ਪ੍ਰਦੂਸ਼ਣ ਫੈਲਾਉਣ ਵ਼ਾਲਿਆਂ ਨੂੰ ਲੱਗੇਗਾ ਜੁਰਮਾਨਾ
300 ਵਰਗ ਮੀਟਰ ਤੋਂ ਵੱਧ ਮਿੱਟੀ ਵਾਲੀਆਂ ਖੁੱਲ੍ਹੀ ਥਾਵਾਂ ਚੁਫੇਰਿਓ ਢੱਕਣ ਦੇ ਨਿਰਦੇਸ਼; 15 ਫਰਵਰੀ ਤੱਕ ਜੁਰਮਾਨੇ ਦੀ ਰਾਸ਼ੀ ਕੀਤੀ ਜਾਵੇਗੀ ਦੁੱਗਣੀ
ਸਿਟੀ ਬਿਊਟੀਫੁੱਲ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ 5 ਹਜ਼ਾਰ ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਇਹ ਫੈਸਲਾ ਅੱਜ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ ਪੀ ਸੀ ਸੀ) ਦੀ 75ਵੀਂ ਮੀਟਿੰਗ ਦੌਰਾਨ ਲਿਆ ਗਿਆ ਹੈ। ਮੀਟਿੰਗ ਦੌਰਾਨ ਸ਼ਹਿਰ ਵਿੱਚ ਪ੍ਰਦੂਸ਼ਣ ’ਤੇ ਠੱਲ ਪਾਉਣ ਬਾਰੇ ਵਿਚਾਰ-ਚਰਚਾ ਕੀਤੀ ਗਈ। ਕਮੇਟੀ ਨੇ ਫ਼ੈਸਲਾ ਕੀਤਾ ਕਿ ਸ਼ਹਿਰ ਵਿੱਚ 300 ਵਰਗ ਮੀਟਰ ਤੋਂ ਵੱਧ ਥਾਂ ’ਤੇ ਖੁੱਲ੍ਹੇ ਵਿੱਚ ਮਿੱਟੀ ਸੁੱਟਣ ਅਤੇ ਮਿੱਟੀ ਪੈਦਾ ਕਰਨ ਵਾਲੀਆਂ ਥਾਵਾਂ ਨੂੰ ਚਾਰੋਂ ਪਾਸੇ ਤੋਂ ਢੱਕਣਾ ਜ਼ਰੂਰੀ ਹੋਵੇਗਾ, ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਮੇਟੀ ਮੈਂਬਰਾ ਨੇ ਫੈਸਲਾ ਕੀਤਾ ਕਿ 15 ਫਰਵਰੀ ਤੱਕ ਅਜਿਹਾ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਸ਼ਹਿਰ ਵਿੱਚ ਕੂੜਾ ਸੁੱਟਣ ਅਤੇ ਹੋਰ ਵੱਖ-ਵੱਖ ਤਰ੍ਹਾਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਕਰਨ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ ਹੈ। ਕਮੇਟੀ ਨੇ ਫ਼ੈਸਲਾ ਕੀਤਾ ਕਿ ਸ਼ਹਿਰ ਵਿੱਚ ਈ-ਵੇਸਟ ਪ੍ਰਬੰਧਨ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ, ਜਿਸ ਨਾਲ ਹਰੇਕ ਨਾਗਰਿਕ ਵੱਲੋਂ ਸੁੱਟੇ ਜਾਣ ਵਾਲੇ ਕੂੜੇ ਨੂੰ ਸਹੀ ਢੰਗ ਨਾਲ ਨਸ਼ਟ ਕਰਨ ਬਾਰੇ ਧਿਆਨ ਕੇਂਦਰਿਤ ਕੀਤਾ ਜਾ ਸਕੇਗਾ। ਕਮੇਟੀ ਵੱਲੋਂ ਕੂੜਾ ਚੁੱਕਣ ਵਾਲਿਆਂ ਨੂੰ ਸ਼ਹਿਰ ਵਿੱਚ ਚੰਗੀ ਤਰ੍ਹਾਂ ਕੰਮ ਕਰਨ ਅਤੇ ਘਰ-ਘਰ ਜਾ ਕੇ ਲੋਕਾਂ ਦਾ ਸਹੀ ਢੰਗ ਨਾਲ ਕੂੜਾ ਇਕੱਠਾ ਕਰਨ ਦੇ ਨਿਰਦੇਸ਼ ਦਿੱਤੇ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿੱਚ ਨੇਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।
ਸ਼ਹਿਰ ਵਿੱਚ ਸਪਰੇਅ ਵਾਲਾ ਪੇਂਟ ਕਰਨ ’ਤੇ ਪਾਬੰਦੀ
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ ਪੀ ਸੀ ਸੀ) ਨੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ’ਤੇ ਠੱਲ ਪਾਉਣ ਲਈ ਸਪਰੇਅ ਵਾਲੇ ਪੇਂਟ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ। ਕਮੇਟੀ ਦੇ ਮੈਂਬਰ ਨੇ ਕਿਹਾ ਕਿ ਸਪਰੇਅ ਵਾਲੇ ਪੇਂਟ ਦੀ ਵਰਤੋਂ ਨਾਲ ਹਵਾ ਪ੍ਰਦੂਸ਼ਣ ਦੀ ਮਾਤਰਾ ਵਿੱਚ ਵਾਧਾ ਦਰਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਸਪਰੇਅ ਵਾਲੇ ਪੇਂਟ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
