ਯੂ ਟੀ ਦੇ ਸਿੱਖਿਆ ਵਿਭਾਗ ਨੇ ਅੱਜ ਤਿੰਨ ਲੈਕਚਰਾਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾ ਦਿੱਤਾ ਹੈ। ਇਹ ਤਰੱਕੀ ਡਿਪਾਰਟਮੈਂਟ ਪ੍ਰਮੋਸ਼ਨ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੀਤੀ ਗਈ ਹੈ। ਇਨ੍ਹਾਂ ਤਿੰਨ ਪ੍ਰਿੰਸੀਪਲਾਂ ਵਿਚ ਅਧਿਆਪਕ ਆਗੂ ਸ਼ਿਵੰਦਰ ਸਿੰਘ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-40 ਦੇ ਲੈਕਚਰਾਰ ਸ਼ਿਵੰਦਰ ਸਿੰਘ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-45 ਦਾ ਪ੍ਰਿੰਸੀਪਲ ਤਾਇਨਾਤ ਕੀਤਾ ਗਿਆ ਹੈ, ਜਦਕਿ ਸੈਕਟਰ-10 ਦੇ ਸਕੂਲ ਵਿਚ ਤਾਇਨਾਤ ਗੁਰਮੀਤ ਨੇਗੀ ਨੂੰ ਖੁੱਡਾ ਅਲੀ ਸ਼ੇਰ ਸਕੂਲ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਸੈਕਟਰ-19 ਦੇ ਸਕੂਲ ਵਿਚ ਲੈਕਚਰਾਰ ਸੀਮਾ ਮਲਹੋਤਰਾ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-27 ਦਾ ਪ੍ਰਿੰਸੀਪਲ ਲਾਇਆ ਗਿਆ ਹੈ। ਦੱਸਣਾ ਬਣਦਾ ਹੈ ਕਿ ਸ਼ਿਵੰਦਰ ਸਿੰਘ ਨੇ ਫਰਵਰੀ 1993 ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ 18 ਚੰਡੀਗੜ੍ਹ ਵਿੱਚ ਭੌਤਿਕ ਵਿਗਿਆਨ ਦੇ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਉਹ ਜੁਆਇੰਟ ਐਕਸ਼ਨ ਕਮੇਟੀ ਆਫ ਟੀਚਰਜ਼ ਯੂਟੀ ਚੰਡੀਗੜ੍ਹ ਦੇ ਚੇਅਰਮੈਨ ਹਨ। ਉਨ੍ਹਾਂ ਚੰਡੀਗੜ੍ਹ ਦੇ ਅਧਿਆਪਕਾਂ ਦੇ ਹੱਕਾਂ ਲਈ ਕੰਮ ਕੀਤਾ ਤੇ ਅਧਿਆਪਕਾਂ ਦੇ ਮਸਲੇ ਹੱਲ ਕਰਵਾਏ।
ਹੈਡਮਾਸਟਰਾਂ ਨੂੰ ਨਾ ਮਿਲੀ ਤਰੱਕੀ
ਚੰਡੀਗੜ੍ਹ ਦੇ ਸਕੂਲਾਂ ਵਿੱਚ ਤਾਇਨਾਤ ਹੈੱਡ ਮਾਸਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਸਾਲਾਂ ਤੋਂ ਤਰੱਕੀ ਨਹੀਂ ਦਿੱਤੀ ਜਾ ਰਹੀ ਜਿਸ ਸਬੰਧੀ ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਸਰਕਾਰੀ ਸਕੂਲਾਂ ਵਿਚ ਹੈੱਡ ਮਾਸਟਰਾਂ ਦਾ 1995 ਵਿਚ 45 ਫ਼ੀਸਦ ਅਤੇ ਲੈਕਚਰਾਰਾਂ ਦਾ 55 ਫੀਸਦ ਕੋਟਾ ਸੀ। ਇਸ ਤੋਂ ਬਾਅਦ 2004 ਵਿਚ ਨਿਯਮਾਂ ਵਿਚ ਬਦਲਾਅ ਕੀਤਾ ਗਿਆ, ਜਿਸ ਤੋਂ ਬਾਅਦ ਹੈੱਡ ਮਾਸਟਰਾਂ ਦਾ ਕੋਟਾਂ 45 ਤੋਂ ਘਟਾ ਕੇ 30 ਫ਼ੀਸਦ ਕਰ ਦਿੱਤਾ ਗਿਆ ਤੇ 15 ਫ਼ੀਸਦ ਕੋਟਾ ਵੋਕੇਸ਼ਨਲ ਅਧਿਆਪਕਾਂ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਲੈਕਚਰਾਰਾਂ ਦਾ ਕੋਟਾ 55 ਫ਼ੀਸਦ ਹੀ ਰੱਖਿਆ ਗਿਆ।

