ਚੰਡੀਗੜ੍ਹ ਤੇ ਮੁਹਾਲੀ ’ਚ ਕਈ ਇਮਾਰਤਾਂ ਬੰਬ ਨਾਲ ਉਡਾਉਣ ਦੀ ਧਮਕੀ
ਤਿੰਨ ਸਕੂਲਾਂ, ਮੇਅਰ ਦਫ਼ਤਰ ਤੇ ਸਕੱਤਰੇਤ ਨੂੰ ਧਮਕੀ ਮਿਲੀ; ਈ-ਮੇਲ ਵਿੱਚ ਮੁੱਖ ਮੰਤਰੀ ਮਾਨ, ਸੈਣੀ ਤੇ ਡੀ ਜੀ ਪੀ ਦਾ ਨਾਮ ਸ਼ਾਮਲ
ਚੰਡੀਗੜ੍ਹ ਵਿੱਚ ਪਹਿਲੀ ਅਪਰੈਲ ਨੂੰ ਪੰਜਾਬ ਭਾਜਪਾ ਦਫ਼ਤਰ ਅੱਗੇ ਹੋਏ ਗਰਨੇਡ ਹਮਲੇ ਤੋਂ ਬਾਅਦ ਅੱਜ ਟ੍ਰਾਈਸਿਟੀ ਵਿੱਚ ਵੱਖ-ਵੱਖ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ।
ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉੱਧਰ ਟ੍ਰਾਈਸਿਟੀ ਦੀ ਵੱਖ-ਵੱਖ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਦੀ ਪੰਜਾਬ ਤੇ ਚੰਡੀਗੜ੍ਹ ਪੁਲੀਸ ਨੇ ਮੋਰਚੇ ਸਾਂਭ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਈ-ਮੇਲ ਸਵੇਰੇ 8 ਤੋਂ 9 ਵਜੇ ਦੇ ਦਰਮਿਆਨ ਆਈ ਹੈ। ਇਸ ਵਿੱਚ ਚੰਡੀਗੜ੍ਹ ਦੇ ਤਿੰਨ ਸਕੂਲ, ਮੇਅਰ ਦਫ਼ਤਰ ਤੇ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਇਲਾਵਾ ਧਮਕੀ ਭਰੀ ਈ-ਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਦਾ ਨਾਮ ਵੀ ਸ਼ਾਮਲ ਹੈ। ਦੂਜੇ ਪਾਸੇ ਮੁਹਾਲੀ ਜ਼ਿਲ੍ਹੇ ਦੇ ਮੁਹਾਲੀ, ਡੇਰਾਬੱਸੀ ਤੇ ਖਰੜ ਦੇ ਅਦਾਲਤੀ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਇਹ ਈ ਮੇਲ ਭੇਜਣ ਵਾਲੇ ਨੇ ਪਤਾ ਖਾਲਿਸਤਾਨ ਨੈਸ਼ਨਲ ਆਰਮੀ ਦਾ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਈ-ਮੇਲ ਸਵੇਰੇ 9.21 ਮਿੰਟ ’ਤੇ ਪਹੁੰਚੀ ਹੈ। ਇਸ ਵਿੱਚ ਸ਼ਹਿਰ ਦੇ ਤਿੰਨ ਸਕੂਲਾਂ ਨੂੰ ਦੁਪਹਿਰੇ 1.11 ਮਿੰਟ ’ਤੇ, ਮੇਅਰ ਦਫ਼ਤਰ ਨੂੰ 2.11 ਮਿੰਟ ’ਤੇ ਅਤੇ ਸਕੱਤਰੇਤ ਨੂੰ 3.11 ਮਿੰਟ ’ਤੇ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਤਿੰਨਾਂ ਥਾਵਾਂ ’ਤੇ ਬੰਬ ਸਕੁਐਡ ਤੇ ਡਾਗ ਸਕੁਐਡ ਨਾਲ ਸਰਚ ਅਪਰੇਸ਼ਨ ਚਲਾਇਆ ਪਰ ਪੁਲੀਸ ਦੇ ਹੱਥ ਕੁਝ ਨਾ ਲੱਗਿਆ।
ਮੁਹਾਲੀ: ਬੰਬ ਦੀ ਧਮਕੀ ਕਾਰਨ ਅਦਾਲਤਾਂ ਦਾ ਕੰਮ ਠੱਪ ਰਿਹਾ
ਐੱਸ ਏ ਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਮੁਹਾਲੀ ਦੇ ਅਦਾਲਤੀ ਕੰਪਲੈਕਸ ਨੂੰ ਅੱਜ ਈਮੇਲ ਰਾਹੀਂ ਬੰਬ ਨਾਲ ਉਡਾਏ ਜਾਣ ਦੀ ਧਮਕੀ ਤੋਂ ਮਿਲਣ ਮਗਰੋਂ ਤੁਰੰਤ ਹਰਕਤ ਵਿਚ ਆਈ ਪੁਲੀਸ ਨੇ ਸਾਰਾ ਕੰਪਲੈਕਸ ਖਾਲੀ ਕਰਵਾ ਕੇ ਬੰਬ ਨਿਰੋਧਕ ਤੇ ਡਾਗ ਸਕੁਐਡ ਰਾਹੀਂ ਤਲਾਸ਼ੀ ਕੀਤੀ। ਪੁਲੀਸ ਵੱਲੋਂ ਸਾਰਾ ਕੰਪਲੈਕਸ ਖਾਲੀ ਕਰਵਾ ਲਏ ਜਾਣ ਕਾਰਨ ਕਈਂ ਘੰਟੇ ਅਦਾਲਤਾਂ ਦਾ ਕੰਮ ਠੱਪ ਰਿਹਾ ਹੈ, ਜ਼ਿਆਦਾਤਰ ਮਾਮਲਿਆਂ ਦੀ ਸੁਣਵਾਈ ਅੱਗੇ ਪੈ ਗਈ। ਮੁਹਾਲੀ ਦੇ ਐੱਸ ਪੀ ਸਿਟੀ ਦਿਲਪ੍ਰੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਪੁਲੀਸ ਵੱਲੋਂ ਹਰ ਤਰ੍ਹਾਂ ਦੇ ਦਸਤੇ ਬੁਲਾ ਕੇ ਪੂਰੀ ਬਾਰੀਕੀ ਨਾਲ ਸਾਰੇ ਕੰਪਲੈਕਸ ਦੀ ਤਲਾਸ਼ੀ ਲਈ ਗਈ ਹੈ ਪਰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਈ ਮੇਲ ਭੇਜਣ ਵਾਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।
ਖਰੜ (ਸ਼ਸ਼ੀ ਪਾਲ ਜੈਨ): ਖਰੜ ’ਚ ਕੋਰਟ ਕੰਪਲੈਕਸ ਨੂੰ ਬੰਬ ਦੀ ਧਮਕੀ ਵਾਲੀ ਮਿਲਣ ਮਗਰੋਂ ਪੁਲੀਸ ਨੇ ਖਰੜ ਦੀਆਂ ਅਦਾਲਤਾਂ ਦੀ ਤਲਾਸ਼ੀ ਕੀਤੀ। ਖਰੜ ਦੇ ਡੀ ਐੱਸ ਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਸਭ ਕੁਝ ਠੀਕ ਹੈ। ਪੁਲੀਸ ਦਾ ਸਾਈਬਰ ਸੈੱਲ ਮਾਮਲੇ ਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਸੀਨੀਅਰ ਐਡਵੋਕੇਟ ਸੁਸ਼ਾਂਤ ਕੌਸਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ 3 ਮਹੀਨੇ ਪਹਿਲਾਂ ਵੀ ਅਜਿਹੀ ਧਮਕੀ ਆਈ ਸੀ ਪਰ ਇਥੇ ਨਾ ਤਾਂ ਸੀ ਸੀ ਟੀ ਵੀ ਕੈਮਰੇ ਲੱਗੇ ਹਨ ਅਤੇ ਨਾ ਹੀ ਮੈਟਲ ਡਿਟੈਕਟਰ ਕੰਮ ਕਰ ਰਹੇ ਹਨ। ਉਨਾਂ ਮੰਗ ਕੀਤੀ ਕਿ ਸੁਰੱਖਿਆ ਲਈ ਇਥੇ 24 ਘੰਟੇ ਪੁਲੀਸ ਪਹਿਰਾ ਲਾਇਆ ਜਾਵੇ।

