ਸਿਟੀ ਬਿਊਟੀਫੁੱਲ ਵਿੱਚ ਕਰੋਨਾ ਕਾਰਨ ਤਿੰਨ ਮੌਤਾਂ, 240 ਨਵੇਂ ਕੇਸ

ਸਿਟੀ ਬਿਊਟੀਫੁੱਲ ਵਿੱਚ ਕਰੋਨਾ ਕਾਰਨ ਤਿੰਨ ਮੌਤਾਂ, 240 ਨਵੇਂ ਕੇਸ

ਪੱਤਰ ਪ੍ਰੇਰਕ
ਚੰਡੀਗੜ੍ਹ, 21 ਸਤੰਬਰ

ਚੰਡੀਗੜ੍ਹ ਵਿੱਚ ਕਰੋਨਾਵਾਇਰਸ ਕਾਰਨ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 240 ਹੋਰ ਵਿਅਕਤੀਆਂ ਦੀ ਰਿਪੋਰਟਾਂ ਕਰੋਨਾ ਪਾਜ਼ੇਟਿਵ ਆ ਗਈਆਂ ਹਨ। ਜਾਣਕਾਰੀ ਮੁਤਾਬਕ ਪਿੰਡ ਪਲਸੌਰਾ ਦੇ ਵਸਨੀਕ 36 ਸਾਲਾ ਅਤੇ ਸੈਕਟਰ 24 ਨਿਵਾਸੀ 68 ਸਾਲਾ ਵਿਅਕਤੀ ਦੀ ਪੀ.ਜੀ.ਆਈ. ਵਿੱਚ ਮੌਤ ਹੋ ਗਈ ਹੈ। ਸੈਕਟਰ 15 ਨਿਵਾਸੀ 70 ਸਾਲਾ ਬਜ਼ੁਰਗ ਵਿਅਕਤੀ ਦੀ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਮੌਤ ਹੋ ਗਈ ਹੈ। ਇਹ ਤਿੰਨੋਂ ਮਰੀਜ਼ ਹੋਰ ਵੀ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ।

ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਆਏ ਨਵੇਂ ਕਰੋਨਾ ਮਰੀਜ਼ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਅਤੇ ਪਿੰਡਾਂ ਦੇ ਵਸਨੀਕ ਹਨ।  ਉਕਤ ਕੁੱਲ 240 ਵਿਅਕਤੀਆਂ ਨੂੰ ਕਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 10,298 ਹੋ ਗਈ ਹੈ। ਅੱਜ ਡਿਸਚਾਰਜ ਹੋ ਚੁੱਕੇ 273 ਹੋਰ ਮਰੀਜ਼ਾਂ ਸਮੇਤ ਹੁਣ ਤੱਕ 7411 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੁੱਲ 123 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2761 ਹੋ ਗਈ ਹੈ।

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪੇ੍ਰਕ): ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸੋਮਵਾਰ ਨੂੰ ਕਰੋਨਾ ਦੇ 150 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 8512 ’ਤੇ ਪਹੁੰਚ ਗਈ ਹੈ। ਅੱਜ ਦੋ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ ਜ਼ਿਲ੍ਹੇ ’ਚ ਇਹ ਨਾਮੁਰਾਦ ਬਿਮਾਰੀ ਨੇ 163 ਵਿਅਕਤੀਆਂ ਦੀ ਜਾਨ ਲੈ ਚੁੱਕੀ ਹੈ। ਅੱਜ 141 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਫੇਜ਼-10 ਦੀ 82 ਸਾਲਾ ਔਰਤ ਦੀ ਮੌਤ ਹੋ ਗਈ। ਉਹ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਸੀ। ਇਸੇ ਤਰ੍ਹਾਂ ਇੰਡਸ ਹਸਪਤਾਲ ਵਿੱਚ ਜ਼ੇਰੇ ਇਲਾਜ ਡੇਰਾਬੱਸੀ ਦੇ 46 ਸਾਲਾ ਪੁਰਸ਼ ਨੇ ਦਮ ਤੋੜ ਦਿੱਤਾ। ਇਹ ਦੋਵੇਂ ਮਰੀਜ਼ ਪਹਿਲਾਂ ਤੋਂ ਹੀ ਸ਼ੂਗਰ ਅਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਸਨ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 150 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 41 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਸਾਬਕਾ ਕੌਂਸਲਰ ਹਰੀਓਮ ਧੀਮਾਨ ਦੀ ਕਰੋਨਾ ਨਾਲ ਮੌਤ

ਡੇਰਾਬੱਸੀ (ਨਿੱਜੀ ਪੱਤਰ ਪੇ੍ਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਵਾਰ ਕੌਂਸਲਰ ਰਹਿ ਚੁੱਕੇ ਸਾਬਕਾ ਕੌਂਸਲਰ ਹਰੀਓਮ ਧੀਮਾਨ ਦੀ ਅੱਜ ਕਰੋਨਾ ਨਾਲ ਮੌਤ ਹੋ ਗਈ। ਹਰੀਓਮ ਧੀਮਾਨ ਲੰਘੇ ਤਿੰਨ ਹਫ਼ਤੇ ਤੋਂ ਕਰੋਨਾ ਨਾਲ ਜੰਗ ਲੜ ਰਿਹਾ ਸੀ ਜਿਸ ਨੇ ਅੱਜ ਤੜਕੇ ਇਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਲੰਘੇ ਦੋ ਦਿਨ ਤੋਂ ਸਾਬਕਾ ਕੌਂਸਲਰ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ ਜੋ ਦੋ ਦਿਨ ਤੋਂ ਵੈਂਟੀਲੇਟਰ ’ਤੇ ਸੀ। ਹਰੀਓਮ ਧੀਮਾਨ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਕਰੋਨਾ ਨਿਯਮਾਂ ਤਹਿਤ ਅੱਜ ਹਰੀਓਮ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਅੱਜ ਹਲਕਾ ਵਿਧਾਇਕ ਐਨ.ਕੇ. ਸ਼ਰਮਾ, ਸਾਬਕਾ ਯੋਜਨਾ ਬੋਰਡ ਦੇ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੁਕੇਸ਼ ਗਾਂਧੀ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੈਣੀ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਰੰਗੀ ਸਣੇ ਹੋਰਨਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All