ਅਤੇ ਚਾਰ ਨੰਬਰ ਗੇਟ ਮੀਡੀਆ ਕਰਮੀਆਂ ਲਈ ਨਿਰਧਾਰਿਤ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਮੈਚ ਦੇ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਸਟੇਡੀਅਮ ਦੇ ਗੇਟ ਖੋਲ੍ਹ ਦਿੱਤੇ ਜਾਣਗੇ, ਤਾਂ ਜੋ ਦਰਸ਼ਕਾਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਲਈ ਲੋੜੀਂਦਾ ਸਮਾਂ ਮਿਲ ਸਕੇ। ਉਨ੍ਹਾਂ ਦਰਸ਼ਕਾਂ ਨੂੰ ਨਿਰਧਾਰਤ ਗੇਟਾਂ ਰਾਹੀਂ ਹੀ ਦਾਖਲ ਹੋਣ ਅਤੇ ਸੁਰੱਖਿਆ ਕਰਮੀਆਂ ਤੇ ਪ੍ਰਬੰਧਕੀ ਟੀਮਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਸਟੇਡੀਅਮ ਵਿਖੇ ‘ਸਾਡਾ ਪਿੰਡ’ ਤਿਆਰ ਕੀਤਾ ਗਿਆ ਹੈ, ਜੋ ਸੂਬੇ ਦੀ ਰਵਾਇਤੀ ਪੇਂਡੂ ਜੀਵਨ ਸ਼ੈਲੀ, ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਏਗਾ।
ਇਸ ਤੋਂ ਇਲਾਵਾ 10 ਖਾਣ-ਪੀਣ ਦੇ ਸਟਾਲਾਂ ਵਾਲਾ ਫੂਡ ਕੋਰਟ ਵੀ ਸਥਾਪਤ ਕੀਤਾ ਜਾਵੇਗਾ, ਜਿੱਥੇ ਦਰਸ਼ਕਾਂ ਲਈ ਖਾਣ-ਪੀਣ ਦੀਆਂ ਵੱਖ-ਵੱਖ ਸਹੂਲਤਾਂ ਉਪਲਬਧ ਹੋਣਗੀਆਂ। ਦੋਵੇਂ ਦਿਨ ਗਾਇਕਾਂ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਜਾਵੇਗਾ।

