DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਸਪੋਰਟ ਦਫ਼ਤਰ ਤੇ ਡਾਕਖ਼ਾਨਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੁਲੀਸ ਨੇ ਚੌਕਸੀ ਵਧਾਈ; ਪਾਸਪੋਰਟ ਦਫ਼ਤਰ ਖਾਲੀ ਕਰਵਾਇਆ; ਚੈਕਿੰਗ ਦੌਰਾਨ ਕੁਝ ਨਹੀਂ ਮਿਲਿਆ

  • fb
  • twitter
  • whatsapp
  • whatsapp
featured-img featured-img
ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਪਾਸਪੋਰਟ ਦਫ਼ਤਰ ਅੱਗੇ ਇਕੱਠੇ ਹੋਏ ਲੋਕ। -ਫੋਟੋ: ਰਵੀ ਕੁਮਾਰ
Advertisement

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੋਲੀ ਤੋਂ ਦੋ ਦਿਨ ਪਹਿਲਾਂ ਪਾਸਪੋਰਟ ਦਫ਼ਤਰ ਅਤੇ ਡਾਕਖ਼ਾਨਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ, ਡੌਗ ਸਕੁਐਡ ਅਤੇ ਬੰਬ ਨਕਾਰਾ ਦਸਤਿਆਂ ਸਮੇਤ ਵੱਖ-ਵੱਖ ਟੀਮਾਂ ਨੇ ਮੋਰਚੇ ਸਾਂਭ ਲਏ। ਪੁਲੀਸ ਨੂੰ ਕਈ ਘੰਟਿਆਂ ਦੀ ਪੜਤਾਲ ਤੋਂ ਬਾਅਦ ਕੁਝ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਲੰਘੀ ਰਾਤ 12 ਵਜੇ ਦੇ ਕਰੀਬ ਚੰਡੀਗੜ੍ਹ ਪੁਲੀਸ ਨੂੰ ਇੱਕ ਈ-ਮੇਲ ਪ੍ਰਾਪਤ ਹੋਈ, ਜਿਸ ਵਿੱਚ ਸੈਕਟਰ 34 ਅਤੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਪਾਸਪੋਰਟ ਦਫ਼ਤਰ ਅਤੇ ਸ਼ਹਿਰ ਵਿਚਲੇ ਡਾਕਖ਼ਾਨਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਪੁਲੀਸ ਨੂੰ ਈ-ਮੇਲ ਬਾਰੇ ਅੱਜ ਸਵੇਰੇ ਪਤਾ ਚੱਲਿਆ ਤਾਂ ਪੁਲੀਸ ਨੇ ਹੋਰਨਾਂ ਸੁਰੱਖਿਆ ਬਲਾਂ ਦੇ ਨਾਲ ਤੁਰੰਤ ਪਹੁੰਚ ਕੇ ਪਾਸਪੋਰਟ ਦਫ਼ਤਰ ਨੂੰ ਖਾਲੀ ਕਰਵਾ ਕੇ ਚਾਰੋਂ ਪਾਸੇ ਤੋਂ ਘੇਰ ਲਿਆ। ਇਸੇ ਤਰ੍ਹਾਂ ਸ਼ਹਿਰ ਦੇ ਵਾਧੂ ਭੀੜ ਵਾਲੇ ਡਾਕਖ਼ਾਨਿਆਂ ਵਿੱਚ ਕੀਤਾ ਗਿਆ। ਪੁਲੀਸ ਨੇ ਦੋ ਤੋਂ ਤਿੰਨ ਘੰਟੇ ਲਗਾਤਾਰ ਪਾਸਪੋਰਟ ਦਫ਼ਤਰ ਵਿੱਚ ਚੈਕਿੰਗ ਕੀਤੀ, ਪਰ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ। ਇਸ ਤੋਂ ਬਾਅਦ ਪੁਲੀਸ ਨੇ ਸਾਰਿਆਂ ਨੂੰ ਪਾਸਪੋਰਟ ਦਫ਼ਤਰ ਵਿੱਚ ਜਾਣ ਦਿੱਤਾ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੱਲੋਂ ਇਹ ਮੇਲ ਭੇਜਣ ਵਾਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਪਹਿਲਾਂ ਵੀ ਕਈ ਵਾਰ ਸਕੂਲਾਂ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਜ਼ਿਲ੍ਹਾ ਅਦਾਲਤੀ ਕੰਪਲੈਕਸ ਅਤੇ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਹਾਲਾਂਕਿ, ਇਹ ਸਾਰੀਆਂ ਧਮਕੀਆਂ ਅਫ਼ਵਾਹ ਸਾਬਤ ਹੋਈਆਂ, ਪਰ ਚੰਡੀਗੜ੍ਹ ਪੁਲੀਸ ਲੋਕਾਂ ਦੀ ਸੁਰੱਖਿਆ ਨਾਲ ਜੁੜੀ ਕਿਸੇ ਵੀ ਗੱਲ ਨੂੰ ਹਲਕੇ ਵਿੱਚ ਲੈਣ ਦੀ ਥਾਂ ਫੌਰੀ ਤੌਰ ’ਤੇ ਜਾਂਚ ਕਰਨ ਲੱਗੀ ਹੋਈ ਹੈ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਈ-ਮੇਲ ਭੇਜਣ ਵਾਲੇ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲੀਸ ਨਾਲ ਅਜਿਹੀ ਸ਼ਰਾਰਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Advertisement

Advertisement
Advertisement
×